Editorial: ਕ੍ਰਿਕਟ ਦੇ ਪਿੜ੍ਹ ਵਿਚ ਸਿਆਸੀ ਜੰਗ
Published : Sep 30, 2025, 7:30 am IST
Updated : Sep 30, 2025, 7:30 am IST
SHARE ARTICLE
Political war in the cricket field Editorial
Political war in the cricket field Editorial

ਦੁਬਈ ਵਿਚ ਐਤਵਾਰ ਨੂੰ ਏਸ਼ੀਆ ਕੱਪ ਕ੍ਰਿਕਟ ਦੇ ਫ਼ਾਈਨਲ ਦਾ ਮੁਕੰਮਲ ਸਿਆਸੀਕਰਨ ਅਫ਼ਸੋਸਨਾਕ ਵਰਤਾਰਾ ਸੀ।

Political war in the cricket field Editorial: ਦੁਬਈ ਵਿਚ ਐਤਵਾਰ ਨੂੰ ਏਸ਼ੀਆ ਕੱਪ ਕ੍ਰਿਕਟ ਦੇ ਫ਼ਾਈਨਲ ਦਾ ਮੁਕੰਮਲ ਸਿਆਸੀਕਰਨ ਅਫ਼ਸੋਸਨਾਕ ਵਰਤਾਰਾ ਸੀ। ਦੋਵਾਂ ਟੀਮਾਂ ਦੇ ਟਕਰਾਅ ਤੇ ਖੇਡ ਪੱਖੋਂ ਇਹ ਮੈਚ ਨਿਹਾਇਤ ਨਾਟਕੀ ਰਿਹਾ। ਪਰ ਮੈਚ ਤੋਂ ਬਾਅਦ ਜੋ ਕੁਝ ਵਾਪਰਿਆ, ਉਹ ਕਿਤੇ ਵੱਧ ਨਾਟਕੀ ਸੀ। ਨਤੀਜਾ ਇਹ ਨਿਕਲਿਆ ਕਿ ਭਾਰਤੀ ਟੀਮ ਨੂੰ ਚੈਂਪੀਅਨਜ਼ ਵਾਲੀ ਟਰਾਫ਼ੀ ਨਹੀਂ ਮਿਲੀ ਅਤੇ ਨਾ ਹੀ ਟੀਮ ਮੈਂਬਰ, ਜੇਤੂ ਮੈਡਲਾਂ ਨਾਲ ਸਨਮਾਨੇ ਗਏ।

ਖੇਡਾਂ ਤੇ ਸਿਆਸਤ ਨੂੰ ਅਲਹਿਦਾ ਰੱਖਣ ਦੇ ਸਿਧਾਂਤ ਦੇ ਪੈਰਵੀਕਾਰਾਂ ਨੂੰ ਹਿੰਦ-ਪਾਕਿ ਵਾਲਾ ਘਟਨਾਕ੍ਰਮ, ਖੇਡ ਭਾਵਨਾ ਤੇ ਉਲੰਪਿਕ ਚਾਰਟਰ ਦੇ ਖ਼ਿਲਾਫ਼ ਜਾਪਣਾ ਸੁਭਾਵਿਕ ਹੈ, ਪਰ ਅਸਲੀਅਤ ਇਹ ਵੀ ਹੈ ਕਿ ਹੁਣ ਯੁੱਗ ਅੰਧਰਾਸ਼ਟਰਵਾਦ ਤੇ ਸ਼ਾਵਨਵਾਦ ਦਾ ਹੈ। ਇਸ ਯੁੱਗ ਵਿਚ ਜਜ਼ਬਾਤ ਦੇ ਸੂਖ਼ਮ ਤੇ ਸ਼ਾਇਸਤਾ ਇਜ਼ਹਾਰ ਲਈ ਹੁਣ ਕੋਈ ਗੁੰਜਾਇਸ਼ ਹੀ ਨਹੀਂ ਬਚੀ। ਵੁੱਕਤ ਸਿਰਫ਼ ਤੇ ਸਿਰਫ਼ ਮਾਅਰਕੇਬਾਜ਼ੀ ਦੀ ਹੈ। ਜਦੋਂ ਸਮੁੱਚਾ ਮਾਹੌਲ ਹੀ ਅੰਧਰਾਸ਼ਟਰਵਾਦ ਨਾਲ ਗ੍ਰਸਤ ਹੋਵੇ ਤਾਂ ਉੱਥੇ ਜੋ ਦਿਲ ਵਿਚ ਨਹੀਂ ਵੀ ਹੈ, ਉਹ ਵੀ ਅਕਸਰ ਜ਼ੁਬਾਨ ’ਤੇ ਲਿਆਉਣਾ ਪੈਂਦਾ ਹੈ। ਇਹੀ ਕਾਰਨ ਹੈ ਕਿ ਏਸ਼ੀਆ ਕੱਪ ਇਸ ਮਾਹੌਲ ਦੇ ਅਸਰਾਤ ਤੋਂ ਬੱਚ ਨਹੀਂ ਸਕਿਆ। 

