
ਗਰੀਨ ਜ਼ੋਨ ਵਿਚ 50 ਫ਼ੀ ਸਦੀ ਸਵਾਰੀਆਂ ਵਾਲੀਆਂ ਬਸਾਂ ਚਲਾਉਣ ਦੀ ਆਗਿਆ
ਨਵੀਂ ਦਿੱਲੀ, 1 ਮਈ : ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਲਾਗ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਤਾਲਾਬੰਦੀ ਨੂੰ ਹੋਰ ਦੋ ਹਫ਼ਤਿਆਂ ਲਈ ਵਧਾਉਣ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਚਾਰ ਮਈ ਤੋਂ ਲਾਗੂ ਹੋਵੇਗਾ। ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਕੋਵਿਡ-19 'ਤੇ ਹਾਲਤ ਦੀ ਵਿਆਪਕ ਸਮੀਖਿਆ ਕਰਨ ਮਗਰੋਂ ਇਹ ਫ਼ੈਸਲਾ ਕੀਤਾ ਗਿਆ ਹੈ।
ਸਰਕਾਰੀ ਬਿਆਨ ਵਿਚ ਦਸਿਆ ਗਿਆ ਕਿ ਮੰਤਰਾਲੇ ਨੇ ਚਾਰ ਮਈ ਤੋਂ ਦੋ ਹਫ਼ਤਿਆਂ ਦੇ ਅਰਸੇ ਲਈ ਤਾਲਾਬੰਦੀ ਵਧਾਉਣ ਦਾ ਹੁਕਮ ਆਫ਼ਤ ਪ੍ਰਬੰਧ ਕਾਨੂੰਨ 2005 ਤਹਿਤ ਜਾਰੀ ਕੀਤਾ ਹੈ। ਜ਼ਿਕਰਯੋਗ ਹੈ ਕਿ ਤਾਲਾਬੰਦੀ ਦਾ ਪਹਿਲਾ ਗੇੜ 25 ਮਾਚਰ ਤੋਂ 14 ਅਪ੍ਰੈਲ ਤਕ ਸੀ ਜਿਸ ਨੂੰ ਬਾਅਦ ਵਿਚ ਵਧਾ ਕੇ 15 ਅਪ੍ਰੈਲ ਤੋਂ ਤਿੰਨ ਮਈ ਤਕ ਕਰ ਦਿਤਾ ਗਿਆ ਸੀ।
ਪੰਜਾਬ ਪਹਿਲਾ ਸੂਬਾ ਹੈ ਜਿਸ ਨੇ ਤਾਲਾਬੰਦੀ ਤੋਂ ਇਕ ਕਦਮ ਕਦਮ ਅੱਗੇ ਵਧਦਿਆਂ ਕਰਫ਼ਿਊ ਲਾਗੂ ਕੀਤਾ ਸੀ। ਪੰਜਾਬ ਸਰਕਾਰ ਨੇ ਕਰਫ਼ਿਊ ਦੀ ਮਿਆਦ ਜਿਹੜੀ 3 ਮਈ ਨੂੰ ਖ਼ਤਮ ਹੋ ਰਹੀ ਹੈ, ਵਧਾ ਕੇ 17 ਮਈ ਤਕ ਕਰ ਦਿਤੀ ਹੈ। ਕੇਂਦਰ ਸਰਕਾਰ ਨੇ ਇਸ ਵਾਰ ਕੁੱਝ ਛੋਟਾਂ ਦਿਤੀਆਂ ਹਨ। ਗਰੀਨ ਤੇ ਆਰੇਂਜ ਜ਼ੋਨ ਵਿਚ ਕਾਫ਼ੀ ਛੋਟਾਂ ਦਿਤੀਆਂ ਗਈਆਂ ਹਨ। ਈ ਕਾਮਰਸ ਲਈ ਵੀ ਛੋਟ ਐਲਾਨੀ ਗਈ ਹੈ। ਗਰੀਨ ਤੇ ਆਰੇਂਜ਼ ਜ਼ੋਨ ਵਿਚ ਈ-ਕਾਮਰਸ ਨੂੰ ਮਨਜ਼ੂਰੀ ਦਿਤੀ ਗਈ ਹੈ। ਇਨ੍ਹਾਂ ਜ਼ੋਨਾਂ ਵਿਚ ਗ਼ੈਰ ਜ਼ਰੂਰੀ ਚੀਜ਼ਾਂ ਦੀ ਆਨਲਾਈਨ ਡਲਿਵਰੀ ਦੀ ਛੋਟ ਹੈ।
