
ਯੂਪੀ ਦੇ ਹਾਥਰਸ ਵਿੱਚ ਸਤਿਸੰਗ ਦੌਰਾਨ ਮਚੀ ਭਗਦੜ ,100 ਤੋਂ ਵੱਧ ਲੋਕਾਂ ਦੀ ਮੌਤ,ਕਈ ਜ਼ਖਮੀ , ਮ੍ਰਿਤਕਾਂ 'ਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸ਼ਾਮਲ
Hathras Satsang Accident : ਯੂਪੀ ਦੇ ਹਾਥਰਸ ਦੇ ਰਤੀਭਾਨਪੁਰ ਵਿੱਚ ਸਤਿਸੰਗ ਦੌਰਾਨ ਭਗਦੜ ਮਚ ਗਈ। ਇਸ ਹਾਦਸੇ 'ਚ 122 ਲੋਕਾਂ ਦੀ ਮੌਤ ਹੋ ਗਈ ਹੈ ਅਤੇ 150 ਤੋਂ ਵੱਧ ਜ਼ਖਮੀ ਹਨ। ਕਈ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਅਜਿਹੇ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਇਸ ਹਾਦਸੇ ਵਿੱਚ ਮਰਨ ਵਾਲਿਆਂ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸ਼ਾਮਲ ਹਨ।
ਪੀਐਮ ਨਰਿੰਦਰ ਮੋਦੀ ਅਤੇ ਸੀਐਮ ਯੋਗੀ ਨੇ ਇਸ ਹਾਦਸੇ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਪੀਐਮ ਮੋਦੀ ਨੇ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
ਸੀਐਮ ਯੋਗੀ ਬੁੱਧਵਾਰ ਨੂੰ ਜਾਣਗੇ ਹਾਥਰਸ
ਹਾਥਰਸ ਵਿੱਚ ਸਤਿਸੰਗ ਦੌਰਾਨ ਭਗਦੜ ਮੱਚ ਗਈ। ਇਸ ਹਾਦਸੇ 'ਚ 100 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਸੀਐਮ ਯੋਗੀ ਘਟਨਾ ਵਾਲੀ ਥਾਂ ਦਾ ਮੁਆਇਨਾ ਕਰਨ ਲਈ ਭਲਕੇ ਬੁੱਧਵਾਰ ਨੂੰ ਹਾਥਰਸ ਜਾਣਗੇ, ਜਿੱਥੇ ਸੀਐਮ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਨਗੇ। ਮੁੱਖ ਮੰਤਰੀ ਦੇ ਨਾਲ ਉਨ੍ਹਾਂ ਦੇ ਪ੍ਰਮੁੱਖ ਸਕੱਤਰ ਸੰਜੇ ਪ੍ਰਸਾਦ ਵੀ ਮੌਜੂਦ ਰਹਿਣਗੇ।
ਜ਼ਿਲ੍ਹਾ ਪ੍ਰਸ਼ਾਸਨ ਨੇ ਜਾਰੀ ਕੀਤਾ ਹੈਲਪਲਾਈਨ ਨੰਬਰ
ਘਟਨਾ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਹਾਥਰਸ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਆਮ ਲੋਕਾਂ ਦੀ ਮਦਦ ਲਈ ਹੈਲਪਲਾਈਨ ਨੰਬਰ 05722227041 ਅਤੇ 05722227042 ਜਾਰੀ ਕੀਤੇ ਹਨ।
ਮੁੱਖ ਮੰਤਰੀ ਨੇ ਦਿੱਤੇ ਘਟਨਾ ਦੀ ਜਾਂਚ ਦੇ ਨਿਰਦੇਸ਼