ਭਾਰਤੀ ਟੀਮ ਨੇ ਏਸ਼ੀਅਨ ਕ੍ਰਿਕਟ ਕਾਨਫ਼ਰੰਸ (ਏ.ਸੀ.ਸੀ.) ਦੇ ਮੁਖੀ ਮੋਹਸਿਨ ਨਕਵੀ ਦੇ ਹੱਥੋਂ ਕ੍ਰਿਕਟ ਟਰਾਫ਼ੀ ਤੇ ਮੈਡਲ ਲੈਣ ਤੋਂ ਨਾਂਹ ਕਰ ਦਿੱਤੀ। ਨਕਵੀ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ) ਦੇ ਮੁਖੀ ਵੀ ਹਨ ਅਤੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਵੀ। ਭਾਰਤੀ ਟੀਮ ਦਾ ਪੱਖ ਸੀ ਕਿ ਨਕਵੀ ਦੀ ਭਾਰਤ-ਵਿਰੋਧੀ ਬਿਆਨਬਾਜ਼ੀ ਅਤੇ ਏਸ਼ੀਆ ਕੱਪ ਦੌਰਾਨ ਵੀ ਭਾਰਤ-ਵਿਰੋਧੀ ਸੁਨੇਹਿਆਂ ਦੇ ਮੱਦੇਨਜ਼ਰ ਉਹ, ਨਕਵੀ ਦੇ ਹੱਥੋਂ ਕੁਝ ਵੀ ਸਵੀਕਾਰ ਨਹੀਂ ਕਰੇਗੀ। ਪਹਿਲਾਂ (ਫ਼ਾਈਨਲ ਸਮੇਤ) ਟੂਰਨਾਮੈਂਟ ਦੇ ਤਿੰਨਾਂ ਮੈਚਾਂ ਦੌਰਾਨ ਭਾਰਤੀ ਟੀਮ ਜਾਂ ਖਿਡਾਰੀਆਂ ਨੇ ਪਾਕਿਸਤਾਨੀ ਕਪਤਾਨ ਜਾਂ ਖਿਡਾਰੀਆਂ ਨਾਲ ਹੱਥ ਮਿਲਾਉਣ ਜਾਂ ਸਾਂਝੀਆਂ ਤਸਵੀਰਾਂ ਖਿਚਵਾਉਣ ਤੋਂ ਇਸ ਆਧਾਰ ’ਤੇ ਨਾਂਹ ਕਰ ਦਿੱਤੀ ਸੀ ਕਿ ਜਦੋਂ ਤਕ ਪਾਕਿਸਤਾਨ, ਭਾਰਤ-ਵਿਰੋਧੀ ਦਹਿਸ਼ਤਗ਼ਰਦੀ ਦੀ ਪੁਸ਼ਤ-ਪਨਾਹੀ ਬੰਦ ਨਹੀਂ ਕਰਦਾ, ਉਦੋਂ ਤਕ ਉਸ ਨਾਲ ਕਿਸੇ ਕਿਸਮ ਦੇ ਸਦਭਾਵੀ ਸਬੰਧਾਂ ਤੋਂ ਪਰਹੇਜ਼ ਕੀਤਾ ਜਾਵੇਗਾ।

