
ਕਿਹਾ, ਜੇਕਰ ਮੌਜੂਦਾ ਪੀੜ੍ਹੀ ਜੰਗਲਾਂ ਦੀ ਕਟਾਈ ਪ੍ਰਤੀ ਉਦਾਸੀਨ ਰਹੀ ਤਾਂ ਕੌਮੀ ਰਾਜਧਾਨੀ ਬੰਜਰ ਮਾਰੂਥਲ ਬਣ ਜਾਵੇਗੀ
ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਦਿੱਲੀ ’ਚ ਪਿਛਲੇ ਦਿਨੀਂ ਤਾਪਮਾਨ ਵਧ ਕੇ 52.3 ਡਿਗਰੀ ਸੈਲਸੀਅਸ ਹੋ ਜਾਣ ਦਾ ਨੋਟਿਸ ਲੈਂਦਿਆਂ ਕਿਹਾ ਹੈ ਕਿ ਜੇਕਰ ਮੌਜੂਦਾ ਪੀੜ੍ਹੀ ਜੰਗਲਾਂ ਦੀ ਕਟਾਈ ਪ੍ਰਤੀ ਉਦਾਸੀਨ ਰਹੀ ਤਾਂ ਕੌਮੀ ਰਾਜਧਾਨੀ ਬੰਜਰ ਮਾਰੂਥਲ ਬਣ ਜਾਵੇਗੀ। ਦਿੱਲੀ ਦੇ ਮੁੰਗੇਸ਼ਪੁਰ ਇਲਾਕੇ ’ਚ ਬੁਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 52.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਸ਼ਹਿਰ ’ਚ ਹੁਣ ਤਕ ਦਾ ਸੱਭ ਤੋਂ ਵੱਧ ਤਾਪਮਾਨ ਹੈ।
ਜਸਟਿਸ ਤੁਸ਼ਾਰ ਰਾਓ ਗੇਡੇਲਾ ਨੇ ਕਿਹਾ, ‘‘ਨਿਆਂਇਕ ਨੋਟਿਸ ਇਸ ਤੱਥ ’ਤੇ ਲਿਆ ਗਿਆ ਹੈ ਕਿ ਹਾਲ ਹੀ ’ਚ 30 ਮਈ ਨੂੰ ਦਿੱਲੀ ’ਚ ਅਧਿਕਾਰਤ ਤਾਪਮਾਨ 52.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਜੇਕਰ ਅਜੋਕੀ ਪੀੜ੍ਹੀ ਜੰਗਲਾਂ ਦੀ ਕਟਾਈ ਪ੍ਰਤੀ ਉਦਾਸੀਨ ਰਵੱਈਆ ਅਪਣਾਉਂਦੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹ ਸ਼ਹਿਰ ਬੰਜਰ ਮਾਰੂਥਲ ਬਣ ਜਾਵੇਗਾ।’’
ਹਾਈ ਕੋਰਟ ਨੇ ਇਸ ਤੋਂ ਪਹਿਲਾਂ ਅਪਣੇ ਸਾਬਕਾ ਜੱਜ ਨਜਮੀ ਵਜ਼ੀਰੀ ਨੂੰ ਦਿੱਲੀ ’ਚ ਜੰਗਲਾਂ ਦੀ ਸੰਭਾਲ ਨਾਲ ਸਬੰਧਤ ਸ਼ਹਿਰ ਦੇ ਅਧਿਕਾਰੀਆਂ ਦੀ ਅੰਦਰੂਨੀ ਵਿਭਾਗੀ ਕਮੇਟੀ ਦਾ ਚੇਅਰਪਰਸਨ ਨਿਯੁਕਤ ਕੀਤਾ ਸੀ। ਹਾਈ ਕੋਰਟ ਨੂੰ ਸੂਚਿਤ ਕੀਤਾ ਗਿਆ ਸੀ ਕਿ ਵਜ਼ੀਰੀ ਬੁਨਿਆਦੀ ਢਾਂਚੇ ਦੀ ਘਾਟ ਕਾਰਨ ਅਪਣੀ ਡਿਊਟੀ ਨਿਭਾਉਣ ’ਚ ਅਸਮਰੱਥ ਹੈ।