ਇਸ ਘਟਨਾ ਦਾ ਨੋਟਿਸ ਲੈਂਦਿਆਂ ਮੁੱਖ ਮੰਤਰੀ ਦਫ਼ਤਰ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਜਾਵੇ ਅਤੇ ਮੌਕੇ 'ਤੇ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਏਡੀਜੀ ਆਗਰਾ ਅਤੇ ਕਮਿਸ਼ਨਰ ਅਲੀਗੜ੍ਹ ਦੀ ਅਗਵਾਈ ਵਿੱਚ ਘਟਨਾ ਦੇ ਕਾਰਨਾਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।
ਪ੍ਰਸ਼ਾਸਨ ਦੀ ਕਮਜ਼ੋਰੀ ਕਾਰਨ ਵਾਪਰਿਆ ਹਾਦਸਾ : ਪ੍ਰਬੰਧਕ
ਸਤਿਸੰਗ ਦੀ ਪ੍ਰਬੰਧਕੀ ਕਮੇਟੀ ਨਾਲ ਜੁੜੇ ਮਹੇਸ਼ ਚੰਦਰ ਨੇ ਦੱਸਿਆ ਕਿ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਜਾਜ਼ਤ ਲੈ ਕੇ ਪ੍ਰੋਗਰਾਮ ਕਰਵਾਇਆ ਸੀ | ਪ੍ਰੋਗਰਾਮ ਵਿੱਚ ਇੱਕ ਲੱਖ ਤੋਂ ਵੱਧ ਸ਼ਰਧਾਲੂ ਮੌਜੂਦ ਸਨ। ਜਦੋਂ ਪ੍ਰੋਗਰਾਮ ਖਤਮ ਹੋਇਆ ਤਾਂ ਭਗਦੜ ਮੱਚ ਗਈ। ਇਹ ਹਾਦਸਾ ਪ੍ਰਸ਼ਾਸਨ ਦੀ ਕਮਜ਼ੋਰੀ ਕਾਰਨ ਵਾਪਰਿਆ ਹੈ। ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਲੋਕ ਇੱਕ ਤੋਂ ਬਾਅਦ ਇੱਕ ਚਿੱਕੜ ਵਿੱਚ ਡਿੱਗਦੇ ਰਹੇ, ਉਨ੍ਹਾਂ ਦੀ ਮਦਦ ਕਰਨ ਵਾਲਾ ਕੋਈ ਨਹੀਂ ਸੀ। ਮੈਂ ਭੰਡਾਰੇ ਦਾ ਕੰਮ ਦੇਖ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਇਹ ਪ੍ਰੋਗਰਾਮ 13 ਸਾਲਾਂ ਬਾਅਦ ਹਾਥਰਸ ਵਿੱਚ ਹੋਇਆ ਹੈ। ਸਾਡੇ ਕੋਲ 3 ਘੰਟੇ ਦੀ ਇਜਾਜ਼ਤ ਸੀ। ਇਹ ਘਟਨਾ ਦੁਪਹਿਰ 1.30 ਵਜੇ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਵਾਪਰੀ। ਪ੍ਰੋਗਰਾਮ ਵਿੱਚ ਅਣਗਿਣਤ ਸ਼ਰਧਾਲੂਆਂ ਦੀ ਹਾਜ਼ਰੀ ਬਾਰੇ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਗਈ ਸੀ। ਜਿੱਥੇ ਪ੍ਰਬੰਧ ਕੀਤੇ ਹੋਏ ਸਨ, ਉੱਥੇ ਭਾਰੀ ਭੀੜ ਸੀ। ਪ੍ਰੋਗਰਾਮ ਵਿੱਚ 12 ਤੋਂ ਸਾਢੇ 12 ਹਜ਼ਾਰ ਸੇਵਾਦਾਰ ਸਨ। ਜਦੋਂ ਪ੍ਰੋਗਰਾਮ ਖਤਮ ਹੋਇਆ ਤਾਂ ਉਹ ਇਕੱਠੇ ਭੱਜਣ ਲੱਗੇ ਅਤੇ ਭਗਦੜ ਮੱਚ ਗਈ। ਬਰਸਾਤ ਦੇ ਮੌਸਮ ਦੌਰਾਨ ਚਿੱਕੜ ਕਾਰਨ ਲੋਕ ਇੱਕ ਦੂਜੇ 'ਤੇ ਡਿੱਗਣ ਲੱਗੇ।