ਇਹ ਭਾਰਤੀ ਪੱਖ ਕੌਮਾਂਤਰੀ ਮੰਚਾਂ ਉੱਤੇ ਨੁਕਤਾਚੀਨੀ ਦਾ ਵਿਸ਼ਾ ਲਗਾਤਾਰ ਬਣਦਾ ਆਇਆ ਹੈ, ਪਰ ਮੋਦੀ ਸਰਕਾਰ ਇਹ ਨੀਤੀ ਤਿਆਗਣ ਲਈ ਤਿਆਰ ਨਹੀਂ। ਪਾਕਿਸਤਾਨ ਨੇ ਇਸ ਭਾਰਤੀ ਰੁਖ਼ ਦੇ ਖ਼ਿਲਾਫ਼ ਕੌਮਾਂਤਰੀ ਖੇਡ ਮੰਚਾਂ ਉੱਤੇ ਬਹੁਤ ਵਾਵੇਲਾ ਵੀ ਮਚਾਇਆ, ਪਰ ਉਸ ਨੂੰ ਹੁੰਗਾਰਾ ਮੱਠਾ ਹੀ ਮਿਲਦਾ ਆਇਆ ਹੈ। ਹੁਣ ਵੀ ਅਜਿਹਾ ਰਹਿਣਾ ਯਕੀਨੀ ਹੈ; ਅਸਲ ਤਸਵੀਰ ਅਗਲੇ ਇਕ-ਦੋ ਦਿਨਾਂ ਦੇ ਅੰਦਰ ਸਾਫ਼ ਹੋ ਜਾਵੇਗੀ।  ਜਿਥੋਂ ਤਕ ਏਸ਼ੀਆ ਕੱਪ ਫ਼ਾਈਨਲ ਦਾ ਸਵਾਲ ਹੈ, ਇਹ ਓਨਾ ਹੀ ਦਿਲਚਸਪ ਤੇ ਸਨਸਨੀਖੇਜ਼ ਸੀ ਜਿੰਨਾ ਹਰ ਫ਼ਾਈਨਲ ਹੋਣਾ ਚਾਹੀਦਾ ਹੈ।

ਇਸ ਵਿਚ ਗੇਂਦਬਾਜ਼, ਬੱਲੇਬਾਜ਼ਾਂ ਉੱਪਰ ਹਾਵੀ ਰਹੇ। ਮੈਚ ਵਿਚ ਖੇਡ ਪੱਖੋਂ 60:40 ਦੇ ਅਨੁਪਾਤ ਨਾਲ ਪਾਕਿਸਤਾਨ ਹਾਵੀ ਰਿਹਾ। ਪਰ ਹਰ ਸੰਕਟ ਸਮੇਂ ਕੋਈ ਨਾ ਕੋਈ ਭਾਰਤੀ ਖਿਡਾਰੀ ਹਵਾ ਦਾ ਰੁਖ਼ ਬਦਲਣ ਵਿਚ ਕਾਮਯਾਬ ਰਿਹਾ, ਚਾਹੇ ਉਹ ਤਿਲਕ ਵਰਮਾ ਹੋਵੇ ਜਾਂ ਕੁਲਦੀਪ ਯਾਦਵ ਜਾਂ ਸ਼ਿਵਮ ਦੁਬੇ। ਟੂਰਨਾਮੈਂਟ ਵਿਚ ਦੋ ਮੈਚ ਭਾਰਤ ਪਾਸੋਂ ਹਾਰਨ ਕਰ ਕੇ ਪਾਕਿਸਤਾਨ ਬਦਲਾ ਲੈਣ ਦੇ ਜਜ਼ਬੇ ਨਾਲ ਮੈਦਾਨ ਵਿਚ ਉਤਰਿਆ ਸੀ। ਭਾਰਤੀ ਪਾਰੀ ਦੀਆਂ ਪਹਿਲੀਆਂ ਤਿੰਨ ਵਿਕਟਾਂ ਮਹਿਜ਼ 20 ਦੌੜਾਂ ਦੇ ਕੁਲ ਸਕੋਰ ’ਤੇ ਚਟਕਾਉਣ ਸਦਕਾ ਪਾਕਿਸਤਾਨ, ਬਦਲੇ ਵਲ ਵੱਧਦਾ ਵੀ ਜਾਪਣ ਲੱਗਾ ਸੀ, ਪਰ ਮੌਜੂਦਾ ਭਾਰਤੀ ਟੀਮ ਜੋਸ਼+ਹੋਸ਼ ਦਾ ਸੁਮੇਲ ਹੋਣ ਕਾਰਨ ਪਾਕਿਸਤਾਨੀ ਯਤਨਾਂ ਨੂੰ ਬੂਰ ਨਹੀਂ ਪਿਆ। 

