
ਘਟਨਾ ਤੋਂ ਬਾਅਦ, ਭਾਰਤ ਨੇ ਰੂਸ ਅਤੇ ਯੂਕਰੇਨ ਦੋਵਾਂ ਦੇ ਰਾਜਦੂਤਾਂ ਨੂੰ ਤੁਰੰਤ ਭਾਰਤੀ ਨਾਗਰਿਕਾਂ ਲਈ ਸੁਰੱਖਿਅਤ ਰਸਤਾ ਯਕੀਨੀ ਬਣਾਉਣ ਲਈ ਕਿਹਾ
ਨਵੀਂ ਦਿੱਲੀ: ਯੂਕਰੇਨ ਦੇ ਖਾਰਕੀਵ ਸ਼ਹਿਰ ਵਿਚ 21 ਸਾਲਾ ਭਾਰਤੀ ਐੱਮਬੀਬੀਐੱਸ ਵਿਦਿਆਰਥੀ ਦੀ ਮੌਤ ਦੇ ਮਾਮਲੇ ਦੀ ਜਾਂਚ ਰੂਸ ਵੱਲੋਂ ਕੀਤੀ ਜਾਵੇਗੀ। ਇਹ ਜਾਣਕਾਰੀ ਭਾਰਤ ਵਿਚ ਰੂਸ ਦੇ ਰਾਜਦੂਤ ਦੇ ਅਹੁਦੇ ਲਈ ਨਾਮਜ਼ਦ ਡੇਨਿਸ ਅਲੀਪੋਵ ਨੇ ਦਿੱਤੀ। ਖਾਰਕੀਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਦੇ ਚੌਥੇ ਸਾਲ ਦਾ ਮੈਡੀਕਲ ਵਿਦਿਆਰਥੀ ਨਵੀਨ ਸ਼ੇਖਰੱਪਾ ਗਿਆਂਗੌਦਰ ਮੰਗਲਵਾਰ ਨੂੰ ਖਾਰਕੀਵ ਵਿੱਚ ਇੱਕ ਭਾਰੀ ਗੋਲੀਬਾਰੀ ਵਿਚ ਮਾਰਿਆ ਗਿਆ ਸੀ।
Denis Alipov
ਘਟਨਾ ਤੋਂ ਬਾਅਦ, ਭਾਰਤ ਨੇ ਰੂਸ ਅਤੇ ਯੂਕਰੇਨ ਦੋਵਾਂ ਦੇ ਰਾਜਦੂਤਾਂ ਨੂੰ ਤੁਰੰਤ ਭਾਰਤੀ ਨਾਗਰਿਕਾਂ ਲਈ ਸੁਰੱਖਿਅਤ ਰਸਤਾ ਯਕੀਨੀ ਬਣਾਉਣ ਲਈ ਕਿਹਾ ਜੋ ਅਜੇ ਵੀ ਖਾਰਕੀਵ ਅਤੇ ਹੋਰ ਵਿਵਾਦ ਵਾਲੇ ਖੇਤਰਾਂ ਵਿਚ ਫਸੇ ਹੋਏ ਹਨ। ਅਲੀਪੋਵ ਨੇ ਇੱਕ ਮੀਡੀਆ ਬ੍ਰੀਫਿੰਗ ਵਿਚ ਕਿਹਾ, “ਮੈਂ ਨਵੀਨ ਸ਼ੇਖਰੱਪਾ ਗਿਆਂਗੌਦਰ ਦੇ ਪਰਿਵਾਰ ਅਤੇ ਪੂਰੇ ਭਾਰਤੀ ਰਾਸ਼ਟਰ ਪ੍ਰਤੀ ਸੰਵੇਦਨਾ ਪ੍ਰਗਟ ਕਰਨਾ ਚਾਹਾਂਗਾ।
"ਰੂਸ ਤਿੱਖੇ ਸੰਘਰਸ਼ ਵਾਲੇ ਖੇਤਰਾਂ ਵਿਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰੇਗਾ ਅਤੇ ਇਸ ਮੰਦਭਾਗੀ ਘਟਨਾ ਦੀ ਸਹੀ ਜਾਂਚ ਕਰੇਗਾ। ਨਵੀਨ ਕਰਨਾਟਕ ਦੇ ਹਾਵੇਰੀ ਜ਼ਿਲ੍ਹੇ ਦੇ ਚਾਲਗੇਰੀ ਦਾ ਰਹਿਣ ਵਾਲਾ ਸੀ। ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਮੰਗਲਵਾਰ ਰਾਤ ਨੂੰ ਕਿਹਾ ਕਿ ਨਵੀਨ ਦੀ ਲਾਸ਼ ਦੀ ਪਛਾਣ ਕਰ ਲਈ ਗਈ ਹੈ ਅਤੇ ਉਸ ਨੂੰ ਯੂਨੀਵਰਸਿਟੀ ਦੇ ਮੁਰਦਾਘਰ ਲਿਜਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਅਧਿਕਾਰੀ ਲਾਸ਼ ਨੂੰ ਵਾਪਸ ਲਿਆਉਣ ਲਈ ਖਾਰਕੀਵ ਵਿੱਚ ਸਥਾਨਕ ਪ੍ਰਸ਼ਾਸਨ ਦੇ ਸੰਪਰਕ ਵਿਚ ਹਨ।