
Rahul Gandhi News: ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੱਦਾਖ ਦੀ ਆਵਾਜ਼ ਸੁਣਨੀ ਹੋਵੇਗੀ।
Rahul Gandhi News: 1 ਅਕਤੂਬਰ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕਿਹਾ ਕਿ ਵਾਤਾਵਰਣ ਕਾਰਕੁਨ ਸੋਨਮ ਵਾਂਗਚੁਕ ਅਤੇ ਹੋਰ ਲੱਦਾਖ ਵਾਸੀਆਂ ਦੀ ਨਜ਼ਰਬੰਦੀ ‘ਅਸਵੀਕਾਰਨਯੋਗ’ ਹੈ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੱਦਾਖ ਦੀ ਆਵਾਜ਼ ਸੁਣਨੀ ਹੋਵੇਗੀ।
ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਛੇਵੀਂ ਅਨੁਸੂਚੀ ਵਿਚ ਸ਼ਾਮਲ ਕਰਨ ਦੀ ਮੰਗ ਨੂੰ ਲੈ ਕੇ ਰਾਸ਼ਟਰੀ ਰਾਜਧਾਨੀ ਤੱਕ ਮਾਰਚ ਕਰਨ ਵਾਲੇ ਵਾਂਗਚੁਕ ਸਮੇਤ ਲੱਦਾਖ ਦੇ ਲਗਭਗ 120 ਲੋਕਾਂ ਨੂੰ ਦਿੱਲੀ ਪੁਲਿਸ ਨੇ ਰਾਸ਼ਟਰੀ ਰਾਜਧਾਨੀ ਦੀ ਸਰਹੱਦ 'ਤੇ ਹਿਰਾਸਤ ਵਿਚ ਲੈ ਲਿਆ।
ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਲਿਖਿਆ, "ਵਾਤਾਵਰਣ ਅਤੇ ਸੰਵਿਧਾਨਕ ਅਧਿਕਾਰਾਂ ਲਈ ਸ਼ਾਂਤੀਪੂਰਵਕ ਮਾਰਚ ਕਰ ਰਹੇ ਸੋਨਮ ਵਾਂਗਚੁਕ ਜੀ ਅਤੇ ਲੱਦਾਖ ਦੇ ਸੈਂਕੜੇ ਲੋਕਾਂ ਦੀ ਨਜ਼ਰਬੰਦੀ ਅਸਵੀਕਾਰਨਯੋਗ ਹੈ।"
ਸਾਬਕਾ ਕਾਂਗਰਸ ਪ੍ਰਧਾਨ ਨੇ ਇਹ ਵੀ ਪੁੱਛਿਆ ਕਿ ਲੱਦਾਖ ਦੇ ਭਵਿੱਖ ਲਈ ਆਵਾਜ਼ ਉਠਾਉਣ ਵਾਲੇ ਬਜ਼ੁਰਗ ਨਾਗਰਿਕਾਂ ਨੂੰ ਦਿੱਲੀ ਸਰਹੱਦ 'ਤੇ ਕਿਉਂ ਨਜ਼ਰਬੰਦ ਕੀਤਾ ਗਿਆ।
ਗਾਂਧੀ ਨੇ ਕਿਹਾ, ''ਮੋਦੀ ਜੀ, ਕਿਸਾਨਾਂ ਦੇ ਮਾਮਲੇ ਦੀ ਤਰ੍ਹਾਂ ਇਹ ਚੱਕਰਵਿਊ ਵੀ ਟੁੱਟ ਜਾਵੇਗਾ ਅਤੇ ਤੁਹਾਡੀ ਹਉਮੈ ਵੀ ਟੁੱਟ ਜਾਵੇਗੀ। ਤੁਹਾਨੂੰ ਲੱਦਾਖ ਦੀ ਆਵਾਜ਼ ਸੁਣਨੀ ਪਵੇਗੀ।"
ਹਿਰਾਸਤ ਵਿਚ ਲਏ ਜਾਣ ਨਾਲ ਕੁੱਝ ਸਮਾਂ ਪਹਿਲਾਂ ਇੰਸਟਾਗ੍ਰਾਮ 'ਤੇ ਇਕ ਪੋਸਟ ਵਿਚ, ਵਾਂਗਚੁਕ ਨੇ ਦਿੱਲੀ ਦੀ ਸਰਹੱਦ ਤੋਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ, ਜਿੱਥੇ ਭਾਰੀ ਪੁਲਿਸ ਮੌਜੂਦਗੀ ਵਿਚ ਉਨ੍ਹਾਂ ਦੀਆਂ ਬੱਸਾਂ ਨੂੰ ਰੋਕਿਆ ਗਿਆ ਸੀ।
ਵੀਡੀਓ ਵਿੱਚ ਵਾਤਾਵਰਣ ਕਾਰਕੁਨ ਪੁਲਿਸ ਅਧਿਕਾਰੀਆਂ ਨਾਲ ਗੱਲ ਕਰਦੇ ਹੋਏ ਦੇਖੇ ਜਾ ਸਕਦੇ ਹਨ।