ਪਾਕਿਸਤਾਨੀ ਮੀਡੀਆ ਇਹ ਸੰਕੇਤ ਦਿੰਦਾ ਆ ਰਿਹਾ ਹੈ ਕਿ ਏ.ਸੀ.ਸੀ. ਵਲੋਂ ਏਸ਼ੀਆ ਕੱਪ ਭਾਰਤ ਸਪੁਰਦ ਨਹੀਂ ਕੀਤਾ ਜਾਵੇਗਾ ਕਿਉਂਕਿ ਏ.ਸੀ.ਸੀ. ਮੁਖੀ ਦਾ ਅਪਮਾਨ ਕਰ ਕੇ ਭਾਰਤ ਨੇ ਇਹ ਟਰਾਫ਼ੀ ਹਾਸਿਲ ਕਰਨ ਦਾ ਹੱਕ ਗੁਆ ਲਿਆ ਹੈ। ਇਹ ਮਹਿਜ਼ ਖ਼ਿਆਲੀ ਪੁਲਾਉ ਹੈ। ਏ.ਸੀ.ਸੀ. ਜਾਂ ਕੌਮਾਂਤਰੀ ਕ੍ਰਿਕਟ ਕਾਉਂਸਿਲ (ਆਈ.ਸੀ.ਸੀ.) ਵਿਚ ਭਾਰਤੀ ਵਿੱਤੀ ਦਬਦਬਾ ਹੀ ਏਨਾ ਜ਼ਿਆਦਾ ਹੈ ਕਿ ਭਾਰਤ ਨੂੰ ਨਾਰਾਜ਼ ਕਰ ਕੇ ਅਜਿਹੀਆਂ ਸੰਸਥਾਵਾਂ ਦਾ ਕੰਮ ਨਹੀਂ ਚੱਲ ਸਕਦਾ।  ਏ.ਸੀ.ਸੀ. ਨੂੰ 53 ਫ਼ੀ ਸਦੀ ਆਮਦਨ ਭਾਰਤ ਤੋਂ ਹੁੰਦੀ ਹੈ ਜਦੋਂਕਿ ਆਈ.ਸੀ.ਸੀ. ਦੇ ਕੁਲ ਰੈਵੇਨਿਊ ਵਿਚ 38.3 ਫ਼ੀ ਸਦੀ ਹਿੱਸਾ ਭਾਰਤ ਦਾ ਰਹਿੰਦਾ ਹੈ।

ਇਹ ਅੰਕੜੇ ਇਸ ਹਕੀਕਤ ਦੇ ਗਵਾਹ ਹਨ ਕਿ ਕੌਮਾਂਤਰੀ ਕ੍ਰਿਕਟ ਵਿਚ ਭਾਰਤ ਕਿਸ ਹੱਦ ਤਕ ਸੀਨਾ ਵੀ ਫੁਲਾਅ ਸਕਦਾ ਹੈ ਅਤੇ ਡੌਲੇ ਵੀ। ਇਸ ਸਭ ਦੇ ਬਾਵਜੂਦ ਜੋ ਕੁਝ ਵਾਪਰਿਆ ਹੈ, ਉਹ ਖੇਡ ਭਾਵਨਾ ਪੱਖੋਂ ਮੰਦਭਾਗਾ ਹੈ। ਭਵਿੱਖ ਵਿਚ ਇਹੋ ਜਿਹਾ ਵਰਤਾਰਾ ਵਾਪਰਨ ਤੋਂ ਰੋਕਣ ਲਈ ਪੇਸ਼ਬੰਦੀਆਂ ਜ਼ਰੂਰ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਬੈਟ-ਬਾਲ, ਬੈਟ ਤੇ ਬਾਲ ਹੀ ਰਹਿਣੇ ਚਾਹੀਦੇ ਹਨ, ਮਿਜ਼ਾਈਲ ਤੇ ਗੋਲੇ ਨਹੀਂ ਬਣਨੇ ਚਾਹੀਦੇ।   

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM
Advertisement