ਉਨ੍ਹਾਂ ਦਾ ਇਸ ਅਹੁਦੇ ਤੱਕ ਪਹੁੰਚਣਾ ਭਾਰਤੀ ਲੋਕਤੰਤਰ ਦੀ ਸਭ ਤੋਂ ਵੱਡੀ ਤਾਕਤ
ਨਵੀਂ ਦਿੱਲੀ : ਰਾਜ ਸਭਾ ਵਿਚ ਆਪਣਾ ਸੰਬੋਧਨ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਉਪ-ਰਾਸ਼ਟਰਪਤੀ ਤੇ ਰਾਜ ਸਭਾ ਸਪੀਕਰ ਰਾਧਾਕ੍ਰਿਸ਼ਨਨ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਦਨ ਰਾਹੀਂ ਦੇਸ਼ ਦੀ ਤਰੱਕੀ ਲਈ ਮਹੱਤਵਪੂਰਨ ਮੁੱਦਿਆਂ 'ਤੇ ਚਰਚਾ ਕਰਨਾ ਅਤੇ ਤੁਹਾਡਾ ਅਨਮੋਲ ਮਾਰਗਦਰਸ਼ਨ ਸਾਡੇ ਸਾਰਿਆਂ ਲਈ ਜ਼ਰੂਰੀ ਹੈ । ਮੈਂ ਤੁਹਾਨੂੰ ਦਿਲੋਂ ਵਧਾਈ ਦਿੰਦਾ ਹਾਂ । ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਇਸ ਸਦਨ ਵਿਚ ਬੈਠੇ ਸਾਰੇ ਮੈਂਬਰ ਮਾਣ-ਸਨਮਾਨ ਬਣਾਈ ਰੱਖਣਗੇ ।
ਉਨ੍ਹਾਂ ਅੱਗੇ ਕਿਹਾ ਕਿ ਸਾਡੇ ਚੇਅਰਮੈਨ ਇਕ ਨਿਮਰ ਪਿਛੋਕੜ ਤੋਂ ਹਨ ਅਤੇ ਉਹ ਇਕ ਕਿਸਾਨ ਹਨ । ਉਨ੍ਹਾਂ ਨੇ ਆਪਣਾ ਪੂਰਾ ਜੀਵਨ ਸਮਾਜ ਸੇਵਾ ਲਈ ਸਮਰਪਿਤ ਕੀਤਾ ਹੈ । ਰਾਜਨੀਤਕ ਖੇਤਰ ਇਸ ਦਾ ਇਕ ਪਹਿਲੂ ਰਿਹਾ ਹੈ, ਪਰ ਮੁੱਖ ਧਾਰਾ ਸਮਾਜ ਲਈ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਲੋਕਤੰਤਰ ਦੀ ਤਾਕਤ ਹੀ ਹੈ, ਜੋ ਇਕ ਆਮ ਪਰਿਵਾਰ ਤੋਂ ਉੱਠ ਕੇ ਉਹ ਇਥੇ ਤੱਕ ਪੁੱਜੇ ਹਨ । ਉਨ੍ਹਾਂ ਸਾਰੇ ਮੈਂਬਰਾਂ ਨੂੰ ਅਪੀਲ ਕੀਤੀ ਦੀ ਸਦਨ ਵਿਚ ਉਨ੍ਹਾਂ ਦੀ ਮਾਣ-ਮਰਿਆਦਾ ਬਣਾਈ ਰੱਖੀ ਜਾਣੀ ਚਾਹੀਦੀ ਹੈ ਤੇ ਅਹਿਮ ਮੁੱਦਿਆਂ ’ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਣਾ ਚਾਹੀਦਾ ਹੈ।