ਆਪਣੀ ਪੋਸਟ ਵਿੱਚ ਵਾਂਗਚੁਕ ਨੇ ਕਿਹਾ ਕਿ ਦਿੱਲੀ ਪੁਲਿਸ ਅਤੇ ਹਰਿਆਣਾ ਪੁਲਿਸ ਦੀਆਂ ਕਈ ਗੱਡੀਆਂ ਉਨ੍ਹਾਂ ਦੀਆਂ ਬੱਸਾਂ ਦੇ ਨਾਲ ਜਾ ਰਹੀਆਂ ਸਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਸ਼ੁਰੂ ਵਿੱਚ ਸੋਚਿਆ ਕਿ ਇਹ ਬੱਸਾਂ ਉਸ ਦੀ ਸੁਰੱਖਿਆ ਲਈ ਉਸ ਦਾ ਪਿੱਛਾ ਕਰ ਰਹੀਆਂ ਹਨ ਜਦੋਂ ਉਹ ਰਾਸ਼ਟਰੀ ਰਾਜਧਾਨੀ ਦੇ ਨੇੜੇ ਪਹੁੰਚਿਆ, ਪਰ ਬਾਅਦ ਵਿੱਚ ਇਹ ਸਪੱਸ਼ਟ ਹੋ ਗਿਆ ਕਿ ਉਸ ਨੂੰ ਹਿਰਾਸਤ ਵਿੱਚ ਲਿਆ ਜਾਵੇਗਾ।
ਵਾਂਗਚੁਕ ਨੇ ਕਿਹਾ, "ਜਿਵੇਂ ਕਿ ਅਸੀਂ ਦਿੱਲੀ ਦੇ ਨੇੜੇ ਆ ਰਹੇ ਹਾਂ, ਅਜਿਹਾ ਲੱਗਦਾ ਹੈ ਕਿ ਸਾਨੂੰ ਸੁਰੱਖਿਆ ਨਹੀਂ ਦਿੱਤੀ ਜਾ ਰਹੀ ਹੈ, ਪਰ ਸਾਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ।"
ਉਨ੍ਹਾਂ ਕਿਹਾ ਕਿ ਦਿੱਲੀ ਦੀ ਸਰਹੱਦ 'ਤੇ ਲਗਭਗ 1,000 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਅਤੇ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਦਿੱਲੀ ਦੇ ਲੱਦਾਖ ਭਵਨ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਵਿਦਿਆਰਥੀ ਰਹਿੰਦੇ ਖੇਤਰਾਂ ਵਿੱਚ ਭਾਰੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਉਹ ਨਹੀਂ ਚਾਹੁੰਦੇ ਕਿ ਇਹ ਮਾਰਚ ਹੋਵੇ।
ਮਾਰਚ ਦਾ ਆਯੋਜਨ 'ਲੇਹ ਐਪੈਕਸ ਬਾਡੀ' ਵਲੋਂ ਕੀਤਾ ਗਿਆ, ਜੋ ਕਾਰਗਿਲ 'ਕਾਰਗਿਲ ਡੈਮੋਕਰੇਟਿਕ ਅਲਾਇੰਸ' ਦੇ ਨਾਲ ਮਿਲ ਕੇ ਪਿਛਲੇ ਚਾਰ ਸਾਲ ਤੋਂ ਲੱਦਾਖ ਦੇ ਨਾਲ ਰਾਜ ਦਾ ਦਰਜਾ, ਸੰਵਿਧਾਨ ਦੀ ਛੇਵੀਂ ਅਨੁਸੂਚੀ ਵਿਚ ਇਸ ਨੂੰ ਸ਼ਾਮਲ ਕਰਨਾ, ਲੱਦਾਖ ਲਈ ਲੋਕ ਸੇਵਾ ਕਮਿਸ਼ਨ ਨਾਲ ਤੇਜ਼ੀ ਨਾਲ ਭਰਤੀ ਪ੍ਰਕਿਰਿਆ ਅਤੇ ਲੇਹ ਅਤੇ ਕਾਰਗਿਲ ਜ਼ਿਲ੍ਹਿਆਂ ਲਈ ਵੱਖਰੀਆਂ ਲੋਕ ਸਭਾ ਸੀਟਾਂ ਦੀ ਮੰਗ ਕਰਨ ਵਾਲੇ ਅੰਦੋਲਨ ਦੀ ਅਗਵਾਈ ਕਰ ਰਹੀ ਹੈ।
ਦਿੱਲੀ ਪੁਲਿਸ ਨੇ ਸੋਮਵਾਰ ਨੂੰ ਕਈ ਸੰਗਠਨਾਂ ਦੇ ਵਿਰੋਧ ਪ੍ਰਦਰਸ਼ਨਾਂ ਸਮੇਤ ਕਾਨੂੰਨ ਅਤੇ ਵਿਵਸਥਾ ਦੇ ਮੁੱਦਿਆਂ ਦਾ ਹਵਾਲਾ ਦਿੰਦੇ ਹੋਏ ਅਗਲੇ ਛੇ ਦਿਨਾਂ ਲਈ ਕੇਂਦਰੀ ਹਿੱਸੇ ਅਤੇ ਸਰਹੱਦੀ ਖੇਤਰਾਂ ਵਿੱਚ ਪੰਜ ਜਾਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ, ਬੈਨਰ, ਪਲੇਕਾਰਡ ਅਤੇ ਹਥਿਆਰ ਲੈ ਕੇ ਪ੍ਰਦਰਸ਼ਨ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ।