
ਡਾ. ਇਗੋਰ ਪੋਲੀਖ ਨੇ ਕਿਹਾ ਕਿ ਰੂਸੀ ਰਾਸਟਰਪਤੀ ਖਿਲਾਫ਼ ਹਰ ਸੰਭਵ ਸਾਧਨਾਂ ਦੀ ਵਰਤੋਂ ਕਰਨ ਲਈ ਉਹਨਾਂ ਦਾ ਦੇਸ਼ ਹਰ ਪ੍ਰਭਾਵਸ਼ਾਲੀ ਵਿਸ਼ਵ ਨੇਤਾ ਨੂੰ ਅਪੀਲ ਕਰ ਰਿਹਾ ਹੈ
ਨਵੀਂ ਦਿੱਲੀ: ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਵਿਚ ਰੂਸੀ ਗੋਲਾਬਾਰੀ ਵਿਚ ਇਕ ਭਾਰਤੀ ਵਿਦਿਆਰਥੀ ਦੀ ਮੌਤ ਤੋਂ ਬਾਅਦ ਵਿਦੇਸ਼ ਮੰਤਰਾਲੇ (MEA) ਕੋਲ ਪਹੁੰਚੇ ਭਾਰਤ 'ਚ ਯੂਕਰੇਨ ਦੇ ਰਾਜਦੂਤ ਡਾ. ਇਗੋਰ ਪੋਲੀਖ ਨੇ ਕਿਹਾ ਕਿ ਹਮਲੇ ਨੂੰ ਰੋਕਣ ਲਈ ਰੂਸੀ ਰਾਸਟਰਪਤੀ ਖਿਲਾਫ਼ ਹਰ ਸੰਭਵ ਸਾਧਨਾਂ ਦੀ ਵਰਤੋਂ ਕਰਨ ਲਈ ਉਹਨਾਂ ਦਾ ਦੇਸ਼ ਹਰ ਪ੍ਰਭਾਵਸ਼ਾਲੀ ਵਿਸ਼ਵ ਨੇਤਾ ਨੂੰ ਅਪੀਲ ਕਰ ਰਿਹਾ ਹੈ, ਜਿਨ੍ਹਾਂ ਵਿਚੋਂ ਇਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹਨ।
ਰਾਜਦੂਤ ਦੇ ਹਵਾਲੇ ਨਾਲ ਨਿਊਜ਼ ਏਜੰਸੀ ਨੇ ਲਿਖਿਆ, “ਇਹ ਮੁਗਲਾਂ ਵਲੋਂ ਰਾਜਪੂਤਾਂ ਦੇ ਖਿਲਾਫ਼ ਕੀਤੇ ਗਏ ਕਤਲੇਆਮ ਵਾਂਗ ਹੈ। ਅਸੀਂ ਸਾਰੇ ਪ੍ਰਭਾਵਸ਼ਾਲੀ ਵਿਸ਼ਵ ਨੇਤਾਵਾਂ ਨੂੰ ਪੁਤਿਨ ਖ਼ਿਲਾਫ਼ ਹਰ ਸਰੋਤ ਦੀ ਵਰਤੋਂ ਕਰਨ ਲਈ ਕਹਿ ਰਹੇ ਹਾਂ। ” ਭਾਰਤੀ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨਾਲ ਆਪਣੀ ਮੀਟਿੰਗ ਸਬੰਧੀ ਉਹਨਾਂ ਕਿਹਾ ਕਿ ਭਾਰਤ ਵਲੋਂ ਯੂਕਰੇਨ ਨੂੰ ਪ੍ਰਦਾਨ ਕੀਤੀ ਜਾ ਰਹੀ ਮਨੁੱਖੀ ਸਹਾਇਤਾ ਦੇ ਰੂਪਾਂ 'ਤੇ ਚਰਚਾ ਕੀਤੀ ਗਈ।
ਉਹਨਾਂ ਕਿਹਾ, “ਅਸੀਂ ਇਹ ਸਹਾਇਤਾ ਲਈ ਭਾਰਤ ਦੇ ਧੰਨਵਾਦੀ ਹਾਂ। ਪਹਿਲੇ ਜਹਾਜ਼ ਦੇ ਅੱਜ ਪੋਲੈਂਡ ਵਿਚ ਪਹੁੰਚਣ ਦੀ ਉਮੀਦ ਹੈ। ਵਿਦੇਸ਼ ਸਕੱਤਰ ਵਲੋਂ ਭਰੋਸਾ ਦਿੱਤਾ ਗਿਆ ਕਿ ਯੂਕਰੇਨ ਨੂੰ ਵੱਧ ਤੋਂ ਵੱਧ ਮਨੁੱਖੀ ਸਹਾਇਤਾ ਮਿਲੇਗੀ”। ਉਹਨਾਂ ਕਿਹਾ ਮੈਂ ਯੂਕਰੇਨ ਦੇ ਖਾਰਕੀਵ ਵਿਚ ਗੋਲੀਬਾਰੀ ਵਿਚ ਮਾਰੇ ਗਏ ਇਕ ਭਾਰਤੀ ਵਿਦਿਆਰਥੀ ਨਵੀਨ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਾ ਹਾਂ। ਪਹਿਲਾਂ ਫੌਜੀ ਟਿਕਾਣਿਆਂ 'ਤੇ ਗੋਲਾਬਾਰੀ ਹੁੰਦੀ ਸੀ ਪਰ ਹੁਣ ਨਾਗਰਿਕ ਇਲਾਕਿਆਂ 'ਚ ਵੀ ਹੋ ਰਹੀ ਹੈ।
Volodymyr Zelensky and Vladimir Putin
ਭਾਰਤ 'ਚ ਯੂਕਰੇਨ ਦੇ ਰਾਜਦੂਤ ਡਾ. ਇਗੋਰ ਪੋਲੀਖਾ ਨੇ ਕਿਹਾ ਕਿ ਰੂਸ ਵਲੋਂ ਯੂਕਰੇਨ ਵਿਚ ਘੁਸਪੈਠ ਕੀਤੇ 6 ਦਿਨ ਹੋ ਚੁੱਕੇ ਹਨ। ਸਾਡੀ ਫੌਜ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਫੌਜਾਂ ਵਿਚੋਂ ਇੱਕ ਨੂੰ ਰੋਕਣ ਵਿਚ ਸਫਲ ਰਹੀ ਹੈ। ਬਦਕਿਸਮਤੀ ਨਾਲ ਇਸ ਜੰਗ ਵਿਚ ਰੂਸ-ਯੂਕਰੇਨ ਦੇ ਸੈਨਿਕਾਂ ਦੇ ਨਾਲ-ਨਾਲ ਵੱਡੀ ਗਿਣਤੀ ਵਿਚ ਆਮ ਨਾਗਰਿਕ ਵੀ ਆਪਣੀਆਂ ਜਾਨਾਂ ਗੁਆ ਰਹੇ ਹਨ।