ਅਦਾਲਤ ਨੇ ਕਿਹਾ, ‘‘ਇਹ ਅਦਾਲਤ ਅਜਿਹੀ ਸਥਿਤੀ ਨੂੰ ਬਰਦਾਸ਼ਤ ਨਹੀਂ ਕਰ ਸਕਦੀ ਜਿੱਥੇ ਚੇਅਰਮੈਨ (ਜਸਟਿਸ ਵਜ਼ੀਰੀ) ਦਫਤਰ ਦੀ ਜਗ੍ਹਾ ਜਾਂ ਕਲੈਰੀਕਲ ਅਤੇ ਸਹਾਇਕ ਸਟਾਫ ਜਾਂ ਆਵਾਜਾਈ ਦੇ ਸਾਧਨਾਂ ਦੀ ਘਾਟ ਕਾਰਨ ਜ਼ਿੰਮੇਵਾਰੀਆਂ ਨਿਭਾਉਣ ’ਚ ਅਸਮਰੱਥ ਹਨ।’’ ਉਨ੍ਹਾਂ ਕਿਹਾ, ‘‘ਹਾਲਾਂਕਿ ਵਿਭਾਗ (ਜੰਗਲਾਤ ਅਤੇ ਜੰਗਲੀ ਜੀਵ) ਨੂੰ ਵੱਖ-ਵੱਖ ਸਮਰੱਥਾਵਾਂ ’ਤੇ ਸਟਾਫ ਮੁਹੱਈਆ ਕਰਵਾਉਣ ਦੇ ਹੁਕਮ ਦੇਣ ਦੀ ਬਜਾਏ ਵਿਭਾਗ ਨੂੰ ਇਸ ਮਾਮਲੇ ਨੂੰ ਪੂਰੀ ਗੰਭੀਰਤਾ ਨਾਲ ਅੱਗੇ ਵਧਾਉਣ ਦੇ ਹੁਕਮ ਦੇਣਾ ਉਚਿਤ ਸਮਝਿਆ ਗਿਆ ਹੈ ਤਾਂ ਜੋ ਕਿਸੇ ਵੀ ਹਾਲਤ ’ਚ ਪ੍ਰਵਾਨਗੀ ’ਚ 15 ਜੂਨ ਤੋਂ ਬਾਅਦ ਦੇਰੀ ਨਾ ਹੋਵੇ।’’
ਐਡਵੋਕੇਟ ਆਰ. ਅਰੁਣਾਦਰੀ ਅਈਅਰ ਰਾਹੀਂ ਦਾਇਰ ਕਮੇਟੀ ਦੇ ਚੇਅਰਮੈਨ ਦੀ ਰੀਪੋਰਟ ਮੁਤਾਬਕ ਦਿੱਲੀ ਸਰਕਾਰ ਨੂੰ ਬੁਨਿਆਦੀ ਢਾਂਚੇ, ਕਲੈਰੀਕਲ ਕਰਮਚਾਰੀਆਂ, ਸਹਾਇਕ ਕਰਮਚਾਰੀਆਂ ਅਤੇ ਟਰਾਂਸਪੋਰਟ ਦੀ ਜ਼ਰੂਰਤ ਬਾਰੇ ਸੂਚਿਤ ਕੀਤਾ ਗਿਆ ਸੀ, ਜੋ ਚੇਅਰਮੈਨ ਨੂੰ ਅਪਣੀ ਜ਼ਿੰਮੇਵਾਰੀ ਨੂੰ ਕੁਸ਼ਲਤਾ ਨਾਲ ਨਿਭਾਉਣ ਲਈ ਜ਼ਰੂਰੀ ਹੋਵੇਗਾ।
ਹਾਈ ਕੋਰਟ ਨੇ ਕਿਹਾ ਕਿ ਸਮਰੱਥ ਅਥਾਰਟੀ ਵਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਬੁਨਿਆਦੀ ਢਾਂਚੇ ਦਾ ਵਿਕਾਸ ਅਗਲੇ 15 ਦਿਨਾਂ ਦੇ ਅੰਦਰ ਪੂਰਾ ਕੀਤਾ ਜਾਣਾ ਚਾਹੀਦਾ ਹੈ। ਅਦਾਲਤ ਨੇ ਕਿਹਾ, ‘‘ਸੁਣਵਾਈ ਦੀ ਅਗਲੀ ਤਰੀਕ ਪਹਿਲਾਂ ਹੀ 29 ਜੁਲਾਈ ਤੈਅ ਕੀਤੀ ਜਾ ਚੁਕੀ ਹੈ, ਇਸ ਲਈ ਉਮੀਦ ਕੀਤੀ ਜਾਂਦੀ ਹੈ ਕਿ ਚੇਅਰਮੈਨ ਅਤੇ ਕਮੇਟੀ ਲਈ ਲੋੜੀਂਦੀਆਂ ਸਾਰੀਆਂ ਚੀਜ਼ਾਂ ਅਤੇ ਜ਼ਰੂਰਤਾਂ ਉਸ ਤੋਂ ਪਹਿਲਾਂ ਪੂਰੀ ਤਰ੍ਹਾਂ ਕਾਰਜਸ਼ੀਲ ਹੋਣ ਦੀ ਸਥਿਤੀ ਵਿਚ ਹੋਣਗੀਆਂ।’’