ਖੱਟਰ ਨੇ ਕਿਹਾ ਕਿ ਮੈਂ ਕਹਿ ਰਿਹਾ ਹਾਂ ਕਿ ਇਹ ਦੇਖਣਾ ਕਾਨੂੰਨ ਦਾ ਕੰਮ ਹੈ। ਉਹਨਾਂ ਕਿਹਾ ਕਿ ਪੈਰੋਲ 'ਤੇ ਰਿਹਾਅ ਹੋਏ ਲੋਕਾਂ ਨੇ ਸਿਆਸੀ ਰੈਲੀਆਂ ਵੀ ਕੀਤੀਆਂ ਹਨ।
ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸੌਦਾ ਸਾਧ ਨੂੰ ਮਿਲੀ ਪੈਰੋਲ ਵਿਚ ਕਿਸੇ ਵੀ ਭੂਮਿਕਾ ਤੋਂ ਸਾਫ਼ ਇਨਕਾਰ ਕਰਦਿਆਂ ਕਿਹਾ ਕਿ ਇਹ ਕਾਨੂੰਨ ਨੇ ਤੈਅ ਕਰਨਾ ਹੈ ਕਿ ਪੈਰੋਲ ਦੌਰਾਨ ਕੌਣ ਕੀ ਕਰ ਸਕਦਾ ਹੈ ਜਾਂ ਕੀ ਨਹੀਂ। ਇਸ ਨਾਲ ਸਰਕਾਰ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਉਹਨਾਂ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਇਤਰਾਜ਼ ਹੈ ਤਾਂ ਅਦਾਲਤ ਜਾਓ। ਕੋਈ ਭਾਸ਼ਣ ਦਿੰਦਾ ਹੈ ਅਤੇ ਕੁਝ ਸੁਣਦਾ ਹੈ, ਇਹ ਉਹਨਾਂ ਦਾ ਨਿੱਜੀ ਮਸਲਾ ਹੈ।
ਖੱਟਰ ਨੇ ਕਿਹਾ ਕਿ ਮੈਂ ਕਹਿ ਰਿਹਾ ਹਾਂ ਕਿ ਇਹ ਦੇਖਣਾ ਕਾਨੂੰਨ ਦਾ ਕੰਮ ਹੈ। ਉਹਨਾਂ ਕਿਹਾ ਕਿ ਪੈਰੋਲ 'ਤੇ ਰਿਹਾਅ ਹੋਏ ਲੋਕਾਂ ਨੇ ਸਿਆਸੀ ਰੈਲੀਆਂ ਵੀ ਕੀਤੀਆਂ ਹਨ। ਖੱਟਰ ਦਾ ਸਿਆਸੀ ਰੈਲੀ ਦਾ ਇਸ਼ਾਰਾ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਵੱਲ ਸੀ, ਜਿਨ੍ਹਾਂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੈਰੋਲ 'ਤੇ ਰਿਹਾਅ ਹੋਣ ਤੋਂ ਬਾਅਦ ਅਜਿਹਾ ਕੀਤਾ ਸੀ। ਖੱਟਰ ਨੇ ਕਿਹਾ ਕਿ ਉਦੋਂ ਕਿਸੇ ਨੇ ਇਤਰਾਜ਼ ਜਤਾਇਆ ਸੀ?
ਖੱਟਰ ਦਾ ਇਹ ਬਿਆਨ ਪਿਛਲੇ ਹਫਤੇ ਪੈਰੋਲ 'ਤੇ ਰਿਹਾਅ ਹੋਏ ਸੌਦਾ ਸਾਧ ਵੱਲੋਂ ਉੱਤਰ ਪ੍ਰਦੇਸ਼ ਦੇ ਬਰਨਾਵਾ ਸਥਿਤ ਆਪਣੇ ਆਸ਼ਰਮ ਤੋਂ ਆਨਲਾਈਨ ‘ਧਾਰਮਿਕ ਸਮਾਗਮ’ ਦਾ ਆਯੋਜਨ ਕਰਨ ਤੋਂ ਬਾਅਦ ਆਇਆ ਹੈ। ਇਹਨਾਂ ‘ਸਮਾਗਮਾਂ’ ਵਿਚ ਹਰਿਆਣਾ ਦੇ ਕਈ ਭਾਜਪਾ ਆਗੂਆਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ।