
ਅਹੁਦੇ ਦਾ ਕੋਈ ਫਾਇਦਾ ਨਹੀਂ ਹੈ, ਇਸ ਲਈ ਉਨ੍ਹਾਂ ਨੇ ਅਸਤੀਫਾ ਦੇਣ ਦਾ ਫੈਸਲਾ ਕੀਤਾ : ਬੀ.ਆਰ. ਪਾਟਿਲ
ਕਲਬੁਰਗੀ (ਕਰਨਾਟਕ) : ਮੁੱਖ ਮੰਤਰੀ ਸਿਧਾਰਮਈਆ ਦੇ ਸਿਆਸੀ ਸਲਾਹਕਾਰ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ ਅਲੰਦ ਦੇ ਕਾਂਗਰਸੀ ਵਿਧਾਇਕ ਬੀ.ਆਰ. ਪਾਟਿਲ ਨੇ ਐਤਵਾਰ ਨੂੰ ਦੋਸ਼ ਲਾਇਆ ਕਿ ਹੋਰ ਵਿਧਾਇਕਾਂ ਵਾਂਗ ਉਨ੍ਹਾਂ ਨੂੰ ਵੀ ਚੋਣਾਂ ਤੋਂ ਪਹਿਲਾਂ ਗਾਰੰਟੀ ਸਕੀਮਾਂ ਕਾਰਨ ਗ੍ਰਾਂਟ ਨਹੀਂ ਮਿਲ ਰਹੀ ਹੈ।
ਪਾਟਿਲ ਨੇ ਸਨਿਚਰਵਾਰ ਨੂੰ ਅਹੁਦੇ ਤੋਂ ਅਸਤੀਫਾ ਦੇ ਦਿਤਾ ਸੀ, ਜੋ ਉਹ 29 ਦਸੰਬਰ, 2023 ਤੋਂ ਇਸ ਅਹੁਦੇ ’ਤੇ ਸਨ। ਉਨ੍ਹਾਂ ਨੇ ਅਪਣਾ ਅਸਤੀਫਾ ਬੈਂਗਲੁਰੂ ਸਥਿਤ ਮੁੱਖ ਮੰਤਰੀ ਦਫ਼ਤਰ ਨੂੰ ਸੌਂਪ ਦਿਤਾ। ਕਾਂਗਰਸ ਸਰਕਾਰ ਨੇ 2024-25 ਦੇ ਬਜਟ ’ਚ ਪੰਜ ਗਰੰਟੀਆਂ ਲਈ 52,000 ਕਰੋੜ ਰੁਪਏ ਰੱਖੇ ਸਨ। ਹਾਲਾਂਕਿ, ਪਾਰਟੀ ਸੂਤਰਾਂ ਨੇ ਕਿਹਾ ਕਿ ਇਨ੍ਹਾਂ ਗਰੰਟੀਆਂ ’ਤੇ ਖਰਚ ਨਵੰਬਰ ਤਕ ਬਜਟ ਅਲਾਟਮੈਂਟ ਤੋਂ ਕਿਤੇ ਵੱਧ ਸੀ।
ਪਾਟਿਲ ਨੇ ਕਿਹਾ, ‘‘ਸਮੱਸਿਆਵਾਂ ਹਨ। ਮੈਂ ਸੋਚ-ਸਮਝ ਕੇ ਅਸਤੀਫਾ ਨਹੀਂ ਦਿਤਾ। ਜੇਕਰ ਮੁੱਖ ਮੰਤਰੀ ਮੈਨੂੰ ਸੱਦਾ ਦਿੰਦੇ ਹਨ ਤਾਂ ਮੈਂ ਉਨ੍ਹਾਂ ਨੂੰ ਮਿਲਾਂਗਾ ਅਤੇ ਸਪੱਸ਼ਟੀਕਰਨ ਦੇਵਾਂਗਾ।’’ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਿੱਧਰਮਈਆ ਨੂੰ ਦੋ ਵਾਰ ਚਿੱਠੀਆਂ ਲਿਖੀਆਂ ਹਨ। ਉਨ੍ਹਾਂ ਕਿਹਾ, ‘‘ਪਰ ਉਹ ਵੀ ਐਮ.ਯੂ.ਡੀ.ਏ. ਘਪਲੇ ਅਤੇ ਸੂਬੇ ਦੇ ਬਜਟ ਦੀ ਤਿਆਰੀ ਕਾਰਨ ਦਬਾਅ ’ਚ ਹਨ ਪਰ ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਅੰਤ ਤਕ ਇਕ ਨਜ਼ਦੀਕੀ ਦੋਸਤ ਦੀ ਤਰ੍ਹਾਂ ਉਨ੍ਹਾਂ ਦੇ ਨਾਲ ਰਹਾਂਗਾ।’’
ਅਸਤੀਫੇ ਦੇ ਕਾਰਨਾਂ ਬਾਰੇ ਪੁੱਛੇ ਜਾਣ ’ਤੇ ਪਾਟਿਲ ਨੇ ਕਿਹਾ ਕਿ ਉਹ ਅਪਣੇ ਹਲਕੇ ਲਈ ਕੁੱਝ ਨਹੀਂ ਕਰ ਸਕਦੇ ਅਤੇ ਨਾ ਹੀ ਕਿਸੇ ਹੋਰ ਮੁੱਦੇ ਨੂੰ ਹੱਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਿਆਸੀ ਸਲਾਹਕਾਰ ਦੇ ਤੌਰ ’ਤੇ ਉਨ੍ਹਾਂ ਦੇ ਅਹੁਦੇ ਦਾ ਕੋਈ ਫਾਇਦਾ ਨਹੀਂ ਹੈ, ਇਸ ਲਈ ਉਨ੍ਹਾਂ ਨੇ ਅਸਤੀਫਾ ਦੇਣ ਦਾ ਫੈਸਲਾ ਕੀਤਾ।
ਇਹ ਪੁੱਛੇ ਜਾਣ ’ਤੇ ਕਿ ਕੀ ਗ੍ਰਾਂਟਾਂ ਮੁੱਖ ਕਾਰਨ ਹਨ, ਉਨ੍ਹਾਂ ਸਪੱਸ਼ਟ ਕੀਤਾ ਕਿ ਗ੍ਰਾਂਟਾਂ ਦੇ ਨਾਲ-ਨਾਲ ਹੋਰ ਮੁੱਦੇ ਵੀ ਹਨ। ਉਨ੍ਹਾਂ ਕਿਹਾ, ‘‘ਗਰੰਟੀਆਂ ਕਾਰਨ, ਸਾਨੂੰ ਗ੍ਰਾਂਟਾਂ ਨਹੀਂ ਮਿਲ ਰਹੀਆਂ ਹਨ। ਮੈਂ ਇਕੱਲਾ ਪ੍ਰਭਾਵਤ ਨਹੀਂ ਹਾਂ- ਸੂਬੇ ਭਰ ਦੇ ਕਈ ਹੋਰ ਵਿਧਾਇਕ ਵੀ ਫੰਡਾਂ ਤੋਂ ਵਾਂਝੇ ਹਨ।’’