
ਦੇਸ਼ ਵਿਚ ਪੀੜਤਾਂ ਦੀ ਕੁਲ ਗਿਣਤੀ 585493 'ਤੇ ਪਹੁੰਚੀ
ਨਵੀਂ ਦਿੱਲੀ, 1 ਜੁਲਾਈ : ਭਾਰਤ ਵਿਚ ਬੁਧਵਾਰ ਨੂੰ ਕੋਵਿਡ-19 ਕਾਰਨ ਇਕ ਦਿਨ ਵਿਚ ਰੀਕਾਰਡ 507 ਲੋਕਾਂ ਦੀ ਮੌਤ ਹੋ ਗਈ ਜਿਸ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 17400 ਹੋ ਗਈ। ਉਧਰ, ਲਾਗ ਦੇ 18653 ਨਵੇਂ ਮਾਮਲੇ ਸਾਹਮਣੇ ਆਉਣ ਮਗਰੋਂ ਦੇਸ਼ ਵਿਚ ਪੀੜਤਾਂ ਦੀ ਕੁਲ ਗਿਣਤੀ 585493 'ਤੇ ਪਹੁੰਚ ਗਈ।
ਭਾਰਤ ਵਿਚ ਲਗਾਤਾਰ ਪੰਜਵੇਂ ਦਿਨ ਕੋਵਿਡ-19 ਦੇ 18000 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ।
ਇਕ ਜੂਨ ਤੋਂ ਹੁਣ ਤਕ 394958 ਮਾਮਲੇ ਸਾਹਮਣੇ ਆ ਚੁਕੇ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਸਵੇਰੇ ਅੱਠ ਵਜੇ ਇਕੱਠੇ ਕੀਤੇ ਗਏ ਅੰਕੜਿਆਂ ਮੁਤਾਬਕ ਦੇਸ਼ ਵਿਚ ਹੁਣ 220114 ਲੋਕਾਂ ਦਾ ਇਲਾਜ ਚੱਲ ਰਿਹਾ ਹੈ ਅਤੇ 347978 ਲੋਕ ਠੀਕ ਹੋ ਚੁਕੇ ਹਨ। ਅਧਿਕਾਰੀ ਨੇ ਕਿਹਾ ਕਿ ਮਰੀਜ਼ਾਂ ਦੇ ਠੀਕ ਹੋਣ ਦੀ ਦਰ 59.43 ਫ਼ੀ ਸਦੀ ਹੈ। ਕੁਲ ਪੁਸ਼ਟ ਮਾਮਲਿਆਂ ਵਿਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ।
ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿਚ ਜਿਹੜੇ 507 ਲੋਕਾਂ ਦੀ ਜਾਨ ਗਈ ਹੈ, ਉਨ੍ਹਾਂ ਵਿਚੋਂ ਸੱਭ ਤੋਂ ਵੱਧ 245 ਮਾਮਲੇ ਮਹਾਰਾਸ਼ਟਰ ਦੇ ਹਨ। ਇਸ ਤੋਂ ਬਾਅਦ ਦਿੱਲੀ ਵਿਚ 62, ਤਾਮਿਲਨਾਡੂ ਵਿਚ 60, ਯੂਪੀ ਵਿਚ 25, ਕਰਨਾਟਕ ਵਿਚ 20, ਗੁਜਰਾਤ ਦੇ 19, ਪਛਮੀ ਬੰਗਾਲ ਵਿਚ 15, ਮੱਧ ਪ੍ਰਦੇਸ਼ ਤੇ ਰਾਜਸਥਾਨ ਵਿਚ ਅੱਠ ਅੱਠ ਵਿਅਕਤੀਆਂ ਦੀ ਮੌਤ ਹੋਈ ਹੈ।
File Photo
ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਵਿਚ ਸੱਤ ਸੱਤ, ਜੰਮੂ ਕਸ਼ਮੀਰ ਤੇ ਰਾਜਸਥਾਨ ਵਿਚ ਅੱਠ ਅੱਠ ਜਣਿਆਂ ਦੀ ਮੌਤ ਹੋਈ ਹੈ। ਪੰਜਾਬ ਵਿਚ ਛੇ ਛੇ, ਬਿਹਾਰ ਵਿਚ ਪੰਜ, ਹਰਿਆਣਾ ਵਿਚ ਚਾਰ, ਕੇਰਲਾ, ਉੜੀਸਾ, ਪੁਡੂਚੇਰੀ ਅਤੇ ਉਤਰਾਖੰਡ ਵਿਚ ਦੋ ਦੋ ਅਤੇ ਆਸਾਮ ਤੇ ਹਿਮਾਚਲ ਪ੍ਰਦੇਸ਼ ਵਿਚ ਇਕ ਇਕ ਵਿਅਕਤੀ ਦੀ ਲਾਗ ਨਾਲ ਮੌਤ ਹੋਈ ਹੈ। ਮਹਾਰਾਸ਼ਟਰ ਅਤੇ ਦਿੱਲੀ ਦੇ ਪਿਛਲੇ ਦਿਨਾਂ ਦੇ ਅੰਕੜਿਆਂ ਦਾ ਮਿਲਾਨ ਕਰਨ ਮਗਰੋਂ ਜਾਰੀ ਕੀਤੇ ਗਏ ਅੰਕੜਿਆਂ ਕਾਰਨ 17 ਜੂਨ ਨੂੰ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ 2003 ਦੱਸੀ ਗਈ ਸੀ।
ਇਨ੍ਹਾਂ ਅੰਕੜਿਆਂ ਵਿਚ ਉਨ੍ਹਾਂ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ ਜਿਨ੍ਹਾਂ ਦੀ ਮੌਤ ਦਾ ਕਾਰਨ ਪਹਿਲਾਂ ਕੋਵਿਡ-19 ਨਹੀਂ ਦਸਿਆ ਗਿਆ ਸੀ। ਇੰਡੀਅਨ ਮੈਡੀਕਲ ਰਿਸਰਚ ਕੌਂਸਲ ਮੁਤਾਬਕ 30 ਜੂਨ ਤਕ 8826585 ਲੋਕਾਂ ਦੀ ਕੋਵਿਡ-19 ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿਚੋਂ 217931 ਲੋਕਾਂ ਦੀ ਜਾਂਚ ਮੰਗਲਵਾਰ ਨੂੰ ਹੋ ਗਈ ਸੀ। (ਏਜੰਸੀ)