ਕਾਲੀ ਟੇਪ ਨਾਲ ਸੀਲ ਕੀਤੇ ਪੈਕਟ ਚੋਂ ਮਿਲੇ 16 ਸੋਨੇ ਦੇ ਬਿਸਕੁਟ
ਵਾਰਾਣਸੀ: ਉੱਤਰ ਪ੍ਰਦੇਸ਼ ਦੇ ਵਾਰਾਣਸੀ ਦੇ ਲਾਲ ਬਹਾਦੁਰ ਸ਼ਾਸਤਰੀ ਹਵਾਈ ਅੱਡੇ ਦੇ ਟਾਇਲਟ ਵਿਚੋਂ ਇਕ ਕਰੋੜ ਰੁਪਏ ਦਾ ਸੋਨਾ ਮਿਲਿਆ ਹੈ। ਇਥੇ ਇਕ ਯਾਤਰੀ ਨੇ ਕਮੋਡ ਦੇ ਪਿੱਛੇ ਸੋਨੇ ਦੇ 16 ਬਿਸਕੁਟ ਲੁਕਾਏ ਹੋਏ ਸਨ। ਸ਼ੁੱਕਰਵਾਰ ਸਵੇਰੇ ਜਦੋਂ ਸਵੀਪਰ ਟਾਇਲਟ ਦੀ ਸਫਾਈ ਲਈ ਪਹੁੰਚਿਆ ਤਾਂ ਉਸ ਦੀ ਨਜ਼ਰ ਪੈਕੇਟ 'ਤੇ ਪਈ। ਪੈਕਟ ਨੂੰ ਚਾਰੇ ਪਾਸਿਓਂ ਕਾਲੀ ਟੇਪ ਨਾਲ ਸੀਲ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਲੁਧਿਆਣਾ ਦੀ ਗੁਰਥਲੀ ਨਹਿਰ 'ਚੋਂ ਵੱਡੀ ਮਾਤਰਾ 'ਚ ਜ਼ਿੰਦਾ ਕਾਰਤੂਸ ਹੋਏ ਬਰਾਮਦ
ਸਵੀਪਰ ਨੇ ਮਹਿਸੂਸ ਕੀਤਾ ਕਿ ਕੋਈ ਸ਼ੱਕੀ ਚੀਜ਼ ਹੈ। ਉਸ ਨੇ ਤੁਰੰਤ ਸੁਰੱਖਿਆ ਕਰਮਚਾਰੀਆਂ ਅਤੇ ਕਸਟਮ ਵਿਭਾਗ ਨੂੰ ਸੂਚਨਾ ਦਿਤੀ। ਟਾਇਲਟ 'ਚ ਇਕ ਸ਼ੱਕੀ ਪੈਕਟ ਮਿਲਣ ਤੋਂ ਬਾਅਦ ਕੁਝ ਸਮਾਂ ਹੰਗਾਮਾ ਹੋਇਆ। ਸੁਰੱਖਿਆ ਕਰਮੀਆਂ ਨੇ ਪਖਾਨੇ ਵਿਚ ਜਾਣ ਵਾਲੇ ਲੋਕਾਂ ਦੀ ਐਂਟਰੀ ਬੰਦ ਕਰ ਦਿਤੀ। ਉਹਨਾਂ ਨੂੰ ਸੁਰੱਖਿਆ ਘੇਰੇ 'ਚ ਲੈ ਲਿਆ। ਫਿਰ ਟੇਪ ਸੀਲਬੰਦ ਪੈਕੇਟ ਨੂੰ ਸਕੈਨ ਕੀਤਾ ਗਿਆ।
ਇਹ ਵੀ ਪੜ੍ਹੋ: ਹਰਿਆਣਾ 'ਚ ਵੱਡੀ ਵਾਰਦਾਤ, ਪੇਸ਼ੀ ਭੁਗਤਾਉਣ ਆਏ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ
