
ਮਹਾਰਾਸ਼ਟਰ ਦੇ ਮੁੱਖ ਮੰਤਰੀ ਅਹੁਦੇ ਲਈ ਦਵਿੰਦਰ ਫੜਨਵੀਸ ਦਾ ਨਾਂ ਤੈਅ : ਭਾਜਪਾ ਆਗੂ
ਮੁੰਬਈ : ਮਹਾਰਾਸ਼ਟਰ ਦੇ ਕਾਰਜਕਾਰੀ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਐਤਵਾਰ ਨੂੰ ਕਿਹਾ ਕਿ ਸੂਬੇ ਦੇ ਅਗਲੇ ਮੁੱਖ ਮੰਤਰੀ ਬਾਰੇ ਫੈਸਲਾ ਭਾਰਤੀ ਜਨਤਾ ਪਾਰਟੀ (ਭਾਜਪਾ) ਕਰੇਗੀ, ਜਿਸ ਨੂੰ ਉਨ੍ਹਾਂ ਦਾ ਪੂਰਾ ਸਮਰਥਨ ਮਿਲੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਦੇ ਗਠਨ ਨੂੰ ਲੈ ਕੇ ਮਹਾਯੁਤੀ ਸਹਿਯੋਗੀਆਂ ਵਿਚਾਲੇ ਕੋਈ ਮਤਭੇਦ ਨਹੀਂ ਹੈ।
ਉਧਰ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇਕ ਆਗੂ ਨੇ ਕਿਹਾ ਕਿ ਮਹਾਰਾਸ਼ਟਰ ਦੇ ਨਵੇਂ ਮੁੱਖ ਮੰਤਰੀ ਦੇ ਰੂਪ ’ਚ ਦਵਿੰਦਰ ਫੜਨਵੀਸ ਦਾ ਨਾਂ ਤੈਅ ਹੋ ਗਿਆ ਹੈ, ਜਿਨ੍ਹਾਂ ਨੂੰ ਦੋ ਜਾਂ ਤਿੰਨ ਦਸੰਬਰ ਨੂੰ ਹੋਣ ਵਾਲੀ ਬੈਠਕ ’ਚ ਵਿਧਾਇਕ ਦਲ ਦਾ ਆਗੂ ਚੁਣਿਆ ਜਾਵੇਗਾ।
ਇਸ ਤੋਂ ਪਹਿਲਾਂ ਸਤਾਰਾ ਜ਼ਿਲ੍ਹੇ ’ਚ ਅਪਣੇ ਜੱਦੀ ਪਿੰਡ ਦਾਰੇ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਿੰਦੇ ਨੇ ਕਿਹਾ ਕਿ ਸਰਕਾਰ ਦੇ ਗਠਨ ’ਤੇ ਗੱਲਬਾਤ ਚੱਲ ਰਹੀ ਹੈ ਅਤੇ ਸਾਰੇ ਫੈਸਲੇ ਮਹਾਯੁਤੀ ਦੇ ਤਿੰਨ ਸਹਿਯੋਗੀ ਸ਼ਿਵ ਸੈਨਾ, ਭਾਜਪਾ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਦੀ ਸਹਿਮਤੀ ਨਾਲ ਲਏ ਜਾਣਗੇ।
