
ਇਸ ਪਹਿਲ ਦਾ ਉਦੇਸ਼ ਧਾਰਮਿਕ ਸਥਾਨ ਦੀ ਪਵਿੱਤਰਤਾ ਨੂੰ ਬਣਾਈ ਰੱਖਣਾ ਹੈ, ਜਿੱਥੇ ਹਰ ਸਾਲ ਲੱਖਾਂ ਸ਼ਰਧਾਲੂ ਆਉਂਦੇ ਹਨ।
Ban on tobacco in J-K: ਸ੍ਰੀਨਗਰ - ਜੰਮੂ ਪ੍ਰਸ਼ਾਸਨ ਨੇ ਕਟੜਾ 'ਚ ਸਿਗਰਟ ਅਤੇ ਹੋਰ ਤੰਬਾਕੂ ਉਤਪਾਦਾਂ ਦੀ ਵਿਕਰੀ, ਰੱਖਣ ਅਤੇ ਖ਼ਪਤ 'ਤੇ ਪਾਬੰਦੀ ਲਗਾ ਦਿੱਤੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਮਾਤਾ ਵੈਸ਼ਨੋ ਦੇਵੀ ਦਾ ਪ੍ਰਸਿੱਧ ਮੰਦਰ ਕਟੜਾ ਵਿਚ ਸਥਿਤ ਹੈ। ਰਿਆਸੀ ਦੇ ਜ਼ਿਲ੍ਹਾ ਮੈਜਿਸਟਰੇਟ ਵਿਸ਼ੇਸ਼ ਮਹਾਜਨ ਨੇ ਕਿਹਾ ਕਿ ਵਿਸ਼ਵ ਤੰਬਾਕੂ ਰਹਿਤ ਦਿਵਸ 'ਤੇ ਸ਼ੁਰੂ ਕੀਤੀ ਗਈ ਇਸ ਪਹਿਲ ਦਾ ਉਦੇਸ਼ ਧਾਰਮਿਕ ਸਥਾਨ ਦੀ ਪਵਿੱਤਰਤਾ ਨੂੰ ਬਣਾਈ ਰੱਖਣਾ ਹੈ, ਜਿੱਥੇ ਹਰ ਸਾਲ ਲੱਖਾਂ ਸ਼ਰਧਾਲੂ ਆਉਂਦੇ ਹਨ।
ਅਧਿਕਾਰੀਆਂ ਨੇ ਪਹਿਲਾਂ ਹੀ ਕਟੜਾ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਮੀਟ ਅਤੇ ਸ਼ਰਾਬ ਦੀ ਵਿਕਰੀ, ਰੱਖਣ ਅਤੇ ਖਪਤ 'ਤੇ ਪਾਬੰਦੀ ਲਗਾ ਦਿੱਤੀ ਹੈ। ਮਹਾਜਨ ਨੇ ਸ਼ਨੀਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਧਾਰਾ 144 ਤਹਿਤ ਅਸੀਂ ਨੁਮਾਈ ਅਤੇ ਪੰਥਲ ਚੈੱਕ ਪੋਸਟਾਂ ਤੋਂ ਤਾਰਾ ਕੋਰਟ ਰਾਹੀਂ ਭਵਨ ਤੱਕ ਸਿਗਰਟ, ਗੁਟਕਾ ਅਤੇ ਹੋਰ ਕਿਸਮਾਂ ਦੇ ਤੰਬਾਕੂ ਦੇ ਭੰਡਾਰਨ, ਵਿਕਰੀ ਅਤੇ ਸੇਵਨ 'ਤੇ ਪਾਬੰਦੀ ਲਗਾ ਦਿੱਤੀ ਹੈ।
ਇਹ ਪਾਬੰਦੀ ਸ਼ਰਾਬ ਅਤੇ ਮੀਟ ਦੀ ਵਿਕਰੀ ਅਤੇ ਖ਼ਪਤ 'ਤੇ ਮੌਜੂਦਾ ਪਾਬੰਦੀ ਦਾ ਵਿਸਥਾਰ ਹੈ। " ਮਹਾਜਨ ਨੇ ਕਿਹਾ ਕਿ ਇਸ ਕਦਮ ਦਾ ਉਦੇਸ਼ ਕਟੜਾ ਬੇਸ ਕੈਂਪ, ਯਾਤਰਾ ਮਾਰਗ ਅਤੇ ਪੂਰੇ ਖੇਤਰ ਨੂੰ ਤੰਬਾਕੂ ਮੁਕਤ ਰੱਖਣਾ ਹੈ। ਰੋਜ਼ਾਨਾ ਲਗਭਗ 30,000 ਤੋਂ 40,000 ਸ਼ਰਧਾਲੂ ਕਟੜਾ ਆਉਂਦੇ ਹਨ।