2 ਔਰਤਾਂ ਦੀ ਹੋਈ ਮੌਤ ਤੇ 2 ਬੱਚਿਆਂ ਸਣੇ 3 ਹੋਏ ਗੰਭੀਰ ਜ਼ਖ਼ਮੀ
ਨਵੀਂ ਦਿੱਲੀ : ਪੂਰਬੀ ਦਿੱਲੀ ਦੇ ਗਾਜ਼ੀਪੁਰ ਇਲਾਕੇ ਵਿੱਚ ਅੱਜ ਵੀਰਵਾਰ ਸਵੇਰੇ ਰਾਸ਼ਟਰੀ ਰਾਜਮਾਰਗ-9 'ਤੇ ਦਿੱਲੀ ਨਗਰ ਨਿਗਮ ਟੋਲ ਪਲਾਜ਼ਾ ਨੇੜੇ ਇੱਕ ਕਾਰ ਦੀ ਕੰਟੇਨਰ ਟਰੱਕ ਨਾਲ ਟੱਕਰ ਹੋ ਗਈ। ਇਸ ਹਾਦਸੇ ਦੌਰਾਨ ਦੋ ਔਰਤਾਂ ਦੀ ਮੌਤ ਹੋ ਗਈ ਜਦਕਿ ਦੋ ਬੱਚਿਆਂ ਸਮੇਤ ਤਿੰਨ ਹੋਰ ਜ਼ਖ਼ਮੀ ਹੋ ਗਏ। ਪੁਲਿਸ ਅਨੁਸਾਰ ਇਹ ਹਾਦਸਾ ਵਿਨੋਦ ਨਗਰ ਡਿਪੋ ਦੇ ਸਾਹਮਣੇ ਟੋਲ ਬੂਥ ਦੇ ਨੇੜੇ ਸਵੇਰੇ 6:43 ਵਜੇ ਵਾਪਰਿਆ।
ਪੁਲਿਸ ਨੇ ਦੱਸਿਆ ਕਿ ਗਾਜ਼ੀਆਬਾਦ ਵੱਲੋਂ ਆ ਰਹੀ ਇੱਕ ਕਾਰ ਟੋਲ ਪਲਾਜ਼ਾ ਦੇ ਨੇੜੇ ਇੱਕ ਕੰਟੇਨਰ ਟਰੱਕ ਨਾਲ ਟਕਰਾ ਗਈ। ਮੌਕੇ 'ਤੇ ਪਹੁੰਚੀ ਟੀਮ ਨੇ ਕਾਰ ਵਿੱਚ ਸਵਾਰ ਦੋ ਔਰਤਾਂ ਨੂੰ ਬੇਹੋਸ਼ ਪਾਇਆ । ਉਨ੍ਹਾਂ ਦੀ ਪਛਾਣ ਦੀਪਾਂਜਲੀ (38) ਅਤੇ ਨੀਲਮ ਗਰਗ (55) ਵਜੋਂ ਹੋਈ । ਇੱਕ ਔਰਤ ਕਾਰ ਦੇ ਬਾਹਰ ਪਈ ਮਿਲੀ, ਜਦਕਿ ਦੂਜੀ ਔਰਤ ਕਾਰ ਦੀ ਅੱਗੇ ਵਾਲੀ ਖੱਬੇ ਪਾਸੇ ਦੀ ਯਾਤਰੀ ਸੀਟ 'ਤੇ ਫਸੀ ਹੋਈ ਸੀ, ਜਿਨ੍ਹਾਂ ਨੂੰ ਘਟਨਾ ਸਥਾਨ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ।
ਕਾਰ ਚਾਲਕ ਦੀਪਾਂਸ਼ੂ ਗਰਗ ਅਤੇ ਦੋ ਬੱਚੇ, ਵਿਵਾਨ (ਪੰਜ) ਅਤੇ ਵਾਸ਼ੂ (ਤਿੰਨ) ਜ਼ਖ਼ਮੀ ਹਾਲਤ ਵਿੱਚ ਮਿਲੇ । ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਦਕਿ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਲਾਲ ਬਹਾਦੁਰ ਸ਼ਾਸਤਰੀ ਹਸਪਤਾਲ ਦੇ ਲਿਜਾਇਆ ਗਿਆ। ਪੁਲਿਸ ਵੱਲੋਂ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।
