
ਪਾਕਿਸਤਾਨ ਭਾਵੇਂ ਜੰਮੂ-ਕਸ਼ਮੀਰ ਵਿਚਲੇ ਹਾਲਾਤ ਦਾ ਲਾਭ ਉਠਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਵਾਦੀ ਵਿਚ ਹਿੰਸਕ ਘਟਨਾਵਾਂ ਲਈ ਉਹ ਜ਼ਿੰਮੇਵਾਰ ਨਹੀਂ। ਇਹ ਪ੍ਰਗਟਾਵਾ ਸਾਬਕਾ...
ਨਵੀਂ ਦਿੱਲੀ, 29 ਜੁਲਾਈ : ਪਾਕਿਸਤਾਨ ਭਾਵੇਂ ਜੰਮੂ-ਕਸ਼ਮੀਰ ਵਿਚਲੇ ਹਾਲਾਤ ਦਾ ਲਾਭ ਉਠਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਵਾਦੀ ਵਿਚ ਹਿੰਸਕ ਘਟਨਾਵਾਂ ਲਈ ਉਹ ਜ਼ਿੰਮੇਵਾਰ ਨਹੀਂ। ਇਹ ਪ੍ਰਗਟਾਵਾ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕੀਤਾ।
ਕੌਮੀ ਰਾਜਧਾਨੀ ਵਿਚ ਕਸ਼ਮੀਰ ਨਾਲ ਸਬੰਧਤ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਨੈਸ਼ਨਲ ਕਾਨਫ਼ਰੰਸ ਦੇ ਆਗੂ ਨੇ ਕਿਹਾ, ''ਕਸ਼ਮੀਰ ਵਿਚ ਵਾਪਰ ਰਹੀ ਹਰ ਘਟਨਾ ਦਾ ਦੋਸ਼ ਪਾਕਿਸਤਾਨ ਸਿਰ ਮੜ੍ਹਨਾ ਆਮ ਗੱਲ ਹੋ ਗਈ ਹੈ। ਇਹ ਸੱਚ ਹੈ ਕਿ ਪਾਕਿਸਤਾਨ ਹਾਲਾਤ ਦਾ ਲਾਭ ਉਠਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਅਸੀ ਸਾਰੇ ਜਾਣਦੇ ਹਾਂ ਕਿ 2008, 2010 ਅਤੇ 2016 ਵਿਚ ਹੋਏ ਹਿੰਸਕ ਵਿਖਾਵਿਆਂ ਲਈ ਗੁਆਂਢੀ ਮੁਲਕ ਜ਼ਿੰਮੇਵਾਰ ਨਹੀਂ ਸੀ।''
ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਦਾ ਇਸ਼ਾਰਾ ਕਸ਼ਮੀਰ ਦੀਆਂ ਗਲੀਆਂ ਵਿਚ ਹੋਏ ਰੋਸ ਵਿਖਾਵਿਆਂ ਵਲ ਸੀ ਜਿਨ੍ਹਾਂ ਦੌਰਾਨ ਭਾਰੀ ਜਾਨੀ ਨੁਕਸਾਨ ਹੋਇਆ। ਨਵੀਂ ਦਿੱਲੀ ਵਲੋਂ ਜੰਮੂ ਕਸ਼ਮੀਰ ਵਿਚ ਗੜਬੜੀ ਲਈ ਲਗਾਤਾਰ ਇਸਲਾਮਾਬਾਦ 'ਤੇ ਦੋਸ਼ ਲਾਇਆ ਜਾਂਦਾ ਹੈ ਜਦਕਿ ਪਾਕਿਸਤਾਨ ਇਸ ਤੋਂ ਇਨਕਾਰ ਕਰਦਾ ਆਇਆ ਹੈ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਵਿਚ ਮੁੱਖ ਧਾਰਾ ਦੀ ਸਿਆਸਤ ਲਈ ਲਗਾਤਾਰ ਸੁੰਗੜਦੀ ਥਾਂ ਦੀ ਜ਼ਿੰਮੇਵਾਰੀ ਕੇਂਦਰੀ ਸਰਕਾਰ ਸਮੇਤ ਸਾਰਿਆਂ ਨੂੰ ਸਾਂਝੇ ਤੌਰ 'ਤੇ ਅਪਣੇ ਉਪਰ ਲੈਣੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੀ.ਡੀ.ਪੀ. ਦੀ ਸਰਕਾਰ ਵਾਅਦੇ ਪੂਰੇ ਕਰਨ ਵਿਚ ਅਸਫ਼ਲ ਰਹੀ ਜਿਨ੍ਹਾਂ ਵਿਚ ਭਾਰਤ-ਪਾਕਿ ਦਰਮਿਆਨ ਸ਼ਾਂਤੀ ਕਾਇਮ ਕਰਨਾ ਅਤੇ ਭਾਰਤ ਸਰਕਾਰ ਤੇ ਵੱਖਵਾਦੀਆਂ ਵਿਚਾਲੇ ਗੱਲਬਾਤ ਸ਼ੁਰੂ ਕਰਵਾਉਣਾ ਸ਼ਾਮਲ ਹਨ। (ਏਜੰਸੀ)