
5 ਜੂਨ ਨੂੰ ਹੋਣ ਵਾਲੀ ਜਨ ਚੇਤਨਾ ਮਹਾਂਰੈਲੀ ਨੂੰ ਕੁਝ ਦਿਨਾਂ ਲਈ ਮੁਲਤਵੀ ਕਰ ਰਹੇ ਹਾਂ : ਬ੍ਰਿਜਭੂਸ਼ਣ
ਅਯੋਧਿਆ: ਅਯੋਧਿਆ ਜ਼ਿਲ੍ਹਾ ਪ੍ਰਸ਼ਾਸਨ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਬ੍ਰਿਜਭੂਸ਼ਣ ਸ਼ਰਣ ਸਿੰਘ ਨੂੰ ਪੰਜ ਜੂਨ ਨੂੰ ਰਾਮ ਕਥਾ ਪਾਰਕ ’ਚ ਵਿਸ਼ਵ ਵਾਤਾਵਰਣ ਦਿਵਸ ਮੌਕੇ ਹੋਣ ਵਾਲੇ ਹੋਰ ਪ੍ਰੋਗਰਾਮਾਂ ਦੇ ਮੱਦੇਨਜ਼ਰ ਸੰਤ ਸੰਮੇਲਨ ਕਰਵਾਉਣ ਦੀ ਇਜਾਜ਼ਤ ਨਹੀਂ ਦਿਤੀ ਹੈ। ਪੁਲਿਸ ਅਧਿਕਾਰੀ (ਅਯੋਧਿਆ) ਐਸ.ਪੀ. ਗੌਤਮ ਨੇ ਇਹ ਜਾਣਕਾਰੀ ਦਿੱਤੀ।
ਗੌਤਮ ਨੇ ਦਸਿਆ ਕਿ ਕੌਂਸਲਰ ਚਮੇਲਾ ਦੇਵੀ ਨੇ ਸੋਮਵਾਰ ਨੂੰ ਸੰਤ ਸੰਮੇਲਨ ਕਰਵਾਉਣ ਦੀ ਇਜਾਜ਼ਤ ਮੰਗੀ ਸੀ, ਜਿਸ ਨੂੰ ਨਾਮਜ਼ੂਰ ਕਰ ਦਿਤਾ ਗਿਆ ਹੈ। ਜਦਕਿ ਬ੍ਰਿਜਭੂਸ਼ਣ ਨੇ ਫ਼ੇਸਬੁਕ ’ਤੇ ਜਾਰੀ ਇਕ ਪੋਸਟ ’ਚ ਕਿਹਾ ਕਿ ਉਹ 5 ਜੂਨ ਨੂੰ ਹੋਣ ਵਾਲੀ ਜਨ ਚੇਤਨਾ ਮਹਾਂਰੈਲੀ ਨੂੰ ਕੁਝ ਦਿਨਾਂ ਲਈ ਮੁਲਤਵੀ ਕਰ ਰਹੇ ਹਨ, ਕਿਉਂਕਿ ਪੁਲਿਸ ਭਲਵਾਨਾਂ ਵਲੋਂ ਉਨ੍ਹਾਂ ’ਤੇ ਲਾਏ ਦੋਸ਼ਾਂ ਦੀ ਜਾਂਚ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਸਾਕਸ਼ੀ ਮਲਿਕ, ਵਿਨੇਸ਼ ਫੋਗਾਟ, ਬਜਰੰਗ ਪੂਨੀਆ ਅਤੇ ਸੰਗੀਤਾ ਫੋਗਾਟ ਵਰਗੇ ਸਿਖਰਲੇ ਭਲਵਾਨਾਂ ਨੇ ਬ੍ਰਿਜਭੂਸ਼ਣ ’ਤੇ ਇਕ ਨਾਬਾਲਗ ਭਲਵਾਨ ਸਮੇਤ ਸੱਤ ਔਰਤ ਭਲਵਾਨਾਂ ਦੇ ਜਿਨਸੀ ਸੋਸ਼ਣ ਦਾ ਇਲਜ਼ਾਮ ਲਾਇਆ ਹੈ।
ਦਿੱਲੀ ਪੁਲਿਸ ਨੇ ਬ੍ਰਿਜਭੂਸ਼ਣ ਵਿਰੁਧ ਦੋ ਐਫ਼.ਆਈ.ਆਰ. ਦਰਜ ਕੀਤੀਆਂ ਹਨ। ਪਹਿਲੀ ਐਫ਼.ਆਈ.ਆਰ. ਇਕ ਨਾਬਾਲਗ ਭਲਵਾਨ ਦੇ ਜਿਨਸੀ ਸੋਸ਼ਣ ਦੇ ਇਲਜ਼ਾਮਾਂ ਦੇ ਮੱਦੇਨਜ਼ਰ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਤਹਿਤ ਦਰਜ ਕੀਤੀ ਗਈ ਹੈ। ਜਦਕਿ, ਦੂਜੇ ਪਾਸੇ ਐਫ਼.ਆਈ.ਆਰ. ’ਚ ਸ਼ੀਲਭੰਗ ਕਰਨ ਬਾਬਤ ਇਲਜ਼ਾਮ ਲਾਏ ਗਏ ਹਨ।
ਬ੍ਰਿਜਭੂਸ਼ਣ ਉੱਤਰ ਪ੍ਰਦੇਸ਼ ਦੇ ਕੈਸਰਗੰਜ ਲੋਕ ਸਭਾ ਖੇਤਰ ਤੋਂ ਭਾਜਪਾ ਸੰਸਦ ਮੈਂਬਰ ਹਨ।