
ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ 'ਚ ਹਿੰਦੁਸਤਾਨ ਸ਼ਿਪਯਾਰਡ ਲਿਮਿਟਿਡ (ਐਚਐਸਐਲ) 'ਚ ਸਨਿਚਰਵਾਰ ਨੂੰ ਪ੍ਰੀਖਣ ਦੌਰਾਨ ਇਕ ਕਰੇਨ ਹਾਦਸੇ 'ਚ 11 ਮਜ਼ਦੂਰਾਂ ਦੀ ਦਰਦਨਾਕ ਮੌਤ ਹੋ..
ਵਿਸ਼ਾਖਾਪਟਨਮ, 1 ਅਗੱਸਤ : ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ 'ਚ ਹਿੰਦੁਸਤਾਨ ਸ਼ਿਪਯਾਰਡ ਲਿਮਿਟਿਡ (ਐਚਐਸਐਲ) 'ਚ ਸਨਿਚਰਵਾਰ ਨੂੰ ਪ੍ਰੀਖਣ ਦੌਰਾਨ ਇਕ ਕਰੇਨ ਹਾਦਸੇ 'ਚ 11 ਮਜ਼ਦੂਰਾਂ ਦੀ ਦਰਦਨਾਕ ਮੌਤ ਹੋ ਗਈ। ਵਿਸ਼ਾਖਾਪਟਨਮ ਜ਼ਿਲ੍ਹਾ ਕਲੈਕਟਰ ਵਿਨੇ ਚੰਦ ਨੇ ਮਾਮਲੇ ਦੀ ਪੁਸ਼ਟੀ ਕੀਤੀ। ਉਨ੍ਹਾਂ ਦਸਿਆ ਕਿ ਮ੍ਰਿਤਕਾਂ ਵਿਚੋਂ ਚਾਰ ਵਿਅਕਤੀ ਐਚਐਸਐਲ ਦੇ ਕਰਮਚਾਰੀ ਹਨ, ਜਦਕਿ ਬਾਕੀ ਲੋਕ ਠੇਕੇ 'ਤੇ ਕੰਮ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸ਼ਿਪਯਾਰਡ 'ਚ ਇਸ ਤਰ੍ਹਾਂ ਦਾ ਇਹ ਪਹਿਲਾ ਹਾਦਸਾ ਹੋਇਆ ਹੈ। ਹਾਦਸੇ ਦਾ ਵੀਡੀਉ ਵੀ ਸਾਹਮਣੇ ਆਇਆ ਹੈ।
Photo
ਵੀਡੀਓ 'ਚ ਦਿਖ ਰਿਹਾ ਹੈ ਕਿ ਸ਼ਿਪਯਾਰਡ 'ਚ ਲੱਗੀ ਕਰੇਨ ਅਚਾਨਕ ਹੇਠਾਂ ਡਿੱਗ ਜਾਂਦੀ ਹੈ। ਕਰੇਨ ਦੇ ਹੇਠਾਂ ਦੱਬਣ ਨਾਲ ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ ਮੰਤਰੀ ਅਵੰਤੀ ਸ਼੍ਰੀਨਿਵਾਸ ਨੇ ਘਟਨਾ ਦੀ ਜਾਣਕਾਰੀ ਲੈਂਦੇ ਹੋਏ ਅਧਿਕਾਰੀਆਂ ਨੂੰ ਉੱਚਿਤ ਕਦਮ ਚੁੱਕਣ ਦੇ ਆਦੇਸ਼ ਦਿਤੇ ਹਨ। ਮੀਡੀਆ ਰੀਪੋਰਟ ਅਨੁਸਾਰ ਭਾਰੀ ਕਰੇਨ ਕੋਲ ਕੁਲ 18 ਮਜ਼ਦੂਰ ਕੰਮ ਕਰ ਰਹੇ ਸਨ। ਇਸ ਵਿਚ ਅਚਾਨਕ ਕਰੇਨ ਟੁੱਟ ਕੇ ਹੇਠਾਂ ਡਿੱਗ ਗਈ। ਕਰੇਨ ਦੀ ਲਪੇਟ 'ਚ ਆਉਣ ਨਾਲ 11 ਮਜ਼ੂਦਰਾਂ ਦੀ ਮੌਤ ਹੋ ਗਈ। ਇਕ ਜ਼ਖ਼ਮੀ ਮਜ਼ਦੂਰ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ਦੇ ਸਮੇਂ ਕਰੇਨ ਤੋਂ ਲੋਡਿੰਗ ਦਾ ਟ੍ਰਾਇਲ ਕੀਤਾ ਜਾ ਰਿਹਾ ਸੀ। (ਪੀਟੀਆਈ)