ਪਿਛਲੇ ਮਹੀਨੇ ਵਿਸ਼ੇਸ ਅਦਾਲਤ ਨੇ ਸੁਣਾਈ ਸੀ ਫਾਂਸੀ ਸਜ਼ਾ
ਢਾਕਾ: ਬੰਗਲਾਦੇਸ਼ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਜ਼ਮੀਨ ਘੁਟਾਲੇ ਦੇ ਇਕ ਮਾਮਲੇ ਵਿਚ ਅਹੁਦੇ ਤੋਂ ਹਟਾਈ ਗਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਪੰਜ ਸਾਲ ਦੀ ਕੈਦ ਅਤੇ ਉਸਦੀ ਭਤੀਜੀ, ਬ੍ਰਿਟਿਸ਼ ਸੰਸਦ ਮੈਂਬਰ ਟਿਊਲਿਪ ਸਿੱਦੀਕ ਨੂੰ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਸਰਕਾਰੀ ਬੀਐਸਐਸ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ, ਢਾਕਾ ਦੀ ਵਿਸ਼ੇਸ਼ ਅਦਾਲਤ-4 ਦੇ ਜੱਜ ਮੁਹੰਮਦ ਰਬੀਉਲ ਆਲਮ ਨੇ 17 ਲੋਕਾਂ ਵਿਰੁੱਧ ਦਰਜ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਹਸੀਨਾ ਦੀ ਭੈਣ ਸ਼ੇਖ ਰੇਹਾਨਾ ਨੂੰ ਵੀ ਸੱਤ ਸਾਲ ਦੀ ਕੈਦ ਦੀ ਸਜ਼ਾ ਸੁਣਾਈ।
ਅਦਾਲਤ ਨੇ ਹਸੀਨਾ, ਰੇਹਾਨਾ ਅਤੇ ਸਿੱਦੀਕ ਸਮੇਤ ਸਾਰੇ 17 ਦੋਸ਼ੀਆਂ 'ਤੇ 1-1 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ, ਜਿਸ ਵਿਚ ਅਸਫਲ ਰਹਿਣ 'ਤੇ ਉਨ੍ਹਾਂ ਨੂੰ ਛੇ ਮਹੀਨੇ ਹੋਰ ਕੈਦ ਕੱਟਣੀ ਪਵੇਗੀ। ਬ੍ਰਿਟਿਸ਼-ਬੰਗਲਾਦੇਸ਼ੀ ਲੇਬਰ ਪਾਰਟੀ ਦੀ ਸਿਆਸਤਦਾਨ ਸਿੱਦੀਕ, ਰੇਹਾਨਾ ਦੀ ਧੀ ਹੈ ਅਤੇ 2015 ਤੋਂ ਹੈਂਪਸਟੇਡ ਅਤੇ ਹਾਈਗੇਟ ਤੋਂ ਸੰਸਦ ਮੈਂਬਰ ਰਹੀ ਹੈ। ਹਸੀਨਾ ਦੇ ਪ੍ਰਧਾਨ ਮੰਤਰੀ ਦੇ ਕਾਰਜਕਾਲ ਦੌਰਾਨ ਭ੍ਰਿਸ਼ਟਾਚਾਰ ਦੀ ਜਾਂਚ ਦੇ ਹਿੱਸੇ ਵਜੋਂ ਅੰਤ੍ਰਿਮ ਸਰਕਾਰ ਵਲੋਂ ਅਪ੍ਰੈਲ ਵਿਚ 43 ਸਾਲਾ ਸਿੱਦੀਕ ਲਈ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ। ਉਸਨੂੰ ਢਾਕਾ ਦੇ ਬਾਹਰੀ ਇਲਾਕੇ ਵਿਚ ਆਪਣੀ ਮਾਂ, ਭਰਾ ਅਤੇ ਭੈਣ ਲਈ ਜ਼ਮੀਨ ਦਾ ਪਲਾਟ ਪ੍ਰਾਪਤ ਕਰਨ ਲਈ ਆਪਣੀ ਮਾਸੀ ਹਸੀਨਾ ਨੂੰ ਪ੍ਰਭਾਵਿਤ ਕਰਨ ਦਾ ਦੋਸ਼ੀ ਪਾਇਆ ਗਿਆ ਸੀ, ਜਿਸ ਦੋਸ਼ ਨੂੰ ਉਹ ਜ਼ੋਰਦਾਰ ਢੰਗ ਨਾਲ ਨਕਾਰਦੀ ਹੈ।
