
ਸ਼ਿਕਾਇਤ 'ਚ ਪੀੜਤ ਨੇ ਕਿਹਾ ਕਿ ਨਗਨ ਕਰਕੇ ਉਸ ਦੀ ਵੀਡੀਓ ਬਣਾਈ ਗਈ
ਦੇਹਰਾਦੂਨ - ਅਸਾਮ ਦੀ ਡਿਬਰੂਗੜ੍ਹ ਯੂਨੀਵਰਸਿਟੀ ਵਿਖੇ ਇੱਕ ਰੈਗਿੰਗ ਦੇ ਸ਼ਿਕਾਰ ਹੋਏ ਵਿਦਿਆਰਥੀ ਦੇ ਗੰਭੀਰ ਹਾਲਤ 'ਚ ਹਸਪਤਾਲ ਦੇ ਆਈ.ਸੀ.ਯੂ. ਪਹੁੰਚ ਜਾਣ ਦੇ ਮਾਮਲੇ ਦੇ ਦੌਰਾਨ ਹੀ, ਦੇਹਰਾਦੂਨ ਵਿਖੇ ਬੀ.ਬੀ.ਏ. ਦੀ ਪੜ੍ਹਾਈ ਕਰ ਰਹੇ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਨੂੰ ਉਸ ਦੇ ਰੂਮਮੇਟ ਅਤੇ ਦੋ ਸੀਨੀਅਰਾਂ ਵੱਲੋਂ ਕਥਿਤ ਤੌਰ ’ਤੇ ਨੰਗਾ ਕਰਨ ਅਤੇ ਸ਼ਰਾਬ ਪੀਣ ਲਈ ਮਜਬੂਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਪ੍ਰੇਮਨਗਰ ਥਾਣਾ ਮੁਖੀ ਪ੍ਰਦੀਪ ਬਿਸ਼ਟ ਨੇ ਦੱਸਿਆ ਕਿ ਸੀਨੀਅਰ ਵਿਦਿਆਰਥੀਆਂ ਨੇ ਪੀੜਤ ਦਾ ਵੀਡੀਓ ਵੀ ਬਣਾਇਆ, ਜਿਸ 'ਚ ਉਹ ਨਗਨ ਹੈ। ਪੁਲਿਸ ਮੁਤਾਬਿਕ ਦੋਸ਼ੀ ਵਿਦਿਆਰਥੀਆਂ ਨੇ ਪੀੜਤ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ 60,000 ਰੁਪਏ ਨਾ ਦਿੱਤੇ ਤਾਂ ਉਹ ਵੀਡੀਓ ਵਾਇਰਲ ਕਰ ਦੇਣਗੇ। ਪੀੜਤ ਦੇ ਵਿਰੋਧ ਕਰਨ 'ਤੇ ਦੋਸ਼ੀਆਂ ਨੇ ਉਸ ਦੀ ਕੁੱਟਮਾਰ ਕੀਤੀ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੀੜਤ ਨੇ ਮੰਗਲਵਾਰ ਨੂੰ ਇਸ ਬਾਰੇ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਦੇ ਆਧਾਰ 'ਤੇ ਤਿੰਨ ਦੋਸ਼ੀ ਵਿਦਿਆਰਥੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਪਛਾਣ ਪੀੜਤ ਦੇ ਜਮਾਤੀ ਆਕਾਸ਼ ਗੁਪਤਾ ਅਤੇ ਦੋ ਸੀਨੀਅਰ ਵਿਦਿਆਰਥੀ ਵਿਸ਼ਾਲ ਮਲਿਕ ਅਤੇ ਸੈਮ ਸੰਜੇ ਵਜੋਂ ਹੋਈ ਹੈ।
ਸ਼ਿਕਾਇਤਕਰਤਾ ਨੇ ਪੁਲਿਸ ਨੂੰ ਘਟਨਾ ਦੀ ਵੀਡੀਓ ਵੀ ਮੁਹੱਈਆ ਕਰਵਾਈ ਹੈ, ਜਿਸ ਵਿੱਚ ਦੋਸ਼ੀ ਵਿਦਿਆਰਥੀਆਂ ਤੋਂ ਇਲਾਵਾ ਦੋ ਹੋਰ ਵਿਦਿਆਰਥੀ ਵੀ ਨਜ਼ਰ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸ਼ਨਾਖਤ ਲਈ ਵੀ ਯਤਨ ਕੀਤੇ ਜਾ ਰਹੇ ਹਨ।
ਰਿਸ਼ੀਕੇਸ਼ ਦਾ ਰਹਿਣ ਵਾਲਾ ਪੀੜਤਾ ਇੱਥੇ ਯੂਨੀਵਰਸਿਟੀ ਆਫ ਪੈਟਰੋਲੀਅਮ ਐਂਡ ਇਨਰਜੀ ਸਟੱਡੀਜ਼ ਵਿੱਚ ਬੀ.ਬੀ.ਏ. ਪਹਿਲੇ ਸਾਲ ਦਾ ਵਿਦਿਆਰਥੀ ਹੈ। ਯੂਨੀਵਰਸਿਟੀ ਦੇ ਰਜਿਸਟਰਾਰ ਮਨੀਸ਼ ਮਦਾਨ ਨੇ ਕਿਹਾ ਕਿ ਘਟਨਾ ਵਿੱਚ ਸ਼ਾਮਲ ਪਾਏ ਗਏ ਵਿਦਿਆਰਥੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।