
ਇਸਰੋ ਮੁਖੀ ਨੇ ਕਿਹਾ ਕਿ ਇਸ ਮਿਸ਼ਨ 'ਚ ਸਨਅਤਾਂ ਨੇ ਵੀ ਵੱਡੀ ਭੂਮਿਕਾ ਨਿਭਾਈ।
ਸ਼੍ਰੀਹਰੀਕੋਟਾ (ਏਜੰਸੀ) : ਪਹਿਲੀ ਹੀ ਕੋਸ਼ਿਸ਼ 'ਚ ਐਂਟੀ ਸੈਟੇਲਾਈਟ (ਏ-ਸੈੱਟ) ਮਿਜ਼ਾਈਲ ਦਾ ਸਫਲ ਪ੍ਰੀਖਣ ਕਰ ਕੇ ਆਪਣੀ ਸਮਰੱਥਾ ਦਾ ਡੰਕਾ ਵਜਾਉਣ ਵਾਲੇ ਭਾਰਤ ਨੇ ਹਫ਼ਤੇ ਦੇ ਅੰਦਰ ਪੁਲਾੜ ਦੀ ਦੁਨੀਆ 'ਚ ਇਕ ਹੋਰ ਕਦਮ ਵਧਾ ਦਿੱਤਾ ਹੈ। ਸੋਮਵਾਰ ਨੂੰ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਫ਼ੌਜੀ ਸੈਟੇਲਾਈਟ 'ਇਲੈਕਟ੍ਰੋ ਮੈਗਨੈਟਿਕ ਇੰਟੈਲੀਜੈਂਸ ਸੈਟੇਲਾਈਟ' (ਐਮੀਸੈੱਟ) ਦਾ ਸਫਲ ਪ੍ਰੀਖਣ ਕੀਤਾ। 436 ਕਿਲੋ ਦੇ ਐਮੀਸੈਟ ਦੀਆਂ ਖੂਬੀਆਂ ਨੂੰ ਦੇਖਦੇ ਹੋਏ ਇਸ ਨੂੰ ਪੁਲਾੜ 'ਚ ਭਾਰਤੀ ਜਾਸੂਸ ਕਿਹਾ ਜਾ ਰਿਹਾ ਹੈ। ਹਾਲਾਂਕਿ ਇਸਰੋ ਨੇ ਸੈਟੇਲਾਈਟ ਬਾਰੇ ਵਿਸਥਾਰਤ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ ਹੈ।
ਐਮੀਸੈਟ ਦੇ ਨਾਲ ਇਸਰੋ ਨੇ 28 ਵਿਦੇਸ਼ੀ ਉਪਗ੍ਰਹਿ ਵੀ ਲਾਂਚ ਕੀਤੇ। ਇਸਰੋ ਨੇ ਪਹਿਲੀ ਵਾਰੀ ਇਕੱਠੇ ਤਿੰਨ ਵੱਖ-ਵੱਖ ਪੰਧਾਂ 'ਚ ਪ੍ਰੀਖਣ ਦਾ ਮਿਸ਼ਨ ਪੂਰਾ ਕਰ ਕੇ ਆਪਣੇ ਨਾਂ ਇਕ ਹੋਰ ਉਪਲਬੱਧੀ ਦਰਜ ਕਰਾਈ ਹੈ। ਵਰਧਾ 'ਚ ਚੋਣ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਰੋ ਦੇ ਵਿਗਿਆਨੀਆਂ ਨੂੰ ਵਧਾਈ ਦਿੰਦੇ ਹੋਏ ਇਸ ਨੂੰ ਇਸਰੋ ਦੀ ਇਤਿਹਾਸਕ ਛਾਲ ਦੱਸਿਆ। ਇਸਰੋ ਦੇ ਰਾਕੇਟ ਪੀਐੱਸਐੱਲਵੀ-ਸੀ45 ਨੇ ਐਮੀਸੈਟ ਸਮੇਤ ਕੁਲ 29 ਉਪਗ੍ਰਹਿਆਂ ਨਾਲ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਸੋਮਵਾਰ ਸਵੇਰੇ 9.27 ਵਜੇ ਉਡਾਣ ਭਰੀ।
