
ਸਦਨ ਦੀ ਕਾਰਵਾਈ ਕੱਲ (ਬੁੱਧਵਾਰ) ਸਵੇਰੇ 9 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।
ਨਵੀਂ ਦਿੱਲੀ: ਸੰਸਦ ਦਾ ਬਜਟ ਇਜਲਾਸ ਜਾਰੀ ਹੈ। ਬੀਤੇ ਦਿਨ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਮ ਬਜਟ ਪੇਸ਼ ਕੀਤਾ। ਖ਼ਬਰਾਂ ਮੁਤਾਬਕ ਅੱਜ ਸਦਨ ਵਿਚ ਕੋਈ ਬਿਲ ਪੇਸ਼ ਨਹੀਂ ਕੀਤਾ ਜਾਵੇਗਾ। ਅੱਜ ਕੇਂਦਰੀ ਬਜਟ ‘ਤੇ ਚਰਚਾ ਹੋਈ। ਇਸ ਤੋਂ ਬਾਅਦ ਰਾਸ਼ਟਰਪਤੀ ਨੂੰ ਧੰਨਵਾਦ ਦਾ ਪ੍ਰਸਤਾਵ ਪੇਸ਼ ਕੀਤਾ ਗਿਆ। ਕਿਸਾਨਾਂ ਦੇ ਮੁੱਦੇ 'ਤੇ ਸੰਸਦ 'ਚ ਵਿਰੋਧੀ ਧਿਰਾਂ ਸਰਕਾਰ ਨੂੰ ਲਗਾਤਾਰ ਘੇਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।
parliment
ਕੱਲ੍ਹ ਦੇ ਬਜਟ ਤੋਂ ਬਾਅਦ ਅੱਜ ਰਾਜ ਸਭਾ 'ਚ ਵਿਰੋਧੀ ਧਿਰਾਂ ਨੇ ਖੇਤੀ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਦੱਸਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ ਅੱਜ ਦੂਜੀ ਵਾਰ ਕਾਰਵਾਈ ਮੁਲਤਵੀ ਕਰ ਦਿੱਤੀ ਗਈ। ਦੱਸਣਯੋਗ ਹੈ ਕਿ ਸਵੇਰੇ 10.30 ਵਜੇ ਜਿਵੇਂ ਹੀ ਸਦਨ ਦੀ ਕਾਰਵਾਈ ਮੁੜ ਚਾਲੂ ਹੋਈ ਤਾਂ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੇ ਖੇਤੀ ਕਾਨੂੰਨਾਂ ਵਿਰੋਧੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਹੰਗਾਮੇ ਨੂੰ ਦੇਖਦਿਆਂ ਸਦਨ ਦੀ ਕਾਰਵਾਈ ਨੂੰ ਇਕ ਵਾਰ ਫਿਰ 12.30 ਵਜੇ ਤੱਕ ਲਈ ਮੁਲਤਵੀ ਕਰਨਾ ਪਿਆ।
ਇਕ ਵਾਰ ਫਿਰ 12.30 ਵਜੇ ਜੈ ਜਵਾਨ, ਜੈ ਕਿਸਾਨ ਦੇ ਨਾਅਰੇ ਲਗਾਏ ਜਾਣੇ ਸ਼ੁਰੂ ਹੋ ਗਏ। ਇਸ ਤੋਂ ਬਾਅਦ ਡਿਪਟੀ ਚੇਅਰਮੈਨ ਨੇ ਕਿਹਾ," ਕੱਲ ਤੋਂ ਅਸੀਂ ਰਾਸ਼ਟਰਪਤੀ ਦੇ ਸੰਬੋਧਨ 'ਤੇ ਵਿਚਾਰ ਕਰਨ ਜਾ ਰਹੇ ਹਾਂ, ਹੁਣ ਤੁਸੀਂ ਆਪਣੀਆਂ ਸੀਟਾਂ' ਤੇ ਜਾਓ ਪਰ ਵਿਰੋਧੀ ਸੰਸਦ ਮੈਂਬਰ ਨਾ ਸੁਣੇ ਅਤੇ ਨਾਅਰੇਬਾਜ਼ੀ ਕਰਦੇ ਰਹੇ।"ਇਸ ਦੇ ਮੱਦੇਨਜ਼ਰ ਸਦਨ ਦੀ ਕਾਰਵਾਈ ਕੱਲ (ਬੁੱਧਵਾਰ) ਸਵੇਰੇ 9 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।
Farmer protest
ਜ਼ਿਕਰਯੋਗ ਹੈ ਕਿ ਬਜਟ ਇਜਲਾਸ ਤੋਂ ਪਹਿਲਾਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦੋਵੇਂ ਸਦਨਾਂ ਨੂੰ ਸੰਬੋਧਨ ਕੀਤਾ ਸੀ ਪਰ ਉਸ ਤੋਂ ਪਹਿਲਾਂ ਹੀ 16 ਪਾਰਟੀਆਂ ਨੇ ਬਿਆਨ ਜਾਰੀ ਕਰਕੇ ਰਾਸ਼ਟਰਪਤੀ ਦੇ ਭਾਸ਼ਣ ਦਾ ਬਾਈਕਾਟ ਕੀਤਾ ਸੀ। ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੇ ਬਾਰਡਰਾਂ ‘ਤੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਦੋ ਮਹੀਨੇ ਤੋਂ ਵੱਧ ਸਮਾਂ ਹੋ ਚੁੱਕਾ ਹੈ। ਕਈ ਮੁੱਦੇ ‘ਤੇ ਕਈ ਸਿਆਸੀ ਧਿਰਾਂ ਅੰਦੋਲਨ ਨੂੰ ਸਮਰਥਨ ਦੇ ਰਹੀਆਂ ਹਨ। ਵਿਰੋਧੀ ਧਿਰਾਂ ਵੱਲੋਂ ਲਗਾਤਾਰ ਸਰਕਾਰ ਕੋਲ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ।