ਬੀਤੇ ਦੋ ਦਿਨਾਂ ’ਚ ਬੱਸ ਹਾਦਸੇ ਦੀ ਇਹ ਦੂਜੀ ਘਟਨਾ
ਸ਼ਿਮਲਾ: ਜ਼ਿਲ੍ਹੇ ਦੇ ਰੋਹੜੂ ਇਲਾਕੇ ’ਚ ਸ਼ੁਕਰਵਾਰ ਨੂੰ ਹਿਮਾਚਲ ਰੋਡਵੇਜ਼ ਦੀ ਇਕ ਬੱਸ ਦੇ ਪਹਾੜੀ ਨਾਲ ਟਕਰਾ ਜਾਣ ਨਾਲ ਘੱਟ ਤੋਂ ਘੱਟ 56 ਸਵਾਰੀਆਂ ਜ਼ਖ਼ਮੀ ਹੋ ਗਈਆਂ। ਪੁਲਿਸ ਨੇ ਇਸ ਜਾਣਕਾਰੀ ਦਿਤੀ।
ਹਾਦਸਾ ਬਰੀਸ਼ੀਲ ਇਲਾਕੇ ’ਚ ਹੋਇਆ ਜਦੋਂ ਬੱਸ ਤਿੰਜਾਨੂੰ ਤੋਂ ਚਿਰਗਾਉਂ ਜਾ ਰਹੀ ਸੀ। ਪੁਲਿਸ ਨੇ ਕਿਹਾ ਕਿ ਸ਼ੁਰੂਆਤੀ ਜਾਂਚ ’ਚ ਪਤਾ ਲਗਿਆ ਹੈ ਕਿ ਬ੍ਰੇਕ ਫ਼ੇਲ੍ਹ ਹੋਣ ਕਰਕੇ ਹਾਦਸਾ ਵਾਪਰਿਆ।
ਜਿਉਂ ਹੀ ਡਰਾਈਵਰ ਨੇ ਸਵਾਰੀਆਂ ਨੂੰ ਬ੍ਰੇਕ ਫ਼ੇਲ੍ਹ ਹੋਣ ਦੀ ਸੂਚਨਾ ਦਿਤੀ, ਉਹ ਘਬਰਾ ਗਏ। ਡਰਾਈਵਰ ਨੇ ਬੱਸ ਨੂੰ ਖੱਡ ’ਚ ਡਿੱਗਣ ਤੋਂ ਬਚਾਉਂਦਿਆਂ ਉਸ ਨੂੰ ਪਹਾੜੀ ਵਲ ਮੋੜ ਲਿਆ।
ਗੰਭੀਰ ਜ਼ਖ਼ਮੀ ਲਗਭਗ 20 ਸਵਾਰੀਆਂ ਨੂੰ ਰੋਹੜੂ ਦੇ ਸਿਵਲ ਹਸਪਤਾਲ ’ਚ ਰੈਫ਼ਰ ਕਰ ਦਿਤਾ ਗਿਆ ਹੈ, ਜਦਕਿ ਹੋਰ 36 ਨੂੰ ਚਿਰਗਾਉਂ ’ਚ ਕਮਿਊਨਿਟੀ ਸਿਹਤ ਕੇਂਦਰ ਸੰਦਾਸੂ ਤੋਂ ਇਲਾਜ ਮਗਰੋਂ ਛੁੱਟੀ ਦੇ ਦਿਤੀ ਗਈ।
ਇਹ ਬੀਤੇ ਦੋ ਦਿਨਾਂ ’ਚ ਦੂਜਾ ਬੱਸ ਹਾਦਸਾ ਹੈ। ਮੰਡੀ ਜ਼ਿਲ੍ਹੇ ਦੇ ਕਰਸੋਗ ਕੋਲ ਕਸ਼ੋਲ ’ਚ ਵੀਰਵਾਰ ਦੁਪਹਿਰ ਹਿਮਾਚਲ ਰੋਡਵੇਜ਼ ਦੀ ਇਕ ਬਸ ਸੜਕ ਤੋਂ ਹੇਠਾਂ ਡਿੱਗ ਜਾਣ ਕਰਕੇ 40 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਸਨ। ਗੱਡੀ ਇਕ ਦਰਖ਼ਤ ਨਾਲ ਟਕਰਾਉਣ ਤੋਂ ਬਾਅਦ ਰੁਕ ਗਈ ਜਿਸ ਕਰਕੇ ਵੱਡਾ ਹਾਦਸਾ ਹੋਣ ਤੋਂ ਬਚ ਗਿਆ।