28 ਵਿਦੇਸ਼ੀ ਸੈਟੇਲਾਈਟਾਂ 'ਚ ਅਮਰੀਕਾ ਦੇ 24, ਲਿਥੁਆਨੀਆ ਦੇ ਦੋ ਤੇ ਸਪੇਨ ਅਤੇ ਸਵਿਟਜ਼ਰਲੈਂਡ ਦੇ ਇਕ-ਇਕ ਉਪਗ੍ਰਹਿ ਸ਼ਾਮਲ ਸਨ। ਐਮੀਸੈਟ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਪੁਲਾੜ 'ਚ ਭਾਰਤ ਦੀ ਅੱਖ ਤੇ ਕੰਨ ਬਣ ਕੇ ਦੇਸ਼ ਲਈ 'ਜਾਸੂਸੀ' ਕਰੇਗਾ। ਇਸਰੋ ਮੁਖੀ ਕੇ ਸਿਵਨ ਨੇ ਕਿਹਾ ਕਿ ਪੀਐੱਸਐੱਲਵੀ ਸੀ-45 ਨੇ 27 ਘੰਟੇ ਦੀ ਉਲਟੀ ਘੰਟੇ ਦੀ ਉਲਟੀ ਗਿਣਤੀ ਖ਼ਤਮ ਹੁੰਦੇ ਹੀ ਸੰਤਰੀ ਰੰਗ ਦਾ ਧੂੰਆਂ ਛੱਡਦੇ ਹੋਏ ਉਡਾਣ ਭਰੀ। ਇਸ ਦੇ ਕਰੀਬ 17 ਮਿੰਟ ਬਾਅਦ 9.44 ਵਜੇ ਐਮੀਸੈਟ ਨੂੰ 748 ਕਿਲੋਮੀਟਰ ਉੱਚੇ ਉਸ ਦੇ ਪੰਧ 'ਚ ਛੱਡਿਆ ਗਿਆ ਤਾਂ ਵਿਗਿਆਨੀਆਂ ਦੇ ਚਿਹਰੇ ਚਮਕ ਉੱਠੇ।
ਇਸ ਤੋਂ ਬਾਅਦ ਕੁਲ 28 ਵਿਦੇਸ਼ੀ ਉਪਗ੍ਰਹਿ ਇਕ-ਇਕ ਕਰ ਕੇ 504 ਕਿਲੋਮੀਟਰ ਉੱਪਰ ਉਨ੍ਹਾਂ ਦੀ ਨਿਰਧਾਰਤ ਪੰਧਾਂ 'ਤੇ ਛੱਡੇ ਗਏ। ਇਨ੍ਹਾਂ 28 ਸੈਟੇਲਾਈਟ ਦਾ ਕੁਲ ਵਜ਼ਨ 220 ਕਿਲੋਗ੍ਰਾਮ ਸੀ। ਸਾਰੇ ਉਪਗ੍ਰਹਿਆਂ ਦੇ ਸਫਲ ਪ੍ਰੀਖਣ ਤੋਂ ਬਾਅਦ ਰਾਕੇਟ ਦੀ ਚੌਥੀ ਸਟੇਜ ਮੁੜ ਚਾਲੂ ਕੀਤਾ ਗਈ ਤੇ ਇਹ 485 ਕਿਲੋਮੀਟਰ ਦੇ ਪੰਧ 'ਚ ਆ ਗਿਆ। ਸਿਵਨ ਨੇ ਇਸਰੋ ਦੇ ਸਾਰੇ ਸਾਥੀ ਵਿਗਿਆਨੀਆਂ ਨੂੰ ਸਫਲ ਮਿਸ਼ਨ ਲਈ ਵਧਾਈ ਦਿੱਤੀ ਹੈ। 95 ਫ਼ੀਸਦੀ ਹਾਰਡਵੇਅਰ ਬਾਹਰੀ ਸਨਅਤਾਂ 'ਚ ਬਣੇ
