
Himachal Pradesh Weather: ਭਾਰੀ ਮੀਂਹ ਕਾਰਨ ਕਈ ਘਰ, ਪੁਲ ਅਤੇ ਸੜਕਾਂ ਰੁੜ੍ਹੀਆਂ
Himachal Pradesh Weather Update Cloudbursts: ਹਿਮਾਚਲ ਪ੍ਰਦੇਸ਼ ਵਿਚ ਕੁਦਰਤ ਦਾ ਕਹਿਰ ਸਾਹਮਣੇ ਆਇਆ ਹੈ। ਕੁੱਲੂ, ਮੰਡੀ ਅਤੇ ਸ਼ਿਮਲਾ ’ਚ ਤਿੰਨ ਥਾਵਾਂ ’ਤੇ ਬੱਦਲ ਫਟਣ ਕਾਰਨ 53 ਲੋਕ ਲਾਪਤਾ ਹੋ ਗਏ ਹਨ ਅਤੇ ਪੰਜ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਐਨਡੀਆਰਐਫ਼ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਹਨ। ਰਾਹਤ ਕਾਰਜ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ।
ਅਧਿਕਾਰੀਆਂ ਨੇ ਵੀਰਵਾਰ ਨੂੰ ਇਸ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਬਾਰਸ਼ ਕਾਰਨ ਕਈ ਘਰ, ਪੁਲ ਅਤੇ ਸੜਕਾਂ ਰੁੜ੍ਹ ਗਈਆਂ ਹਨ। ਬੱਦਲ ਫਟਣ ਦੀਆਂ ਘਟਨਾਵਾਂ ਤੋਂ ਬਾਅਦ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸਕੱਤਰੇਤ ਵਿਖੇ ਹੰਗਾਮੀ ਮੀਟਿੰਗ ਬੁਲਾਈ ਹੈ। ਇਸ ਦੇ ਨਾਲ ਹੀ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੇ ਹਿਮਾਚਲ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿਤਾ ਹੈ।
ਅਧਿਕਾਰੀਆਂ ਨੇ ਵੀਰਵਾਰ ਨੂੰ ਦਸਿਆ ਕਿ ਅੱਧੀ ਰਾਤ ਨੂੰ ਬੱਦਲ ਫਟਣ ਨਾਲ ਮੰਡੀ ਜ਼ਿਲ੍ਹੇ ਦੇ ਡਰਾਂਗ ਵਿਧਾਨ ਸਭਾ ਹਲਕੇ ਦੀ ਧਮਚਿਆਣ ਪੰਚਾਇਤ ਦੇ ਰਾਜਵਾਨ ਪਿੰਡ ਵਿਚ ਭਾਰੀ ਤਬਾਹੀ ਹੋਈ। ਪਾਣੀ ਦੇ ਤੇਜ਼ ਵਹਾਅ ਨਾਲ ਕਈ ਘਰ ਵਹਿ ਗਏ ਹਨ। 11 ਲੋਕ ਲਾਪਤਾ ਹੋ ਗਏ ਹਨ। 2 ਲਾਸ਼ਾਂ ਵੀ ਬਰਾਮਦ ਹੋਈਆਂ ਹਨ। ਡਿਪਟੀ ਕਮਿਸ਼ਨਰ ਮੰਡੀ ਅਪੂਰਵਾ ਦੇਵਗਨ ਰਾਹਤ ਤੇ ਬਚਾਅ ਟੀਮ ਨਾਲ ਮੌਕੇ ’ਤੇ ਪਹੁੰਚ ਗਏ ਹਨ। ਪ੍ਰਸਾਸਨ ਨੇ ਬਚਾਅ ਕਾਰਜ ਲਈ ਹਵਾਈ ਸੈਨਾ ਦੀ ਮਦਦ ਮੰਗੀ ਹੈ। ਬੁਧਵਾਰ ਰਾਤ ਕਰੀਬ 12 ਵਜੇ ਰਾਜਵਾਨ ਪਿੰਡ ’ਚ ਗਰਜ ਦੇ ਵਿਚਕਾਰ ਜ਼ੋਰਦਾਰ ਧਮਾਕਾ ਹੋਇਆ। ਕੁਝ ਹੀ ਦੇਰ ਵਿਚ ਹਰ ਪਾਸੇ ਪਾਣੀ ਹੀ ਪਾਣੀ ਹੋ ਗਿਆ।
