
ਪੰਚਕੂਲਾ ਪੁਲਿਸ ਨੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਰੀਬ 262 ਲੋਕਾਂ ਦੇ ਚਲਾਨ ਕੀਤੇ
ਚੰਡੀਗੜ੍ਹ (ਨਰਿੰਦਰ ਸਿੰਘ ਝਾਂਮਪੁਰ) : ਚੰਡੀਗੜ੍ਹ ’ਚ ਨਵੇਂ ਸਾਲ ’ਤੇ ਰਾਤ 12 ਵਜੇ ਤੋਂ ਬਾਅਦ ਜਸ਼ਨ ਦੇ ਨਾਂ ’ਤੇ ਹੰਗਾਮਾ ਕਰਨ ਵਾਲਿਆਂ ’ਤੇ ਪੁਲਿਸ ਨੇ ਲਾਠੀਚਾਰਜ ਕੀਤਾ। ਇਸ ਦੇ ਨਾਲ ਹੀ ਪੁਲਿਸ ਨੇ ਏਲਾਂਟੇ ਮਾਲ ਦੇ ਬਾਹਰ ਆਪਸ ਵਿਚ ਲੜ ਰਹੇ ਨੌਜਵਾਨਾਂ ਨੂੰ ਵੀ ਫੜ ਲਿਆ ਅਤੇ ਉਨ੍ਹਾਂ ’ਤੇ ਲਾਠੀਚਾਰਜ ਕੀਤਾ। ਸਾਰੇ ਨੌਜਵਾਨ ਨਸ਼ੇ ਵਿਚ ਸਨ। ਇਸ ਦੌਰਾਨ ਪੁਲਿਸ ਸੜਕਾਂ ’ਤੇ ਡਿੱਗੇ ਨੌਜਵਾਨਾਂ ਨੂੰ ਸੰਭਾਲਦੀ ਨਜ਼ਰ ਆਈ। ਸੈਕਟਰ-7 ਅਤੇ 26 ਦੇ ਡਿਸਕੋ ਵਿਚ ਰਾਤ 12 ਵਜੇ ਤੋਂ ਬਾਅਦ ਵੀ ਜਸ਼ਨਾਂ ਦਾ ਦੌਰ ਚਲ ਰਿਹਾ ਸੀ। ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਉਨ੍ਹਾਂ ਨੂੰ ਬਾਹਰ ਕਢਿਆ। ਇੰਨਾ ਹੀ ਨਹੀਂ ਪੁਲਿਸ ਨੇ ਡਿਸਕੋ ਦੇ ਬਾਹਰ ਲਾਠੀਚਾਰਜ ਵੀ ਕੀਤਾ।
PHOTO
ਪੰਚਕੂਲਾ ਵਿਚ ਰਾਤ 11 ਵਜੇ ਤੋਂ ਸਵੇਰੇ 5 ਵਜੇ ਤਕ ਰਾਤ ਦਾ ਕਰਫ਼ਿਊ ਲਾਗੂ ਹੈ। ਪੰਚਕੂਲਾ ਪੁਲਿਸ ਨੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਰੀਬ 262 ਲੋਕਾਂ ਦੇ ਚਲਾਨ ਕੀਤੇ। ਇਸ ਦੇ ਨਾਲ ਹੀ ਮਾਸਕ ਨਾ ਪਹਿਨਣ ਵਾਲੇ 67 ਲੋਕਾਂ ਦੇ ਚਲਾਨ ਵੀ ਕੀਤੇ ਗਏ। ਸ਼ਹਿਰ ਵਿਚ ਨਵੇਂ ਸਾਲ ਦੇ ਜਸ਼ਨਾਂ ਲਈ ਚੰਡੀਗੜ੍ਹ ਪੁਲਿਸ ਵਲੋਂ ਅਮਨ-ਕਾਨੂੰਨ, ਸੁਰੱਖਿਆ ਅਤੇ ਟ੍ਰੈਫ਼ਿਕ ਪ੍ਰਬੰਧਾਂ ਬਾਰੇ ਪੁਖਤਾ ਇੰਤਜ਼ਾਮ ਕੀਤੇ ਗਏ ਸਨ।
