
ਦਿੱਲੀ ਪੁਲਿਸ ਨੇ ‘ਦਿ ਵਾਇਰ’ ਦੇ ਸੰਸਥਾਪਕ ਸੰਪਾਦਕ ਸਿਧਾਰਥ ਵਰਦਰਾਜਨ ਅਤੇ ਡਿਪਟੀ ਸੰਪਾਦਕ ਐਮਕੇ ਵੇਨੂ ਦੇ ਘਰ ਸੋਮਵਾਰ ਨੂੰ ਜਾ ਕੇ ਤਲਾਸ਼ੀ ਲਈ।
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਸੂਚਨਾ ਤਕਨਾਲੋਜੀ ਵਿਭਾਗ ਦੇ ਮੁਖੀ ਅਮਿਤ ਮਾਲਵੀਆ ਨਾਲ ਸਬੰਧਤ ਖਬਰਾਂ ਦੇ ਸਬੰਧ ਵਿਚ ਦਿੱਲੀ ਪੁਲਿਸ ਨੇ ‘ਦਿ ਵਾਇਰ’ ਦੇ ਸੰਸਥਾਪਕ ਸੰਪਾਦਕ ਸਿਧਾਰਥ ਵਰਦਰਾਜਨ ਅਤੇ ਡਿਪਟੀ ਸੰਪਾਦਕ ਐਮਕੇ ਵੇਨੂ ਦੇ ਘਰ ਸੋਮਵਾਰ ਨੂੰ ਜਾ ਕੇ ਤਲਾਸ਼ੀ ਲਈ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਮਾਲਵੀਆ ਨਾਲ ਜੁੜੀਆਂ ਖ਼ਬਰਾਂ ਨੂੰ ਵਾਪਸ ਲੈ ਲਿਆ ਗਿਆ ਹੈ।
ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨਿਊਜ਼ ਪੋਰਟਲ ਦੇ ਦਫ਼ਤਰ ਦੀ ਵੀ ਤਲਾਸ਼ੀ ਲਈ ਗਈ ਹੈ ਅਤੇ ਜਾਂਚ ਨਾਲ ਸਬੰਧਤ ਸਾਰੇ ਇਲੈਕਟ੍ਰੌਨਿਕ ਉਪਕਰਨ ਜ਼ਬਤ ਕਰ ਲਏ ਗਏ ਹਨ। ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ 'ਚ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਪੁਲਿਸ ਨੇ ਸ਼ਨੀਵਾਰ ਨੂੰ ਮਾਲਵੀਆ ਦੀ ਸ਼ਿਕਾਇਤ 'ਤੇ ਨਿਊਜ਼ ਪੋਰਟਲ ਅਤੇ ਇਸ ਦੇ ਸੰਪਾਦਕਾਂ ਖਿਲਾਫ ਐਫਆਈਆਰ ਦਰਜ ਕੀਤੀ ਸੀ, ਜਿਸ ਵਿਚ ਨਿਊਜ਼ ਪੋਰਟਲ 'ਤੇ "ਧੋਖਾਧੜੀ ਅਤੇ ਜਾਅਲਸਾਜ਼ੀ" ਅਤੇ (ਮਾਲਵੀਆ) ਦੇ ਅਕਸ ਨੂੰ ਖ਼ਰਾਬ ਕਰਨ ਦਾ ਦੋਸ਼ ਲਗਾਇਆ ਗਿਆ ਸੀ।
ਇਸ ਦੌਰਾਨ ਸਿਧਾਰਥ ਦੇ ਭਰਾ ਟਿੰਕੂ ਵਰਦਰਾਜਨ ਨੇ ਟਵੀਟ ਕੀਤਾ, ''ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਮੇਰੇ ਭਰਾ ਸਿਧਾਰਥ ਵਰਦਰਾਜਨ ਦੇ ਘਰ ਦੀ ਤਲਾਸ਼ੀ ਲਈ ਅਤੇ ਉਸ ਦਾ ਫੋਨ ਅਤੇ ਲੈਪਟਾਪ ਜ਼ਬਤ ਕੀਤਾ। ਜਦੋਂ ਉਹਨਾਂ ਦੇ ਪ੍ਰਕਾਸ਼ਨਾਂ ਨੇ ਕਸੂਰ ਮੰਨਿਆ ਹੈ ਤਾਂ ਇਹਨਾਂ ਨੂੰ ਜ਼ਬਤ ਕਿਉਂ ਕੀਤਾ ਗਿਆ? ਇਹ ਜ਼ਬਤੀ ਜਮਹੂਰੀਅਤ ਦੇ ਉਲਟ ਹੈ। ਭਾਰਤੀਆਂ ਨੂੰ ਆਪਣੀ ਆਵਾਜ਼ ਜ਼ੋਰਦਾਰ ਢੰਗ ਨਾਲ ਉਠਾਉਣੀ ਚਾਹੀਦੀ ਹੈ।''
ਮਾਲਵੀਆ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਉਹ 'ਦਿ ਵਾਇਰ' ਦੀਆਂ ਰਿਪੋਰਟਾਂ (ਜੋ ਹੁਣ ਵਾਪਸ ਲੈ ਲਈਆਂ ਗਈਆਂ ਹਨ) 'ਤੇ ਪੋਰਟਲ ਵਿਰੁੱਧ ਸਿਵਲ ਅਤੇ ਅਪਰਾਧਿਕ ਮਾਮਲਿਆਂ ਦੀ ਪੈਰਵੀ ਕਰਨਗੇ। ਪੋਰਟਲ ਨੇ ਕਥਿਤ ਤੌਰ 'ਤੇ ਆਪਣੀਆਂ ਰਿਪੋਰਟਾਂ ਵਿਚ ਕਿਹਾ ਸੀ ਕਿ ਭਾਜਪਾ ਨੇਤਾ ਨੂੰ ਮੈਟਾ ਪਲੇਟਫਾਰਮ 'ਤੇ ਇਕ ਵਿਸ਼ੇਸ਼ ਸਹੂਲਤ ਹੈ ਅਤੇ ਉਹ ਭਾਜਪਾ ਦੇ ਹਿੱਤਾਂ ਦੇ ਵਿਰੁੱਧ ਸਮਝੀ ਗਈ ਕੋਈ ਵੀ ਪੋਸਟ ਹਟਵਾ ਸਕਦੇ ਹਨ।
ਮਾਲਵੀਆ ਨੇ ਆਪਣੀ ਸ਼ਿਕਾਇਤ ਦਿੱਲੀ ਪੁਲਿਸ ਦੇ ਵਿਸ਼ੇਸ਼ ਕਮਿਸ਼ਨਰ (ਅਪਰਾਧ) ਨੂੰ ਦਿੱਤੀ ਸੀ। ਨਿਊਜ਼ ਪੋਰਟਲ 'ਦਿ ਵਾਇਰ' ਨੇ ਭਾਜਪਾ ਦੇ ਸੂਚਨਾ ਅਤੇ ਤਕਨਾਲੋਜੀ ਵਿਭਾਗ ਦੇ ਮੁਖੀ ਅਮਿਤ ਮਾਲਵੀਆ ਨਾਲ ਜੁੜੀ ਇਕ ਖਬਰ ਦੇ ਸਬੰਧ 'ਚ ਆਪਣੇ ਸਾਬਕਾ ਸਲਾਹਕਾਰ ਦੇਵੇਸ਼ ਕੁਮਾਰ ਖਿਲਾਫ ਪੁਲਿਸ ਸ਼ਿਕਾਇਤ ਦਰਜ ਕਰਵਾਈ ਹੈ।