File photo
ਗਰੀਨ ਜ਼ੋਨ 'ਚ 50 ਫ਼ੀ ਸਦੀ ਸਵਾਰੀਆਂ ਵਾਲੀਆਂ ਬਸਾਂ ਚਲਾਉਣ ਦੀ ਆਗਿਆ ਦਿਤੀ ਗਈ ਹੈ। ਗਰੀਨ ਜ਼ੋਨ ਵਿਚ ਬੱਸ ਡਿਪੂ 'ਚ ਸਿਰਫ਼ 50 ਫ਼ੀ ਸਦੀ ਮੁਲਾਜ਼ਮ ਕੰਮ ਕਰਨਗੇ। ਮਾਲ, ਪੱਬ, ਸਕੂਲ, ਕਾਲਜ ਅਤੇ ਵਿਦਿਅਕ ਅਦਾਰੇ 17 ਮਈ ਤਕ ਬੰਦ ਰਹਿਣਗੇ। ਸਿਨੇਮਾ, ਪੱਬ, ਰੈਸਟੋਰੈਂਟ ਆਦਿ ਵੀ ਬੰਦ ਰਹਿਣਗੇ। (ਪੀਟੀਆਈ)
ਹਰ ਤਰ੍ਹਾਂ ਦੇ ਇਕੱਠ 'ਤੇ ਰੋਕ
ਸਾਰੇ ਹੋਟਲ, ਰੈਸਟੋਰੈਂਟ, ਧਾਰਮਕ ਅਸਥਾਨ ਬੰਦ ਰਹਿਣਗੇ। ਇਹ ਪ੍ਰਬੰਧ ਸਾਰੇ ਤਿੰਨ ਜ਼ੋਨਾਂ ਵਿਚ ਲਾਗੂ ਰਹਿਣਗੇ। ਮੈਟਰੋ, ਰੇਲ, ਹਵਾਈ ਸੇਵਾ ਵੀ ਬੰਦ ਰਹੇਗੀ। ਸਮਾਜਕ, ਰਾਜਨੀਤਕ, ਸਭਿਆਚਾਰਕ ਅਤੇ ਹੋਰ ਤਰ੍ਹਾਂ ਦੇ ਇਕੱਠ ਤੋਂ ਇਲਾਵਾ ਸਪੋਰਟਸ ਸਟੇਡੀਅਮ ਵੀ ਬੰਦ ਰਹਿਣਗੇ। ਸਾਰੀਆਂ ਗ਼ੈਰ ਜ਼ਰੂਰੀ ਗਤੀਵਿਧੀਆਂ ਲਈ ਵਿਅਕਤੀਆਂ ਦੀ ਆਵਾਜਾਈ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਵਿਚਾਲੇ ਪੂਰੀ ਤਰ੍ਹਾਂ ਬੰਦ ਰਹੇਗੀ।
ਵਿਸ਼ੇਸ਼ ਹਾਲਤਾਂ ਵਿਚ ਅਤੇ ਗ੍ਰਹਿ ਮੰਤਰਾਲੇ ਦੀ ਆਗਿਆ ਨਾਲ ਹੀ ਹਵਾਈ, ਰੇਲ ਅਤੇ ਸੜਕ ਮਾਰਗ ਰਾਹੀਂ ਜਾਣ ਦੀ ਆਗਿਆ ਹੋਵੇਗੀ। ਜਦਕਿ ਰੈਡ ਜ਼ੋਨ ਵਾਲੇ ਖੇਤਰਾਂ ਦੇ ਵਾਸੀਆਂ ਲਈ ਕੋਈ ਛੋਟ ਨਹੀਂ। ਸਾਰੇ ਨਿਵਾਸੀਆਂ ਲਈ ਅਰੋਗਿਆ ਸੇਤੂ ਐਪ ਡਾਊਨਲੋਡ ਕਰਨਾ ਜ਼ਰੂਰੀ ਹੈ। ਇਸ ਜ਼ੋਨ ਵਿਚ ਕਿਸੇ ਤਰ੍ਹਾਂ ਦੀ ਗਤੀਵਿਧੀ ਨਹੀਂ ਹੋਵੇਗੀ।