
ਅਹਿਤਿਆਤੀ ਤੌਰ ’ਤੇ ਪ੍ਰਸ਼ਾਸਨ ਨੇ ਸਾਰੇ ਸਕੂਲਾਂ ਨੂੰ ਬੰਦ ਰੱਖਣ ਦਾ ਫ਼ੈਸਲਾ ਕੀਤਾ
ਰਾਜੌਰੀ/ਜੰਮੂ: ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ’ਚ ਸੁਰਖਿਆ ਬਲਾਂ ਨਾਲ ਮੁਕਾਬਲੇ ’ਚ ਸ਼ੁਕਰਵਾਰ ਸਵੇਰੇ ਇਕ ਅਤਿਵਾਦੀ ਮਾਰਿਆ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ।
ਉਨ੍ਹਾਂ ਕਿਹਾ ਕਿ ਅਤਿਵਾਦੀ ਦੀ ਲਾਸ਼ ਇਕ ਖੱਡ ’ਚੋਂ ਮਿਲੀ, ਜਿੱਥੇ ਉਹ ਮੁਕਾਬਲੇ ਦੌਰਾਨ ਲੁਕਿਆ ਸੀ।
ਜੰਮੂ ਖੇਤਰ ’ਚ ਪਿਛਲੇ ਤਿੰਨ ਦਿਨਾਂ ’ਚ ਇਸ ਤਰ੍ਹਾਂ ਦੀ ਇਹ ਤੀਜੀ ਘਟਨਾ ਹੈ। ਅਧਿਕਾਰੀਆਂ ਨੇ ਕਿਹਾ ਕਿ ਅਹਿਤਿਆਤੀ ਤੌਰ ’ਤੇ ਪ੍ਰਸ਼ਾਸਨ ਨੇ ਸਾਰੇ ਸਕੂਲਾਂ ਨੂੰ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ।
ਰਖਿਆ ਵਿਭਾਗ ਦੇ ਇਕ ਜਨ ਸੰਪਰਕ ਅਧਿਕਾਰੀ ਨੇ ਦਸਿਆ ਕਿ ਫ਼ੌਜ ਵਲੋਂ ਪੁਲਿਸ ਨਾਲ ਮਿਲ ਕੇ ਕੀਤੀ ਘੇਰਾਬੰਦੀ ਅਤੇ ਤਲਾਸ਼ ਮੁਹਿੰਮ ਦੌਰਾਨ ਦਾਸਲ ਗੁਰਜਨ ਦੇ ਜੰਗਲੀ ਖੇਤਰ ’ਚ ਕੁਝ ਸ਼ੱਕੀ ਗਤੀਵਿਧੀਆਂ ਵੇਖੀਆਂ ਗਈਆਂ। ਬਲਾਂ ’ਤੇ ਗੋਲੀਬਾਰੀ ਕੀਤੇ ਜਾਣ ਮਗਰੋਂ ਮੁਹਿੰਮ ਮੁਕਾਬਲੇ ’ਚ ਬਦਲ ਗਈ। ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਦੋਹਾਂ ਪਾਸਿਆਂ ਤੋਂ ਸਾਰੀ ਰਾਤ ਗੋਲੀਬਾਰੀ ਜਾਰੀ ਰਹੀ।
ਉਨ੍ਹਾਂ ਕਿਹਾ ਕਿ ਅੱਜ ਸਵੇਰੇ ਮੁੜ ਤਲਾਸ਼ ਮੁਹਿੰਮ ਸ਼ੁਰੂ ਕੀਤੀ ਗਈ। ਜੰਮੂ-ਕਸ਼ਮੀਰ ਦੇ ਵਧੀਕ ਪੁਲਿਸ ਡਾਇਰੈਕਟਰ ਜਨਰਲ (ਏ.ਡੀ.ਜੀ.ਪੀ.) ਮੁਕੇਸ਼ ਸਿੰਘ ਨੇ ਕਿਹਾ ਕਿ ਇਕ ਅਤਿਵਾਦੀ ਮਾਰਿਆ ਗਿਆ ਹੈ। ਉਸ ਦੀ ਲਾਸ਼ ਬਰਾਮਦ ਕਰ ਕੇ ਇਕ ਹਸਪਤਾਲ ਭੇਜ ਦਿਤਾ ਗਿਆ ਹੈ। ਮੁਕਾਬਲੇ ਦੌਰਾਨ ਉਹ ਇਕ ਖੱਡ ’ਚ ਲੁਕਿਆ ਸੀ।
ਅਤਿਵਾਦੀ ਕਥਿਤ ਤੌਰ ’ਤੇ ਪਾਕਿਸਤਾਨੀ ਮੂਲ ਦਾ ਹੈ। ਦੱਸਾਲ ਕੇਵਲ ਪਿੰਡ ਦੇ ਸਰਪੰਚ ਅਨੁਸਾਰ ਮੁਕਾਬਲਾ ਤੜਕੇ ਲਗਭਗ ਤਿੰਨ ਵਜੇ ਸ਼ੁਰੂ ਹੋਇਆ। ਖ਼ਬਰ ਲਿਖੇ ਤਕ ਤਲਾਸ਼ੀ ਮੁਹਿੰਮ ਜਾਰੀ ਸੀ। ਕੁਝ ਅਪੁਸ਼ਟ ਖ਼ਬਰਾਂ ਅਨੁਸਾਰ ਜਦੋਂ ਮੁਕਾਬਲਾ ਸ਼ੁਰੂ ਹੋਇਆ ਤਾਂ ਦੋ-ਤਿੰਨ ਅਤਿਵਾਦੀ ਇਲਾਕੇ ’ਚ ਲੁਕੇ ਹੋਏ ਸਨ।