
ਫੇਸਬੁੱਕ ਨੇ ਲੋਕ ਸਭਾ ਚੋਣ 2019 ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਚਲ ਰਹੇ ਰਾਜਨੀਤੀਕ ਪਾਰਟੀਆਂ ਦੇ ਕਈ ਫਰਜ਼ੀ ਪੇਜ਼ਾਂ ‘ਤੇ ਕਾਰਵਾਈ ਕੀਤੀ ਹੈ।
ਨਵੀਂ ਦਿੱਲੀ: ਫੇਸਬੁੱਕ ਨੇ ਲੋਕ ਸਭਾ ਚੋਣ 2019 ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਚਲ ਰਹੇ ਰਾਜਨੀਤੀਕ ਪਾਰਟੀਆਂ ਦੇ ਕਈ ਫਰਜ਼ੀ ਪੇਜ਼ਾਂ ‘ਤੇ ਕਾਰਵਾਈ ਕੀਤੀ ਹੈ। ਫੇਸਬੁੱਕ ਨੇ ਸੋਮਵਾਰ ਨੂੰ ਭਾਜਪਾ ਦੇ ਸਮਰਥਨ ਕਰ ਰਹੇ ਲਗਭਗ ਉਹਨਾਂ 200 ਫੇਸਬੁੱਕ ਪੇਜ਼ਾਂ ਅਤੇ ਗਰੁੱਪਾਂ ਨੂੰ ਹਟਾ ਦਿੱਤਾ ਹੈ ਜੋ ਨੀਤੀਆਂ ਦੀ ਉਲੰਘਣਾ ਕਰ ਰਹੇ ਸਨ।
ਸੋਸ਼ਲ ਨੈੱਟਵਰਕ ਨੇ ਘੋਸ਼ਣਾ ਕੀਤੀ ਹੈ ਕਿ ਉਸ ਨੇ ਵੱਖ-ਵੱਖ ਸੰਸਥਾਵਾਂ ਦੇ ਰਾਨਜੀਤਕ ਪੇਜ਼ਾਂ ਨੂੰ ਹਟਾ ਦਿੱਤਾ ਹੈ, ਜਿਨਾਂ ਵਿਚ ਇਕ ਡਿਜ਼ੀਟਲ ਮਾਰਕੇਟਿੰਗ ਕੰਪਨੀ ਸਿਲਵਰ ਟੱਚ ਟੈਕਨੋਲਜੀ, ਗੁਜਰਾਤ ਕਾਂਗਰਸ ਦਾ ਸੂਚਨਾ ਟੈਕਨੋਲਜੀ ਸੈਲ ਅਤੇ ਪਾਕਿਸਤਾਨ ਦੇ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ISPR) ਸ਼ਾਮਿਲ ਹਨ।
ਕੰਪਨੀ ਨੇ ‘ਨਮੋ ਐਪ’ ਨਾਲ ਸਬੰਧਿਤ 15 ਫਰਜ਼ੀ ਪੇਜ਼ ਅਤੇ ਖਾਤੇ ਵੀ ਹਟਾ ਦਿੱਤੇ ਹਨ। ਦੱਸਿਆ ਗਿਆ ਹੈ ਕਿ ਇਹ ਸਾਰੇ ਪੇਜ਼ ਆਈਟੀ ਫਰਮ ਸਿਲਵਰ ਟੱਚ ਦੇ ਸਨ। ਇਹੀਂ ਕੰਪਨੀ ਪ੍ਰਧਾਨ ਮੰਤਰੀ ਦੀ ‘ਨਮੋ ਐਪ’ ਨਾਲ ਵੀ ਜੁੜੀ ਹੋਈ ਹੈ। ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਨਾਲ ਜੁੜੇ ਲੋਕਾਂ ਦੇ ਸਬੰਧਿਤ 686 ਫਰਜੀ ਪੇਜ਼ ਅਤੇ ਖਾਤੇ ਵੀ ਹਟਾਏ ਗਏ ਹਨ।
ਫੇਸਬੁੱਕ ਸਾਈਬਰ ਸਕਿਓਰਿਟੀ ਪੋਲੀਸੀ ਦੇ ਮੁਖੀ ਨੇਥਨੀਲ ਗਲੇਸ਼ਰ ਨੇ ਇਸ ਨੂੰ ਲੈ ਕੇ ਇਕ ਬਿਆਨ ਜਾਰੀ ਕੀਤਾ ਹੈ। ਗਲੇਸ਼ਰ ਨੇ ਕਿਹਾ ਕਿ ਸੋਸ਼ਲ ਮੀਡੀਆ ਕੰਪਨੀ ਨੇ ਭਾਰਤੀ ਆਈਟੀ ਕੰਪਨੀ ਸਿਲਵਰ ਟਚ ਵੱਲੋ ਚਲਾਏ ਸਪੈਮ ਗਤਿਵਿਧੀਆਂ ਦਾ ਵੀ ਪਤਾ ਕੀਤਾ ਹੈ। ਇਹ ਕੰਪਨੀ ਭਾਜਪਾ ਸਮਰਥਿਤ ‘ਦ ਇੰਡੀਆ ਆਈ’ ਪੇਜ਼ ਦਾ ਸੰਚਾਲਨ ਕਰਦੀ ਹੈ। ਗਲੇਸ਼ਨ ਨੇ ਦੱਸਿਆ ਕਿ ਕੰਪਨੀ ਸਿਲਵਰ ਟੱਚ ਨੇ ਫੇਸਬੁੱਕ ‘ਤੇ ਵਿਗਿਆਪਨ ‘ਤੇ 48 ਲੱਖ ਰੁਪਏ ਖਰਚ ਕੀਤੇ ਹਨ।