Anti-satellite (A-set) missile
ਇਸਰੋ ਮੁਖੀ ਨੇ ਕਿਹਾ ਕਿ ਇਸ ਮਿਸ਼ਨ 'ਚ ਸਨਅਤਾਂ ਨੇ ਵੀ ਵੱਡੀ ਭੂਮਿਕਾ ਨਿਭਾਈ। ਕਰੀਬ 95 ਫੀਸਦੀ ਹਾਰਡਵੇਅਰ ਇਸਰੋ ਦੇ ਬਾਹਰ ਹੋਰ ਸਨਅਤਾਂ 'ਚ ਤਿਆਰ ਕੀਤੇ ਗਏ। ਏਨਾ ਹੀ ਨਹੀਂ ਸੈਟੇਲਾਈਟ ਦੇ ਵੀ 60 ਤੋਂ 70 ਫੀਸਦੀ ਹਿੱਸੇ ਬਾਹਰੀ ਸਨਅਤਾਂ 'ਚ ਬਣੇ। ਬੈਂਗਲੁਰੂ ਦੀ ਇਕ ਇਲੈਕਟ੍ਰਾਨਿਕ ਇੰਡਸਟਰੀ ਨੇ ਇਸ 'ਚ ਅਹਿਮ ਭੂਮਿਕਾ ਨਿਭਾਈ। ਇਸਰੋ ਨੇ ਪ੍ਰੀਖਣ ਦੇਖਣ ਲਈ ਇਕ ਗੈਲਰੀ ਵੀ ਬਣਾਈ। ਇਥੋਂ ਕਰੀਬ 1200 ਲੋਕਾਂ ਨੇ ਪ੍ਰੀਖਣ ਦਾ ਦ੍ਰਿਸ਼ ਦੇਖਿਆ। ਪ੍ਰੀਖਣ ਕੇਂਦਰ ਤੋਂ ਸਿਰਫ਼ ਤਿੰਨ ਕਿਲੋਮੀਟਰ ਦੀ ਦੂਰੀ 'ਤੇ ਬਣਾਈ ਗਈ ਇਹ ਗੈਲਰੀ ਇਸਰੋ ਦੇ ਤਜਵੀਜ਼ਸ਼ੁਦਾ ਸਪੇਸ ਥੀਮ ਪਾਰਕ ਦਾ ਹਿੱਸਾ ਹੈ।
ਵੱਧ ਤੋਂ ਵੱਧ ਲੋਕਾਂ ਨੂੰ ਖਿੱਚਣ ਤੇ ਵਿਦਿਆਰਥੀਆਂ ਨੂੰ ਪੁਲਾੜ ਵਿਗਿਆਨ ਵੱਲ ਅਧਿਐਨ ਲਈ ਉਤਸ਼ਾਹਤ ਕਰਨ ਦੇ ਮਕਸਦ ਨਾਲ ਇਹ ਥੀਮ ਪਾਰਕ ਬਣਾਇਆ ਜਾਵੇਗਾ।ਭਾਰਤ ਨੇ ਹੁਣੇ ਜਿਹੇ 300 ਕਿਲੋਮੀਟਰ ਦੂਰ ਪੁਲਾੜ 'ਚ ਆਪਣੇ ਹੀ ਇਕ ਸਰਗਰਮ ਸੈਟੇਲਾਈਟ ਨੂੰ ਏ-ਸੈੱਟ ਮਿਜ਼ਾਈਲ ਨਾਲ ਮਾਰ ਸੁੱਟਿਆ ਸੀ। ਇਸ ਪ੍ਰਾਪਤੀ ਦੇ ਨਾਲ ਹੀ ਭਾਰਤ ਸਪੇਸ ਵਾਰ ਦੀ ਸਮਰੱਥਾ ਵਾਲੇ ਅਮਰੀਕਾ, ਰੂਸ ਤੇ ਚੀਨ ਵਰਗੇ ਮੁਲਕਾਂ ਦੀ ਕਤਾਰ 'ਚ ਖੜ੍ਹਾ ਹੋ ਗਿਆ ਹੈ। ਏ-ਸੈੱਟ ਤੋਂ ਬਾਅਦ ਐਮੀਸੈਟ ਦੇਸ਼ ਦੀ ਲਗਾਤਾਰ ਦੂਜੀ ਵੱਡੀ ਕਾਮਯਾਬੀ ਹੈ।