ਇਸ ਤੋਂ ਬਾਅਦ ਪੈਕੇਟ ਨੂੰ ਖੋਲ੍ਹਿਆ ਗਿਆ। ਪੈਕਟ 'ਚੋਂ ਸੋਨੇ ਦੇ 16 ਬਿਸਕੁਟ ਮਿਲੇ ਹਨ। ਉਸਦਾ ਭਾਰ 1866 ਗ੍ਰਾਮ ਯਾਨੀ ਲਗਭਗ 2 ਕਿਲੋ ਹੈ। ਕਸਟਮ ਅਧਿਕਾਰੀਆਂ ਮੁਤਾਬਕ ਅੰਤਰਰਾਸ਼ਟਰੀ ਬਾਜ਼ਾਰ 'ਚ ਇਸ ਦੀ ਕੀਮਤ 1.1 ਕਰੋੜ ਰੁਪਏ ਦੱਸੀ ਗਈ ਹੈ। ਦਸਿਆ ਜਾ ਰਿਹਾ ਹੈ ਕਿ ਸੋਨੇ 'ਤੇ ਵਿਦੇਸ਼ੀ ਹਾਲਮਾਰਕ ਹੈ। ਦਸਿਆ ਜਾ ਰਿਹਾ ਹੈ ਕਿ ਸ਼ਾਰਜਾਹ ਤੋਂ ਇਸ ਦੀ ਤਸਕਰੀ ਕੀਤੀ ਗਈ ਹੈ। ਹਾਲਾਂਕਿ, ਕਿਸ ਨੇ ਇਸਨੂੰ ਇਥੇ ਰੱਖਿਆ ਹੈ, ਉਸ ਬਾਰੇ ਪਤਾ ਨਹੀਂ ਲੱਗ ਸਕਿਆ।
ਹਵਾਈ ਅੱਡੇ ਦੇ ਅਧਿਕਾਰੀਆਂ ਮੁਤਾਬਕ ਸ਼ਾਰਜਾਹ ਤੋਂ ਵਾਰਾਣਸੀ ਜਾਣ ਵਾਲੀ ਫਲਾਈਟ IX-184 ਵੀਰਵਾਰ ਰਾਤ ਨੂੰ ਲੈਂਡ ਹੋਈ ਸੀ। ਜਹਾਜ਼ ਦੇ ਚਾਲਕ ਦਲ ਦੇ ਮੈਂਬਰਾਂ ਅਤੇ ਯਾਤਰੀਆਂ ਦੇ ਸਮਾਨ ਨੂੰ ਹਵਾਈ ਅੱਡੇ ਦੇ ਲਾਉਂਜ ਵਿਚ ਲਿਆਂਦਾ ਗਿਆ। ਕਸਟਮ ਟੀਮ ਨੇ ਯਾਤਰੀਆਂ ਦੀ ਜਾਂਚ ਕੀਤੀ। ਸਕੈਨਰ 'ਚ ਚੈਕਿੰਗ ਦੌਰਾਨ ਬੀਪ ਵੱਜਣ 'ਤੇ ਯਾਤਰੀ ਦਾ ਸਮਾਨ ਖੋਲ੍ਹਿਆ ਗਿਆ। ਹਾਲਾਂਕਿ, ਇਹ ਇਕ ਇਲੈਕਟ੍ਰਾਨਿਕ ਆਈਟਮ ਨਿਕਲਿਆ। ਜਾਂਚ ਦੌਰਾਨ ਕਿਸੇ ਕੋਲੋਂ ਕੋਈ ਗੈਰ-ਕਾਨੂੰਨੀ ਵਸਤੂ ਨਹੀਂ ਮਿਲੀ। ਯਾਤਰੀਆਂ ਦੇ ਜਾਣ ਤੋਂ ਬਾਅਦ ਸਵੀਪਰ ਵੇਟਿੰਗ ਲਾਉਂਜ ਦੇ ਟਾਇਲਟ ਦੀ ਸਫਾਈ ਕਰਨ ਲਈ ਪਹੁੰਚਿਆ। ਇਸ ਦੇ ਨਾਲ ਹੀ ਟਾਇਲਟ ਵਿਚ ਸੋਨੇ ਦਾ ਇਕ ਪੈਕੇਟ ਮਿਲਿਆ।