
ਕਈ ਦੇਸ਼ਾਂ ਦੇ ਇਸ ਦੌੜ ’ਚ ਸ਼ਾਮਲ ਹੋਣ ਨਾਲ ਮੁਕਾਬਲਾ ਹੋਰ ਸਖਤ ਹੋਵੇਗਾ
ਨਵੀਂ ਦਿੱਲੀ: ਕੌਮਾਂਤਰੀ ਓਲੰਪਿਕ ਕਮੇਟੀ (ਆਈ.ਓ.ਸੀ.) ਦੇ ਪ੍ਰਧਾਨ ਅਹੁਦੇ ਦੇ ਉਮੀਦਵਾਰ ਸੇਬਾਸਟੀਅਨ ਕੋ ਨੇ ਕਿਹਾ ਹੈ ਕਿ ਭਾਰਤ 2036 ਓਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਮਜ਼ਬੂਤ ਦਾਅਵੇਦਾਰ ਹੈ ਪਰ ਕਈ ਦੇਸ਼ਾਂ ਦੇ ਇਸ ਦੌੜ ’ਚ ਸ਼ਾਮਲ ਹੋਣ ਨਾਲ ਮੁਕਾਬਲਾ ਹੋਰ ਸਖਤ ਹੋਵੇਗਾ।
ਭਾਰਤ ਨੇ ਪਹਿਲਾਂ ਹੀ 2036 ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਆਈ.ਓ.ਸੀ. ਦੇ ਸੰਭਾਵਤ ਮੇਜ਼ਬਾਨ ਕਮਿਸ਼ਨ ਨੂੰ ਇਰਾਦਾ ਪੱਤਰ ਸੌਂਪ ਦਿਤਾ ਹੈ, ਜੋ ਵਿਸ਼ਵ ਖੇਡ ਦੀ ਚੋਟੀ ਦੀ ਸੰਸਥਾ ਨਾਲ ਮਹੀਨਿਆਂ ਦੀ ਗੈਰ ਰਸਮੀ ਗੱਲਬਾਤ ਤੋਂ ਬਾਅਦ ਇਕ ਅਭਿਲਾਸ਼ੀ ਯੋਜਨਾ ਵਿਚ ਪਹਿਲਾ ਠੋਸ ਕਦਮ ਹੈ।
ਉਨ੍ਹਾਂ ਇਕ ਵਿਸ਼ੇਸ਼ ਇੰਟਰਵਿਊ ’ਚ ਕਿਹਾ, ‘‘ਮੇਰੇ ਪਿਛੋਕੜ ਨੂੰ ਵੇਖਦੇ ਹੋਏ ਤੁਹਾਨੂੰ ਇਹ ਕਹਿ ਕੇ ਹੈਰਾਨੀ ਨਹੀਂ ਹੋਵੇਗੀ ਕਿ ਮੈਂ ਬਹੁਤ ਖੁਸ਼ ਹਾਂ ਕਿ ਭਾਰਤ ਆਲਮੀ ਖੇਡਾਂ ਅਤੇ ਖਾਸ ਤੌਰ ’ਤੇ ਓਲੰਪਿਕ ਅੰਦੋਲਨ ਲਈ ਵਚਨਬੱਧ ਹੈ। ਮੈਂ ਇਹ ਸੁਣ ਕੇ ਬਹੁਤ ਖੁਸ਼ ਹੋਇਆ।’’ ਉਨ੍ਹਾਂ ਅੱਗੇ ਕਿਹਾ, ‘‘ਪਰ ਇਹ ਬਹੁਤ ਮੁਕਾਬਲੇਬਾਜ਼ ਹੋਣ ਜਾ ਰਿਹਾ ਹੈ। ਕਿਉਂਕਿ ਸਿਰਫ ਇਕ ਹੀ ਬੋਲੀ ਲਗਾਉਣ ਵਾਲਾ ਨਹੀਂ ਹੋਵੇਗਾ ਪਰ ਭਾਰਤ ਇਸ ਨੂੰ ਬਹੁਤ ਮਜ਼ਬੂਤ ਦਾਅਵਾ ਕਰ ਸਕਦਾ ਹੈ।’’
ਪੋਲੈਂਡ, ਇੰਡੋਨੇਸ਼ੀਆ, ਦਖਣੀ ਅਫਰੀਕਾ, ਕਤਰ, ਹੰਗਰੀ, ਤੁਰਕੀ, ਮੈਕਸੀਕੋ ਅਤੇ ਮਿਸਰ ਉਨ੍ਹਾਂ ਹੋਰ ਦੇਸ਼ਾਂ ਵਿਚ ਸ਼ਾਮਲ ਹਨ ਜਿਨ੍ਹਾਂ ਨੇ 2036 ਓਲੰਪਿਕ ਦੀ ਮੇਜ਼ਬਾਨੀ ਵਿਚ ਦਿਲਚਸਪੀ ਵਿਖਾ ਈ ਹੈ। 2036 ਦੀਆਂ ਖੇਡਾਂ ਦੇ ਮੇਜ਼ਬਾਨ ਦੇਸ਼ ਦਾ ਪਤਾ 2026 ਤੋਂ ਪਹਿਲਾਂ ਨਹੀਂ ਲੱਗੇਗਾ। ਪਰ ਇਹ ਨਿਸ਼ਚਿਤ ਹੈ ਕਿ ਮੇਜ਼ਬਾਨ ਦੀ ਚੋਣ 20 ਮਾਰਚ ਨੂੰ ਨਵੇਂ ਆਈ.ਓ.ਸੀ. ਮੁਖੀ ਦੀ ਚੋਣ ਦੇ ਜੇਤੂ ਦੀ ਪ੍ਰਧਾਨਗੀ ਦੌਰਾਨ ਕੀਤੀ ਜਾਵੇਗੀ।