
ਇਹ ਜਾਣਕਾਰੀ ਚੋਣ ਕਮਿਸ਼ਨ (ਈ.ਸੀ.) ਵਲੋਂ ਜਾਰੀ ਅੰਕੜਿਆਂ ਤੋਂ ਮਿਲੀ
Jammu and Kashmir Elections 2024 : ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਤੀਜੇ ਅਤੇ ਆਖਰੀ ਪੜਾਅ ’ਚ ਮੰਗਲਵਾਰ ਸ਼ਾਮ 5 ਵਜੇ ਤਕ 65.48 ਫੀ ਸਦੀ ਵੋਟਿੰਗ ਹੋਈ। ਇਹ ਜਾਣਕਾਰੀ ਚੋਣ ਕਮਿਸ਼ਨ (ਈ.ਸੀ.) ਵਲੋਂ ਜਾਰੀ ਅੰਕੜਿਆਂ ਤੋਂ ਮਿਲੀ।
ਜੰਮੂ-ਕਸ਼ਮੀਰ ਦੇ ਸੱਤ ਜ਼ਿਲ੍ਹਿਆਂ ਦੀਆਂ 40 ਵਿਧਾਨ ਸਭਾ ਸੀਟਾਂ ’ਤੇ ਚੋਣਾਂ ਦੇ ਇਸ ਪੜਾਅ ’ਚ ਸਵੇਰੇ 7 ਵਜੇ ਸਖਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਪੋਲਿੰਗ ਸਟੇਸ਼ਨਾਂ ਦੇ ਬਾਹਰ ਲੰਬੀਆਂ ਕਤਾਰਾਂ ਵੇਖਣ ਨੂੰ ਮਿਲੀਆਂ। 2019 ’ਚ ਧਾਰਾ 370 ਹਟਾਏ ਜਾਣ ਤੋਂ ਬਾਅਦ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ।
39.18 ਲੱਖ ਤੋਂ ਵੱਧ ਵੋਟਰ 415 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਇਨ੍ਹਾਂ ਉਮੀਦਵਾਰਾਂ ’ਚ ਦੋ ਸਾਬਕਾ ਉਪ ਮੁੱਖ ਮੰਤਰੀ ਤਾਰਾ ਚੰਦ ਅਤੇ ਮੁਜ਼ੱਫਰਬੇਗ ਸ਼ਾਮਲ ਹਨ। ਅਧਿਕਾਰੀਆਂ ਨੇ ਦਸਿਆ ਕਿ ਸਾਰੇ ਇਲਾਕਿਆਂ ’ਚ ਵੋਟਿੰਗ ਸ਼ਾਂਤੀਪੂਰਨ ਢੰਗ ਨਾਲ ਚੱਲ ਰਹੀ ਹੈ ਅਤੇ ਕਿਤੇ ਵੀ ਕਿਸੇ ਅਣਸੁਖਾਵੀਂ ਘਟਨਾ ਦੀ ਖ਼ਬਰ ਨਹੀਂ ਹੈ।
ਚੋਣ ਕਮਿਸ਼ਨ ਨੇ ਦਸਿਆ ਕਿ ਸ਼ਾਮ 5 ਵਜੇ ਤਕ 65.48 ਫੀ ਸਦੀ ਵੋਟਿੰਗ ਹੋਈ। ਵੋਟਿੰਗ ਸ਼ਾਮ 6 ਵਜੇ ਖਤਮ ਹੋਵੇਗੀ। ਊਧਮਪਰ ’ਚ ਸਭ ਤੋਂ ਜ਼ਿਆਦਾ 72.91 ਫ਼ੀਸਦੀ ਵੋਟਾਂ ਪਈਆਂ। ਇਸ ਤੋਂ ਬਾਅਦ ਸਾਂਬਾ ’ਚ 72.41 ਫੀ ਸਦੀ, ਕਠੂਆ ’ਚ 70.53 ਫੀ ਸਦੀ, ਜੰਮੂ ’ਚ 66.79 ਫੀ ਸਦੀ, ਬਾਂਦੀਪੋਰਾ ’ਚ 63.33 ਫੀ ਸਦੀ, ਕੁਪਵਾੜਾ ’ਚ 62.76 ਫੀ ਸਦੀ ਅਤੇ ਬਾਰਾਮੂਲਾ ’ਚ 55.73 ਫੀ ਸਦੀ ਵੋਟਿੰਗ ਹੋਈ।
ਜੰਮੂ ਜ਼ਿਲ੍ਹੇ ਦੇ ਛੰਬ ’ਚ ਪਹਿਲੇ 10 ਘੰਟਿਆਂ ’ਚ 77.35 ਫੀ ਸਦੀ ਵੋਟਿੰਗ ਹੋਈ। ਕਦੇ ਅਤਿਵਾਦੀਆਂ ਅਤੇ ਵੱਖਵਾਦੀਆਂ ਦਾ ਗੜ੍ਹ ਰਹੇ ਸੋਪੋਰ ਹਲਕੇ ’ਚ ਸੱਭ ਤੋਂ ਘੱਟ 41.44 ਫੀ ਸਦੀ ਵੋਟਿੰਗ ਦਰਜ ਕੀਤੀ ਗਈ।
ਪਛਮੀ ਪਾਕਿਸਤਾਨ ਦੇ ਸ਼ਰਨਾਰਥੀਆਂ ਦੇ ਵਾਲਮੀਕਿ ਸਮਾਜ ਅਤੇ ਗੋਰਖਾ ਭਾਈਚਾਰੇ ਦੇ ਮੈਂਬਰ ਵੋਟ ਪਾਉਣ ਲਈ ਸਵੇਰੇ ਪੋਲਿੰਗ ਸਟੇਸ਼ਨਾਂ ’ਤੇ ਪਹੁੰਚੇ। ਇਸ ਤੋਂ ਪਹਿਲਾਂ ਉਹ ਕ੍ਰਮਵਾਰ 2019 ਅਤੇ 2020 ’ਚ ਬਲਾਕ ਵਿਕਾਸ ਪ੍ਰੀਸ਼ਦ ਅਤੇ ਜ਼ਿਲ੍ਹਾ ਵਿਕਾਸ ਪ੍ਰੀਸ਼ਦ ਚੋਣਾਂ ’ਚ ਵੋਟ ਪਾ ਚੁਕੇ ਹਨ।
ਚੋਣਾਂ ਦੌਰਾਨ ਸੁਰੱਖਿਅਤ ਮਾਹੌਲ ਯਕੀਨੀ ਬਣਾਉਣ ਲਈ ਅਰਧ ਸੈਨਿਕ ਬਲਾਂ ਅਤੇ ਹਥਿਆਰਬੰਦ ਪੁਲਿਸ ਬਲਾਂ ਸਮੇਤ ਸੁਰੱਖਿਆ ਬਲਾਂ ਦੀਆਂ 400 ਤੋਂ ਵੱਧ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ।
ਪਹਿਲੇ ਪੜਾਅ ਦੀ ਵੋਟਿੰਗ 18 ਸਤੰਬਰ ਨੂੰ ਹੋਈ ਸੀ ਅਤੇ ਦੂਜੇ ਪੜਾਅ ਦੀ ਵੋਟਿੰਗ 25 ਸਤੰਬਰ ਨੂੰ 57.31 ਫੀ ਸਦੀ ਹੋਈ ਸੀ। ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਵੇਗੀ।