
ਸਬੂਤਾਂ ਨਾਲ ਛੇੜਛਾੜ ਨਾ ਕੀਤੇ ਜਾਣ ਦੀ ਕੀਤੀ ਅਪੀਲ
ਨਵੀਂ ਦਿੱਲੀ, 1 ਅਗੱਸਤ : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਸ਼ਵੇਤਾ ਸਿੰਘ ਕੀਰਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸਨਿਚਰਵਾਰ ਨੂੰ ਅਪਦੇ ਭਰਾ ਲਈ ਇਨਸਾਫ਼ ਦੀ ਅਪੀਲ ਕੀਤੀ। ਸ਼ਵੇਤਾ ਨੇ ਇੰਸਟਾਗ੍ਰਾਮ ਅਤੇ ਟਵਿੱਟਰ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਜ਼ਰੀਏ ਉਨ੍ਹਾਂ ਨੇ ਪੀਐੱਮ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਸ ਦੇ ਭਰਾ ਸੁਸ਼ਾਂਤ ਦੇ ਸੁਸਾਈਡ ਮਾਮਲੇ ਵਿਚ ਨੋਟਿਸ ਲਿਆ ਜਾਵੇ ਅਤੇ ਇਹ ਯਕੀਨੀ ਕੀਤਾ ਜਾਵੇ ਕਿ ਸਬੂਤਾਂ ਨਾਲ ਕੋਈ ਛੇੜਛਾੜ ਨਾ ਹੋਵੇ।
ਉਸ ਨੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿਚ ਲਿਖਿਆ ਹੈ, ''ਇੰਡਸਟਰੀ ਵਿਚ ਉਨ੍ਹਾਂ ਦਾ ਕੋਈ ਗਾਡ ਫਾਦਰ ਨਹੀਂ ਸੀ। ਅਸੀਂ ਇਕ ਸਧਾਰਣ ਪ੍ਰਵਾਰ ਦੇ ਹਾਂ। ਸਾਡੇ ਪ੍ਰਵਾਰ ਵਿਚੋਂ ਮੇਰਾ ਇਕਲੌਤਾ ਭਰਾ ਬਾਲੀਵੁੱਡ ਸਟਾਰ ਸੀ। ਤੁਹਾਨੂੰ ਬੇਨਤੀ ਹੈ ਕਿ ਇਸ ਮਾਮਲੇ 'ਤੇ ਨੋਟਿਸ ਲਿਆ ਜਾਵੇ।'' ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਦੋ ਮਹੀਨੇ ਹੋਣ ਵਾਲੇ ਹਨ। ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਹੁਣ ਤਕ ਕੋਸ਼ਿਸ਼ ਜਾਰੀ ਹੈ। (ਪੀਟੀਆਈ)
ਲੰਬੇ ਸਮੇਂ ਤਕ ਮੁੰਬਈ ਪੁਲਿਸ ਦੀ ਜਾਂਚ ਨੂੰ ਦੇਖਣ ਤੋਂ ਬਾਅਦ ਹੁਣ ਸੁਸ਼ਾਂਤ ਦੇ ਪਿਤਾ ਕੇਕੇ ਸਿੰਘ ਨੇ ਇਸ ਕੇਸ ਨੂੰ ਲੈ ਕੇ ਬਿਹਾਰ ਵਿਚ ਐਫ਼ਆਈਆਰ ਦਰਜ ਕਰਾਈ ਹੈ। ਜ਼ਿਕਰਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ ਬੀਤੀ 14 ਜੂਨ ਨੂੰ ਬਾਂਦਰਾ ਦੇ ਇਕ ਫਲੈਟ 'ਚ ਆਤਮਹੱਤਿਆ ਕਰ ਲਈ ਸੀ। ਉਦੋਂ ਤੋਂ ਮੁੰਬਈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। (ਪੀਟੀਆਈ)
ਮੁੰਬਈ ਪੁਲਿਸ ਸੁਸ਼ਾਂਤ ਦੀ ਮੌਤ ਦੀ ਜਾਂਚ 'ਚ ਸਹਿਯੋਗ ਕਰ ਰਹੀ ਹੈ: ਡੀ.ਜੀ.ਪੀ.
