
ਇਕ ਹਫ਼ਤੇ ਦੀ ਸ਼ਾਂਤੀ ਪਿੱਛੋਂ ਦਾਰਜੀਲਿੰਗ ਦੀਆਂ ਪਹਾੜੀਆਂ ਵਿਚ ਅੱਜ ਮੁੜ ਹਿੰਸਕ ਘਟਨਾਵਾਂ ਵਾਪਰੀਆਂ ਜਦੋਂ ਸੁਕਨਾ ਇਲਾਕੇ ਵਿਚ ਗੋਰਖਾਲੈਂਡ ਦੇ ਹਮਾਇਤੀਆਂ ਅਤੇ....
ਦਾਰਜੀਲਿੰਗ, 29 ਜੁਲਾਈ : ਇਕ ਹਫ਼ਤੇ ਦੀ ਸ਼ਾਂਤੀ ਪਿੱਛੋਂ ਦਾਰਜੀਲਿੰਗ ਦੀਆਂ ਪਹਾੜੀਆਂ ਵਿਚ ਅੱਜ ਮੁੜ ਹਿੰਸਕ ਘਟਨਾਵਾਂ ਵਾਪਰੀਆਂ ਜਦੋਂ ਸੁਕਨਾ ਇਲਾਕੇ ਵਿਚ ਗੋਰਖਾਲੈਂਡ ਦੇ ਹਮਾਇਤੀਆਂ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ।
ਅਣਮਿੱਥੇ ਸਮੇਂ ਦੀ ਹੜਤਾਲ ਦਾ ਅੱਜ 45ਵਾਂ ਦਿਨ ਸੀ ਅਤੇ ਛੁਰਿਆਂ ਤੇ ਰਵਾਇਤੀ ਖ਼ੁਖਰੀ ਨਾਲ ਲੈਸ ਗੋਰਖਾਲੈਂਡ ਦੇ ਹਮਾਇਤੀਆਂ ਨੇ ਸਿਲੀਗੁੜੀ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦਿਆਂ ਮੰਗ ਕੀਤੀ ਕਿ ਇਸ ਸ਼ਹਿਰ ਨੂੰ ਵੀ ਤਜਵੀਜ਼ਸ਼ੁਦਾ ਗੋਰਖਾਲੈਂਡ ਵਿਚ ਸ਼ਾਮਲ ਕੀਤਾ ਜਾਵੇ। ਪੁਲਿਸ ਨੇ ਸੁਕਨਾ ਰੋਡ ਕ੍ਰਾਸਿੰਗ ਨੇੜੇ ਸੜਕ 'ਤੇ ਰੋਕਾਂ ਲਾਈਆਂ ਹੋਈਆਂ ਸਨ ਅਤੇ ਵਿਖਾਵਾਕਾਰੀਆਂ ਨੂੰ ਵਾਪਸ ਜਾਣ ਦੀ ਹਦਾਇਤ ਦਿਤੀ। ਵਿਖਾਵਾਕਾਰੀ ਨਹੀਂ ਮੰਨੇ ਅਤੇ ਰੋਕਾਂ ਤੋੜਨ ਮਗਰੋਂ ਪੁਲਿਸ 'ਤੇ ਪਥਰਾਅ ਸ਼ੁਰੂ ਕਰ ਦਿਤਾ।
ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਹਲਕਾ ਲਾਠੀਚਾਰਜ ਕੀਤਾ ਜਿਸ ਪਿੱਛੋਂ ਵਿਖਾਵਾਕਾਰੀ ਹਿੰਸਕ ਹੋ ਗਏ ਅਤੇ ਨੇੜੇ ਖੜੀਆਂ ਕੁੱਝ ਗੱਡੀਆਂ ਨੂੰ ਅੱਗ ਲਾ ਦਿਤੀ। ਗੋਰਖਾਲੈਂਡ ਹਮਾਇਤੀਆਂ ਨੇ ਸੁਕਨਾ-ਸਿਲੀਗੁੜੀ ਸੜਕ 'ਤੇ ਧਰਨਾ ਵੀ ਦਿਤਾ। ਗੋਰਖਾ ਜਨਮੁਕਤੀ ਮੋਰਚਾ ਨੇ ਦਾਅਵਾ ਕੀਤਾ ਕਿ ਪੁਲਿਸ ਨੇ ਗੋਲੀਆਂ ਚਲਾਈਆਂ ਜਦਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਗੱਲ ਦਾ ਖੰਡਨ ਕੀਤਾ। ਝੜਪਾਂ ਦੌਰਾਨ ਛੇ ਪੁਲਿਸ ਮੁਲਾਜ਼ਮਾਂ ਸਣੇ 26 ਜਣਿਆਂ ਦੇ ਜ਼ਖ਼ਮੀ ਹੋਣ ਦੀ ਰੀਪੋਰਟ ਹੈ। (ਪੀਟੀਆਈ)