ਚੰਡੀਗੜ੍ਹ ਪੁਲਿਸ ਵਲੋਂ ਨਵੇਂ ਸਾਲ ਮੌਕੇ ਵੱਡੀ ਗਿਣਤੀ ’ਚ ਜਵਾਨ ਤਾਇਨਾਤ ਕੀਤੇ ਜਿਨ੍ਹਾਂ ਵਿਚ 10 ਗਜ਼ਟਿਡ ਅਧਿਕਾਰੀ, 16 ਐਸ.ਐਚ.ਓ., 24 ਇੰਸਪੈਕਟਰ ਅਤੇ 1672 ਜਵਾਨ ਸ਼ਾਮਲ ਸਨ। ਇਸੇ ਦੌਰਾਨ ਸ਼ਹਿਰ ਵਿਚ ਸੁਰੱਖਿਆ, ਖੁਫ਼ੀਆ ਤੰਤਰ ਅਤੇ ਟ੍ਰੈਫ਼ਿਕ ਪ੍ਰਬੰਧਾਂ ਲਈ ਲੋੜੀਂਦੀ ਫ਼ੋਰਸ ਤਾਇਨਾਤ ਕੀਤੀ। ਸਾਰੇ ਹੋਟਲਾਂ, ਕਲੱਬਾਂ, ਰੈਸਤਰਾਂ, ਕਮਿਊਨਿਟੀ ਸੈਂਟਰਾਂ, ਬਾਜ਼ਾਰਾਂ, ਪ੍ਰਮੁੱਖ ਸਥਾਨਾਂ ਉੱਤੇ ਪੁਲਿਸ ਦਾ ਸਖ਼ਤ ਪਹਿਰਾ ਦਿਤਾ।
ਔਰਤਾਂ ਦੀ ਸੁਰੱਖਿਆ ਲਈ ਮਹਿਲਾ ਪੁਲੀਸ ਅਧਿਕਾਰੀਆਂ ਨੂੰ ਵੀ ਤਾਇਨਾਤ ਕੀਤਾ ਅਤੇ ਚਾਰ ਇੰਸਪੈਕਟਰਾਂ ਦੀ ਨਿਗਰਾਨੀ ਹੇਠ ਵਿਸ਼ੇਸ਼ ‘ਲੇਡੀ ਪੁਲਿਸ ਸਕੁਐਡ’ ਦਾ ਗਠਨ ਕੀਤਾ ਗਿਆ। ਨਵੇਂ ਸਾਲ 2022 ਦੀ ਸ਼ਾਮ ਨੂੰ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ’ਤੇ ਖਾਸ ਨਜ਼ਰ ਰੱਖੀ ਗਈ। ਪੁਲਿਸ ਕੰਟਰੋਲ ਰੂਮ (ਪੀਸੀਆਰ) ਵਾਹਨਾਂ ਵਲੋਂ ਸੰਵੇਦਨਸ਼ੀਲ ਇਲਾਕਿਆਂ ਵਿਚ ਗਸ਼ਤ ਕੀਤੀ। ਔਰਤਾਂ ਨੂੰ ‘ਪਿਕ ਐਂਡ ਡਰਾਪ’ ਦੀ ਸਹੂਲਤ ਪ੍ਰਦਾਨ ਕਰਨ ਅਤੇ ਲੋੜ ਪੈਣ ’ਤੇ ਉਨ੍ਹਾਂ ਦੀ ਹਰ ਸੰਭਵ ਮਦਦ ਕਰਨ ਲਈ ਮਹਿਲਾ ਪੁਲਿਸ ਅਧਿਕਾਰੀਆਂ ਨਾਲ 8 ਪੀਸੀਆਰ ਵਾਹਨ ਸ਼ਹਿਰ ਦੀਆਂ ਪ੍ਰਮੁੱਖ ਥਾਵਾਂ ’ਤੇ ਤਾਇਨਾਤ ਕੀਤੇ ਸਨ।