ਬਿਹਾਰ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੁਪਤੇਸ਼ਵਰ ਪਾਂਡੇ ਨੇ ਸਨਿਚਰਵਾਰ ਨੂੰ ਕਿਹਾ ਕਿ ਮੁੰਬਈ ਪੁਲਿਸ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਦੀ ਜਾਂਚ ਲਈ ਮੁੰਬਈ ਗਈ ਪਟਨਾ ਪੁਲਿਸ ਟੀਮ ਦਾ ਸਹਿਯੋਗ ਦੇ ਰਹੀ ਹੈ। ਉਨ੍ਹਾਂ ਨੇ ਮੁੰਬਈ ਪੁਲਿਸ ਵਲੋਂ ਪਟਨਾ ਪੁਲਿਸ ਨਾਲ ਬਦਸਲੂਕੀ ਕਰਨ ਦੇ ਦੋਸ਼ਾਂ ਨੂੰ ਅਫ਼ਵਾਹ” ਕਰਾਰ ਦਿਤਾ। ਪਾਂਡੇ ਨੇ ਪੱਤਰਕਾਰਾਂ ਨੂੰ ਦਸਿਆ ਕਿ ਬਿਹਾਰ ਪੁਲਿਸ ਮਾਮਲੇ ਦੀ ਜਾਂਚ ਕਰਨ ਦੇ ਸਮਰੱਥ ਹੈ ਅਤੇ ਕਈ ਲੋਕਾਂ ਦੇ ਬਿਆਨ ਦਰਜ ਕੀਤੇ ਹਨ।
ਉਨ੍ਹਾਂ ਕਿਹਾ ਕਿ ਪਟਨਾ ਪੁਲਿਸ ਦੀ ਟੀਮ ਮੁੰਬਈ ਵਿਚ ਰੁਕੀ ਹੋਈ ਹੈ। ਉਹ ਪਹਿਲਾਂ ਹੀ ਰਾਜਪੂਤ ਦੇ ਕਰੀਬੀ ਮਹੇਸ਼ ਸ਼ੈੱਟੀ ਦਾ ਬਿਆਨ ਦਰਜ ਕਰਵਾ ਚੁੱਕੀ ਹੈ। ਉਸਨੇ ਰਾਜਪੂਤ ਦੀ ਸਾਬਕਾ ਪ੍ਰੇਮਿਕਾ ਅੰਕਿਤਾ ਲੋਖੰਡੇ, ਅਦਾਕਾਰ ਦੀ ਭੈਣ ਮੀਤੂ ਸਿੰਘ, ਕੁੱਕ ਅਸ਼ੋਕ, ਨੀਰਜ ਅਤੇ ਡਾ. ਕੇਰਸੀ ਚਾਵੜਾ ਦੇ ਬਿਆਨ ਦਰਜ ਕੀਤੇ ਹਨ ਜੋ ਰਾਜਪੂਤ ਦਾ ਇਲਾਜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਥਿਤ ਖ਼ੁਦਕੁਸ਼ੀ ਦੇ ਸਬੰਧ ਵਿਚ ਕੁਝ ਹੋਰ ਲੋਕਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ।
Photo
ਰਿਆ ਚੱਕਰਵਰਤੀ ਦੀ ਪਟੀਸ਼ਨ 'ਤੇ 5 ਅਗੱਸਤ ਨੂੰ ਸੁਪਰੀਮ ਕੋਰਟ 'ਚ ਸੁਣਵਾਈ
ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ 'ਚ ਸ਼ੁਸ਼ਾਂਤ ਦੀ ਸਾਬਕਾ ਪ੍ਰ੍ਰੇਮਿਕਾ ਰਿਆ ਚੱਕਰਵਰਤੀ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ 5 ਅਗੱਸਤ ਵਾਲੇ ਦਿਨ ਸੁਣਵਾਈ ਹੋਣ ਵਾਲੀ ਹੈ। ਰਿਆ ਵਲੋਂ ਦਾਖ਼ਲ ਇਸ ਪਟੀਸ਼ਨ 'ਚ ਪਟਨਾ 'ਚ ਦਰਜ ਮਾਮਲੇ ਦੀ ਜਾਂਚ ਮੁੰਬਈ ਟਰਾਂਸਫਰ ਕਰਨ ਦੀ ਮੰਗ ਕੀਤੀ ਹੈ। ਨਿਊਜ਼ ਏਜੰਸੀ ਪੀਟੀਆਈ ਅਨੁਸਾਰ ਸੁਪਰੀਮ ਕੋਰਟ ਦੀ ਵੈੱਬਸਾਈਟ 'ਤੇ ਅਪਲੋਡ ਕੀਤੀ ਗਈ ਲਿਸਟ ਅਨੁਸਾਰ ਇਸ ਪਟੀਸ਼ਨ 'ਤੇ ਬੁਧਵਾਰ ਨੂੰ ਜੱਜ ਰਿਸ਼ੀਕੇਸ਼ ਰਾਏ ਦੀ ਬੈਂਚ ਸੁਣਵਾਈ ਕਰੇਗੀ।