ਸ਼ਿਮਲਾ ਜ਼ਿਲ੍ਹੇ ਦੇ ਰਾਮਪੁਰ ਇਲਾਕੇ ਦੇ ਸਮੇਜ ਵਿਚ ਬੱਦਲ ਫਟਣ ਨਾਲ ਤਬਾਹੀ ਹੋਈ ਹੈ। ਜਿਸ ਵਿਚ 6 ਪ੍ਰਵਾਰ ਲਾਪਤਾ ਹੋ ਗਏ ਹਨ। ਇਸ ਹਾਦਸੇ ਵਿਚ 32 ਲੋਕ ਲਾਪਤਾ ਹੋ ਗਏ ਹਨ। ਲਾਪਤਾ ਲੋਕਾਂ ਦੀ ਭਾਲ ਸ਼ੁਰੂ ਕਰ ਦਿਤੀ ਗਈ ਹੈ। ਸਮੇਜ ਵਿਚ ਐਸੈਂਟ ਹਾਈਡਰੋ 6 ਮੈਗਾਵਾਟ ਦਾ ਪ੍ਰਾਜੈਕਟ ਵੀ ਰੁੜ੍ਹ ਗਿਆ ਹੈ।
ਬਾਗੀਪੁਲ ਦੇ ਸੀਨੀਅਰ ਕਾਂਗਰਸੀ ਆਗੂ ਬੁੱਧੀ ਸਿੰਘ ਠਾਕੁਰ ਨੇ ਦਸਿਆ ਕਿ ਬਾਗੀਪੁਲ ਦੇ ਸਿਖਰ ’ਤੇ ਬੱਦਲ ਫਟਣ ਕਾਰਨ ਕੁਰਪਾਨ ਖੱਡ ਵਿਚ ਪਾਣੀ ਭਰ ਗਿਆ। ਇਸ ਵਿਚ ਸਿੰਘ ਗੰਢ ਵਿਚ ਕਈ ਦੁਕਾਨਾਂ ਅਤੇ ਹੋਟਲ ਸਵਾਹ ਹੋ ਗਏ। ਇਥੇ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਜਦੋਂਕਿ ਬਾਗੀਪੁਲ ਵਿਚ ਨੌਂ ਘਰ ਵਹਿ ਗਏ ਹਨ। ਇਸ ਵਿਚ ਇਕ ਘਰ ਵਿਚ ਇਕ ਪ੍ਰਵਾਰ ਦੇ ਚਾਰ ਮੈਂਬਰ ਵੀ ਲਾਪਤਾ ਹਨ। ਇਨ੍ਹਾਂ ਦੇ ਵਹਿਣ ਦੀ ਸੰਭਾਵਨਾ ਹੈ। ਦੇਰ ਰਾਤ ਆਈ ਪਾਰਵਤੀ ਨਦੀ, ਬਿਆਸ ਦਰਿਆ ਦੇ ਪਾਣੀ ਦਾ ਪੱਧਰ ਕਾਫੀ ਵਧ ਗਿਆ ਹੈ। ਦੂਜੇ ਪਾਸੇ ਸੈਂਜ ਵਿਚ ਵੀ ਪਿੰਨ ਪਾਰਵਤੀ ਨਦੀ ਦੇ ਪਾਣੀ ਦਾ ਪੱਧਰ ਵਧਣ ਕਾਰਨ ਨੁਕਸਾਨ ਹੋਣ ਦਾ ਖਦਸਾ ਹੈ। ਹਾਲਾਂਕਿ ਅਜੇ ਤਕ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਇਸ ਨਾਲ ਹੀ ਸੈਂਜ ਵਿਚ ਵਹਿ ਰਹੀ ਬਾਲੀ ਪਿੰਨ ਪਾਰਵਤੀ ਨਦੀ ਨੇ ਠੀਕ ਇਕ ਸਾਲ ਬਾਅਦ ਅਪਣਾ ਭਿਆਨਕ ਰੂਪ ਦਿਖਾਉਣਾ ਸ਼ੁਰੂ ਕਰ ਦਿਤਾ ਹੈ। ਇਕ ਪਾਸੇ ਜਿੱਥੇ ਬੁਧਵਾਰ ਰਾਤ ਨੂੰ ਸੈਂਜ ਘਾਟੀ ਵਿਚ ਹੋਈ ਭਾਰੀ ਬਾਰਸ਼ ਕਾਰਨ ਨਦੀ ਦੇ ਪਾਣੀ ਦਾ ਪੱਧਰ ਵੱਧ ਗਿਆ, ਉੱਥੇ ਹੀ ਦੂਜੇ ਪਾਸੇ ਦਰਿਆ ’ਤੇ ਬਣੇ ਬੰਨ੍ਹ ਦੇ ਗੇਟ ਅਚਾਨਕ ਖੋਲ੍ਹੇ ਜਾਣ ਕਾਰਨ ਮੁੱਖ ਸਮੇਤ ਕਈ ਵਾਹਨ ਸੈਂਜ ਬਾਜ਼ਾਰ ਨੂੰ ਜੋੜਨ ਵਾਲੀ ਸੜਕ ਵੀ ਪ੍ਰਭਾਵਤ ਹੋਈ। (ਏਜੰਸੀ)