
Fake Loan App Scam: ਐਪ ਡਾਊਨਲੋਡ ਕਰਵਾ ਕੇ ਲੋਨ ਦੇ ਨਾਮ ਤੇ ਫਸਾਉਂਦੇ ਸਨ ਲੋਕਾਂ ਨੂੰ
Fake Loan App Scam: ਚਾਈਨੀਜ਼ ਲੋਨ ਐਪ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਦੋ ਮੁਲਜ਼ਮਾਂ ਤੋਂ ਈਡੀ ਵਲੋਂ ਕੀਤੀ ਜਾਂਚ ’ਚ ਕਈ ਅਹਿਮ ਪ੍ਰਗਟਾਵੇ ਸਾਹਮਣੇ ਆਏ ਹਨ। ਬੀਤੇ ਦਿਨੀਂ ਸਾਈਬਰ ਸੈਲ ਥਾਣਾ ਦਿੱਲੀ ਤੋਂ ਪੁਨੀਤ ਮਹੇਸ਼ਵਰੀ ਅਤੇ ਆਸ਼ੀਸ਼ ਕੱਕੜ ਨੂੰ ਗ੍ਰਿਫ਼ਤਾਰ ਕਰ ਕੇ ਲੈ ਆਈ। ਮੁਲਜ਼ਮ ਹੂਗੋ ਲੋਨ, ਕਾਇਨ ਕੈਸ਼ ਅਤੇ ਅਲੋਨ ਐਪ ਰਾਹੀਂ ਲੋਨ ਦਿਵਾਉਣ ਦੇ ਨਾਂ ’ਤੇ ਲੋਕਾਂ ਨਾਲ ਧੋਖਾਧੜੀ ਕਰਦੇ ਸਨ। ਇਨ੍ਹਾਂ ਦੋਨਾਂ ਨੇ ਫ਼ਰਜ਼ੀ ਦਸਤਾਵੇਜ਼ਾਂ ਦੇ ਆਧਾਰ ’ਤੇ ਭਾਰਤ ਸਮੇਤ ਸਿੰਗਾਪੁਰ, ਹਾਂਗਕਾਂਗ, ਚੀਨ ਤੇ ਥਾਈਲੈਂਡ ਵਿਚ 146 ਫ਼ਰਜ਼ੀ ਸ਼ੈਲ ਕੰਪਨੀਆਂ ਬਣਾਈਆਂ ਸਨ।
ਹੁਣ ਤਕ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਕੰਪਨੀਆਂ ਰਾਹੀਂ ਸਿਰਫ਼ ਤਿੰਨ ਸਾਲਾਂ ’ਚ 68 ਹਜ਼ਾਰ ਕਰੋੜ ਰੁਪਏ ਦੀ ਠੱਗੀ ਮਾਰੀ ਗਈ ਹੈ। ਹਵਾਲਾ ਦੇ ਰੂਪ ’ਚ ਇਹ ਪੈਸਾ ਬਾਹਰ ਭੇਜ ਦਿਤਾ ਗਿਆ ਸੀ। ਇਨ੍ਹਾਂ ਫ਼ਰਜ਼ੀ ਕੰਪਨੀਆਂ ਦੇ ਕਈ ਹੋਰ ਵੀ ਭਾਗੀਦਾਰ ਹਨ ਜੋ ਫ਼ਿਲਹਾਲ ਫ਼ਰਾਰ ਹਨ।
ਚੰਡੀਗੜ੍ਹ ਸਾਈਬਰ ਸੈਲ ਨੇ ਈਡੀ ਦਿੱਲੀ ਤੋਂ ਅਧਿਕਾਰਿਕ ਤੌਰ ’ਤੇ ਰਿਪੋਰਟ ਮੰਗੀ ਹੈ। ਪੁਨੀਤ ਅਤੇ ਆਸ਼ੀਸ਼ ਨੂੰ ਪਹਿਲਾਂ ਹੀ ਈਡੀ ਨੇ ਗ੍ਰਿਫ਼ਤਾਰ ਕੀਤਾ ਹੋਇਆ ਅਤੇ ਪੁਛ ਗਿਛ ਵਿਚ ਫ਼ਰਜ਼ੀ ਕੰਪਨੀਆਂ ਦੀ ਡਿਟੇਲ ਸਾਹਮਣੇ ਆਈ ਹੈ। ਇਸ ਮਾਮਲੇ ’ਚ ਮੁਲਜ਼ਮ ਅਸ਼ੀਸ਼ ਦੀ ਅਕਤੂਬਰ ’ਚ ਜ਼ਮਾਨਤ ਹੋਈ ਸੀ ਤੇ ਪੁਨੀਤ ਦਸੰਬਰ ਵਿਚ ਜੇਲ ਤੋਂ ਬਾਹਰ ਆਇਆ। ਹੁਣ ਤਕ ਡੀਜੀਪੀ ਸੁਰਿੰਦਰ ਸਿੰਘ ਯਾਦਵ ਦੀ ਇਸ ਕੇਸ ਦੇ ਵਿਚ ਨਜ਼ਰ ਬਣੀ ਹੋਈ ਹੈ।
ਦਸਣਯੋਗ ਹੈ ਕਿ ਅਗੱਸਤ 2021 ਵਿਚ ਇਹ ਮਾਮਲਾ ਸਾਹਮਣੇ ਆਇਆ ਸੀ। ਜਿਸ ਵਿਚ ਬਾਂਗ ਚਿੰਗੋਆ ਨੂੰ ਇਸ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਸੀ ਤਾਂ ਉਸ ਕੋਲੋਂ ਪੁਛ ਗਿਛ ਕਰਨ ਮਗਰੋਂ ਇਹ ਸਾਰਾ ਮਾਮਲਾ ਸਾਹਮਣੇ ਆਇਆ ਸੀ।