
ਕਿਹਾ, ਆਮ ਆਦਮੀ ਪਾਰਟੀ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਹੋਇਆ
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੀ ਆਮ ਆਦਮੀ ਪਾਰਟੀ ਵਲੋਂ ਖੇਤੀ ਕਾਨੂੰਨਾਂ ਨੂੰ ਕਾਹਲੀ ਵਿਚ ਲਾਗੂ ਕਰਨ ਨੂੰ ਸ਼ਰਮਨਾਕ ਕਾਰਾਂ ਕਰਾਰ ਦਿਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਕ ਪਾਸੇ ਆਮ ਆਦਮੀ ਪਾਰਟੀ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਮਾਇਤ ਕਰਨ ਦਾ ਦਾਅਵਾ ਕਰ ਰਹੀ ਹੈ ਜਦੋਂ ਕਿ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਸਰਕਾਰ ਨੇ ਦਿੱਲੀ ਵਿਚ 23 ਨਵੰਬਰ, 2020 ਨੂੰ ਗਜ਼ਟ ਨੋਟੀਫਿਕੇਸ਼ਨ ਜਾਰੀ ਕਰਕੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਲਾਗੂ ਕਰ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪਾਰਟੀ ਸਪੱਸ਼ਟ ਤੌਰ 'ਤੇ ਆਪਣੇ ਚੋਣ ਏਜੰਡੇ ਨੂੰ ਅੱਗੇ ਵਧਾਉਣ ਲਈ ਰਾਜਸੀ ਚਾਲਾਂ ਖੇਡ ਰਹੀ ਹੈ।
Captain Amarinder Singh
ਮੁੱਖ ਮੰਤਰੀ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਇਨ੍ਹਾਂ ਦਿਨਾਂ ਵਿੱਚ ਆਪ ਕਿਸਾਨਾਂ ਦੇ ਹਿੱਤਾਂ ਦੇ ਖਿਲਾਫ ਭੁਗਤ ਰਹੀ ਸੀ। ਉਨ੍ਹਾਂ ਇਸ ਗੱਲ 'ਤੇ ਹੈਰਾਨੀ ਜ਼ਾਹਰ ਕੀਤੀ ਕਿ ਜਦੋਂ ਕਿਸਾਨ 'ਦਿੱਲੀ ਚੱਲੋ' ਦੀ ਤਿਆਰੀ ਕਰ ਰਹੇ ਸਨ ਤਾਂ ਕੇਜਰੀਵਾਲ ਸਰਕਾਰ ਨੇ ਇਸ ਸਮੇਂ ਦੌਰਾਨ ਨੋਟੀਫਿਕੇਸ਼ਨ ਜਾਰੀ ਕਰਕੇ ਕੌਮੀ ਰਾਜਧਾਨੀ ਵਿੱਚ ਅੰਨਦਾਤਾ ਦੀ ਮੌਤ ਦੇ ਵਾਰੰਟਾਂ ਉਤੇ ਦਸਤਖਤ ਕਰ ਦਿੱਤੇ। ਕੈਪਟਨ ਅਮਰਿੰਦਰ ਸਿੰਘ ਨੇ ਆਪ ਉਤੇ ਹਰ ਵੇਲੇ ਕਿਸਾਨ ਯੂਨੀਅਨਾਂ ਦੀ ਹਮਾਇਤ ਦਾ ਖੇਖਣ ਕਰਕੇ ਉਨ੍ਹਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਉਣ ਲਈ ਭੰਡਦੇ ਹੋਏ ਪੁੱਛਿਆ, ''ਕੀ ਤੁਹਾਨੂੰ ਸ਼ਰਮ-ਹਯਾ ਹੈ?''
Arvind Kejriwal
ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਪਾਰਟੀ ਸਿਰਫ ਰਾਜਸੀ ਡਰਾਮੇ ਕਰਨ ਵਿੱਚ ਲੱਗੀ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ''ਪਹਿਲਾਂ ਉਹ ਕੇਂਦਰੀ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਪੰਜਾਬ ਦੀ ਤਰਜ਼ 'ਤੇ ਦਿੱਲੀ ਵਿਧਾਨ ਸਭਾ ਵਿੱਚ ਕੋਈ ਸੋਧ ਬਿੱਲ ਪਾਸ ਕਰਨ ਵਿੱਚ ਫੇਲ੍ਹ ਹੋਏ। ਹੁਣ ਉਹ ਇਸ ਗੱਲ ਉਤੇ ਉਤਰ ਆਏ ਹਨ ਕਿ ਦਿੱਲੀ ਵਿੱਚ ਖੇਤੀਬਾੜੀ ਕਾਨੂੰਨ ਅਧਿਕਾਰਤ ਤੌਰ 'ਤੇ ਨੋਟੀਫਾਈ ਕਰ ਦਿੱਤੇ ਜਿੱਥੇ ਆਪ ਸੱਤਾ ਵਿੱਚ ਹੈ। ਪਾਰਟੀ ਦੀ ਅਸਲ ਨੀਅਤ ਅਤੇ ਵਿਚਾਰਧਾਰਾ ਪਰਦਾਫਾਸ਼ ਹੋ ਗਈ।''