ਸ਼ਿੰਦੇ ਨੇ ਇਹ ਵੀ ਕਿਹਾ ਕਿ ਉਹ ਨਿਯਮਿਤ ਤੌਰ ’ਤੇ ਅਪਣੇ ਪਿੰਡ ਜਾਂਦੇ ਹਨ ਅਤੇ ਉਨ੍ਹਾਂ ਦੇ ਦੌਰੇ ਬਾਰੇ ਕੋਈ ਭੰਬਲਭੂਸਾ ਨਹੀਂ ਹੋਣਾ ਚਾਹੀਦਾ ਕਿਉਂਕਿ ਉਨ੍ਹਾਂ ਨੇ ਪਿਛਲੇ ਹਫਤੇ ਮੁੱਖ ਮੰਤਰੀ ਦੇ ਅਹੁਦੇ ’ਤੇ ਅਪਣਾ ਸਟੈਂਡ ਸਪੱਸ਼ਟ ਕਰ ਦਿਤਾ ਸੀ। ਸ਼ਿਵ ਸੈਨਾ ਆਗੂ ਨੇ ਸ਼ੁਕਰਵਾਰ ਨੂੰ ਅਪਣੇ ਜੱਦੀ ਪਿੰਡ ਦਾ ਦੌਰਾ ਕੀਤਾ ਸੀ। ਅਜਿਹੀਆਂ ਕਿਆਸਅਰਾਈਆਂ ਸਨ ਕਿ ਸ਼ਿੰਦੇ ਨਵੀਂ ਸਰਕਾਰ ਦੇ ਗਠਨ ਤੋਂ ਖੁਸ਼ ਨਹੀਂ ਹਨ, ਪਰ ਉਨ੍ਹਾਂ ਦੇ ਇਕ ਸਹਿਯੋਗੀ ਨੇ ਕਿਹਾ ਕਿ ਉਹ ਬਿਮਾਰ ਹਨ ਅਤੇ ਐਤਵਾਰ ਸ਼ਾਮ ਨੂੰ ਮੁੰਬਈ ਵਾਪਸ ਆ ਜਾਣਗੇ।
ਭਾਜਪਾ, ਸ਼ਿਵ ਸੈਨਾ ਅਤੇ ਅਜੀਤ ਪਵਾਰ ਦੀ ਅਗਵਾਈ ਵਾਲੀ ਐਨ.ਸੀ.ਪੀ. ਦੇ ਮਹਾਯੁਤੀ ਗਠਜੋੜ ਨੇ ਵਿਧਾਨ ਸਭਾ ਚੋਣਾਂ ’ਚ ਸ਼ਾਨਦਾਰ ਜਿੱਤ ਨਾਲ ਸੱਤਾ ਬਰਕਰਾਰ ਰੱਖੀ, ਜਿਸ ਦੇ ਨਤੀਜੇ 23 ਨਵੰਬਰ ਨੂੰ ਐਲਾਨੇ ਗਏ ਸਨ। ਮਹਾਰਾਸ਼ਟਰ ਭਾਜਪਾ ਦੇ ਪ੍ਰਧਾਨ ਚੰਦਰਸ਼ੇਖਰ ਬਾਵਨਕੁਲੇ ਨੇ ਸਨਿਚਰਵਾਰ ਨੂੰ ਕਿਹਾ ਕਿ ਨਵੀਂ ਮਹਾਯੁਤੀ ਸਰਕਾਰ ਦਾ ਸਹੁੰ ਚੁੱਕ ਸਮਾਰੋਹ 5 ਦਸੰਬਰ ਦੀ ਸ਼ਾਮ ਨੂੰ ਦਖਣੀ ਮੁੰਬਈ ਦੇ ਆਜ਼ਾਦ ਮੈਦਾਨ ’ਚ ਹੋਵੇਗਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ’ਚ ਸ਼ਾਮਲ ਹੋਣਗੇ।
ਭਾਜਪਾ ਦੇ ਸੂਤਰਾਂ ਨੇ ਦਸਿਆ ਕਿ ਹਾਲਾਂਕਿ ਅਜੇ ਇਹ ਐਲਾਨ ਨਹੀਂ ਕੀਤਾ ਗਿਆ ਹੈ ਕਿ ਮੁੱਖ ਮੰਤਰੀ ਕੌਣ ਹੋਵੇਗਾ ਪਰ ਦੋ ਵਾਰ ਮੁੱਖ ਮੰਤਰੀ ਰਹਿ ਚੁਕੇ ਦੇਵੇਂਦਰ ਫੜਨਵੀਸ ਇਸ ਅਹੁਦੇ ਦੀ ਦੌੜ ’ਚ ਸੱਭ ਤੋਂ ਅੱਗੇ ਹਨ। ਫੜਨਵੀਸ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸਰਕਾਰ ’ਚ ਉਪ ਮੁੱਖ ਮੰਤਰੀ ਸਨ।