ਸਦਨ ਨੂੰ ਕੰਮ ਕਰਨ ਦੀ ਇਜਾਜ਼ਤ ਦਿਤੀ ਜਾਣੀ ਚਾਹੀਦੀ ਹੈ : ਰਿਜਿਜੂ
ਨਵੀਂ ਦਿੱਲੀ: ਸੰਸਦ ਦੇ ਸਰਦ ਰੁੱਤ ਇਜਲਾਸ ਤੋਂ ਪਹਿਲਾਂ ਐਤਵਾਰ ਨੂੰ ਸਰਬ ਪਾਰਟੀ ਬੈਠਕ ਹੋਈ। ਬੈਠਕ ਵਿਚ ਵਿਰੋਧੀ ਧਿਰ ਦੀਆਂ ਪਾਰਟੀਆਂ ਨੇ ਅੱਜ ਤੋਂ ਸ਼ੁਰੂ ਹੋ ਰਹੇ ਸਰਦ ਰੁੱਤ ਸੈਸ਼ਨ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ (ਐਸ.ਆਈ.ਆਰ.) ਅਤੇ ਕੌਮੀ ਸੁਰੱਖਿਆ ਉਤੇ ਚਰਚਾ ਕਰਨ ਦੀ ਮੰਗ ਕੀਤੀ। ਜਦਕਿ ਸਰਕਾਰ ਨੇ ਕਿਹਾ ਕਿ ਉਹ ਸੰਸਦ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਸਾਰਿਆਂ ਨਾਲ ਗੱਲਬਾਤ ਕਰੇਗੀ। ਸਰਦ ਰੁੱਤ ਸੈਸ਼ਨ ਸੋਮਵਾਰ ਤੋਂ ਸ਼ੁਰੂ ਹੋ ਕੇ 19 ਦਸੰਬਰ ਨੂੰ ਸਮਾਪਤ ਹੋਵੇਗਾ।
ਸੈਸ਼ਨ ਤੋਂ ਪਹਿਲਾਂ ਸਰਕਾਰ ਵਲੋਂ ਸੱਦੀ ਮੀਟਿੰਗ ਵਿਚ 36 ਸਿਆਸੀ ਪਾਰਟੀਆਂ ਦੇ 50 ਨੇਤਾ ਸ਼ਾਮਲ ਹੋਏ। ਰੱਖਿਆ ਮੰਤਰੀ ਰਾਜਨਾਥ ਸਿੰਘ, ਭਾਰਤੀ ਜਨਤਾ ਪਾਰਟ (ਭਾਜਪਾ) ਪ੍ਰਧਾਨ ਅਤੇ ਕੇਂਦਰੀ ਮੰਤਰੀ ਜੇ.ਪੀ. ਨੱਢਾ, ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਅਤੇ ਉਨ੍ਹਾਂ ਦੇ ਦੋ ਉਪ ਪ੍ਰਧਾਨ ਅਰਜੁਨ ਰਾਮ ਮੇਘਵਾਲ ਅਤੇ ਐਲ. ਮੁਰੂਗਨ ਮੀਟਿੰਗ ਵਿਚ ਸ਼ਾਮਲ ਹੋਏ।
ਹਾਲਾਂਕਿ ਮੀਟਿੰਗ ਦੀ ਕਾਰਵਾਈ ’ਚ ਐਸ.ਆਈ.ਆਰ. ਦਾ ਦਬਦਬਾ ਬਣਿਆ ਰਿਹਾ, ਨੇਤਾਵਾਂ ਨੇ ਦਿੱਲੀ ਧਮਾਕੇ ਦੇ ਮੱਦੇਨਜ਼ਰ ਕੌਮੀ ਸੁਰੱਖਿਆ ਅਤੇ ਲੇਬਰ ਕੋਡ ਵਰਗੇ ਕਈ ਹੋਰ ਮੁੱਦੇ ਵੀ ਉਠਾਏ। ਕੁੱਝ ਲੋਕਾਂ ਨੇ ਸੰਘਵਾਦ ਦਾ ਨੁਕਤਾ ਉਠਾਇਆ, ਦੋਸ਼ ਲਾਇਆ ਕਿ ਰਾਜਪਾਲ ਰਾਜ ਵਿਧਾਨ ਸਭਾਵਾਂ ਵਲੋਂ ਪਾਸ ਕੀਤੇ ਗਏ ਬਿਲਾਂ ਉਤੇ ਬੈਠੇ ਹਨ ਅਤੇ ਵਿਰੋਧੀ ਸ਼ਾਸਨ ਵਾਲੇ ਸੂਬਿਆਂ ਦੇ ਫੰਡਾਂ ਨੂੰ ਰੋਕਿਆ ਜਾ ਰਿਹਾ ਹੈ। ਰਿਜਿਜੂ ਨੇ ਕਿਹਾ ਕਿ ਸਦਨ ਨੂੰ ਕੰਮ ਕਰਨ ਦੀ ਇਜਾਜ਼ਤ ਦਿਤੀ ਜਾਣੀ ਚਾਹੀਦੀ ਹੈ, ਹਾਲਾਂਕਿ ਉਨ੍ਹਾਂ ਨੇ ਵਿਰੋਧੀ ਧਿਰ ਨੂੰ ਕੋਈ ਭਰੋਸਾ ਨਹੀਂ ਦਿਤਾ।
ਦੋ ਘੰਟੇ ਚੱਲੀ ਬੈਠਕ ਤੋਂ ਬਾਅਦ ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ, ‘‘ਇਹ ਸੰਸਦ ਦਾ ਸਰਦ ਰੁੱਤ ਸੈਸ਼ਨ ਹੈ ਅਤੇ ਸਾਰਿਆਂ ਨੂੰ ਠੰਡੇ ਮਨ ਨਾਲ ਸੋਚਣਾ ਚਾਹੀਦਾ ਹੈ।’’ ਉਨ੍ਹਾਂ ਕਿਹਾ, ‘‘ਸੰਸਦ ਨੂੰ ਠੱਪ ਨਹੀਂ ਹੋਣਾ ਚਾਹੀਦਾ ਅਤੇ ਇਸ ਨੂੰ ਸੁਚਾਰੂ ਢੰਗ ਨਾਲ ਕੰਮ ਕਰਨਾ ਚਾਹੀਦਾ ਹੈ। ਸਰਕਾਰ ਸਦਨ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਸਾਰੀਆਂ ਪਾਰਟੀਆਂ ਨਾਲ ਵਿਚਾਰ-ਵਟਾਂਦਰੇ ਕਰਦੀ ਰਹੇਗੀ।’’ ਇਹ ਪੁੱਛੇ ਜਾਣ ਉਤੇ ਕਿ ਕੀ ਵਿਰੋਧੀ ਧਿਰ ਦੀ ਐਸ.ਆਈ.ਆਰ. ਉਤੇ ਚਰਚਾ ਦੀ ਮੰਗ ਨੂੰ ਮਨਜ਼ੂਰ ਕੀਤਾ ਜਾਵੇਗਾ, ਰਿਜਿਜੂ ਨੇ ਕਿਹਾ ਕਿ ਸੈਸ਼ਨ ਦਾ ਏਜੰਡਾ ਅੱਜ ਸ਼ਾਮ ਕੰਮਕਾਜ ਸਲਾਹਕਾਰ ਕਮੇਟੀ (ਬੀ.ਏ.ਸੀ.) ਵਲੋਂ ਤੈਅ ਕੀਤਾ ਜਾਵੇਗਾ। (ਪੀਟੀਆਈ)