Captain Amarinder Singh
ਆਮ ਆਦਮੀ ਪਾਰਟੀ ਵੱਲੋਂ ਸਥਿਤੀ ਨੂੰ ਸੰਭਾਲਣ ਅਤੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਆੜੇ ਹੱਥੀਂ ਲੈਣ ਬਾਰੇ ਉਨ੍ਹਾਂ ਦੀ ਕੀਤੀ ਆਲਚੋਨਾ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਲੜਾਈ ਲੜਨ ਵਿੱਚ ਜੁਟੇ ਹੋਏ ਹਨ ਜਦੋਂ ਕਿ ਦੂਜੇ ਪਾਸੇ ਕੇਜਰੀਵਾਲ ਕਿਸਾਨਾਂ ਦੀਆਂ ਜੜ੍ਹਾਂ ਵਿੱਚ ਤੇਲ ਦੇਣ ਦੀ ਤਿਆਰੀਆ ਕਰ ਰਿਹਾ ਹੈ ਜਿਨ੍ਹਾਂ ਨੇ ਆਪਣੇ ਲਈ ਇਨਸਾਫ ਲੈਣ ਖਾਤਰ ਲਈ ਹਰਿਆਣਾ ਸਰਕਾਰ ਦੀਆਂ ਸਾਰੀਆਂ ਜ਼ਿਆਦਤੀਆਂ ਦਾ ਬਹਾਦਰੀ ਨਾਲ ਸਾਹਮਣਾ ਕੀਤਾ। ਉਨ੍ਹਾਂ ਕਿਹਾ, ''ਕਿਸਾਨਾਂ ਉਪਰ ਢਾਹੇ ਗਏ ਜੁਲਮ ਦੀ ਆਪ ਨੇ ਇਕ ਵਾਰ ਵੀ ਨਿਖੇਧੀ ਨਹੀਂ ਕੀਤੀ।'' ਉਨ੍ਹਾਂ ਅੱਗੇ ਕਿਹਾ ਕਿ ਇੱਥੋਂ ਤੱਕ ਕਿ ਅਰਵਿੰਦ ਕੇਜਰੀਵਾਲ ਦੀ ਪਾਰਟੀ ਨੇ ਖੇਤੀ ਆਰਡੀਨੈਂਸਾਂ ਦੇ ਕਾਨੂੰਨਾਂ ਵਿੱਚ ਅਕਾਲੀਆਂ ਦੀ ਭੂਮਿਕਾ ਲਈ ਉਨ੍ਹਾਂ ਦੀ ਨਿੰਦਾ ਤਕ ਨਹੀਂ ਕੀਤੀ।
Captian Amrinder singh
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਦਿੱਲੀ ਵਿੱਚ ਆਪ ਸਰਕਾਰ ਨੇ ਰਾਮ ਲੀਲਾ ਮੈਦਾਨ ਅਤੇ ਜੰਤਰ ਮੰਤਰ ਵਿਖੇ ਰੋਸ ਪ੍ਰਦਰਸ਼ਨ ਕਰਨ ਲਈ ਕਿਸਾਨਾਂ ਦੀ ਮੰਗ ਨੂੰ ਵੀ ਪ੍ਰਵਾਨ ਨਹੀਂ ਕੀਤਾ। ਮੁੱਖ ਮੰਤਰੀ ਨੇ ਆਪ ਨੂੰ ਸਵਾਲ ਕਰਦਿਆਂ ਕਿਹਾ ਕਿ ਇਸ ਸਮੁੱਚੇ ਮਸਲੇ ਉਤੇ ਉਹ ਭਾਜਪਾ ਦੀ ਰਾਹ ਉਤੇ ਕਿਉਂ ਚੱਲੀ। ਕੈਪਟਨ ਅਮਰਿੰਦਰ ਸਿੰਘ ਨੇ ਆਪ ਵੱਲੋਂ ਦਿੱਤੇ ਸੁਝਾਅ ਰਾਹੀਂ ਕਿਸਾਨਾਂ ਨੂੰ ਮੂਰਖ ਬਣਾਉਣ ਦੀ ਸਖਤ ਆਲੋਚਨਾ ਕੀਤੀ ਜਿਸ ਵਿੱਚ ਆਪ ਨੇ ਕਿਹਾ ਕਿ ਸੀ ਪੰਜਾਬ ਸਰਕਾਰ ਵੱਲੋਂ ਸੂਬੇ ਦੀ ਵਿਧਾਨ ਸਭਾ ਵਿੱਚ ਇਕ ਬਿੱਲ ਪਾਸ ਕਰਕੇ ਸੂਬੇ ਵਿੱਚ ਕਿਸਾਨਾਂ ਲਈ ਘੱਟੋ-ਘੱਟ ਸਮਰਥਨ ਮੁੱਲ ਕਾਨੂੰਨੀ ਅਧਿਕਾਰ ਬਣਾਇਆ ਜਾਵੇ। ਉਨ੍ਹਾਂ ਕਿਹਾ, ''ਇਹ ਸੁਭਾਵਿਕ ਹੈ ਕਿ ਜਾਂ ਤਾਂ ਆਪ ਨੂੰ ਕਿਸਾਨੀ ਨਾਲ ਜੁੜੀਆਂ ਸਮੱਸਿਆਵਾਂ ਦੀ ਸਮਝ ਨਹੀਂ ਹੈ ਜਾਂ ਫਿਰ ਮੂਲੋਂ ਕੋਈ ਪ੍ਰਵਾਹ ਨਹੀਂ।''