
ਨਾਜਾਇਜ਼ ਉਸਾਰੀ ਨੂੰ ਢਾਹੁਣ ਲਈ ਬੁਲਡੋਜ਼ਰ ਲੈ ਕੇ ਪਹੁੰਚੀ ED
ED Seized SP MP Babu Singh Kushwaha Property : ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ED ਨੇ ਵੱਡੀ ਕਾਰਵਾਈ ਕੀਤੀ ਹੈ। ਇੱਥੇ ਜੌਨਪੁਰ ਤੋਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਬਾਬੂ ਸਿੰਘ ਕੁਸ਼ਵਾਹਾ ਦੀ ਕਰੋੜਾਂ ਰੁਪਏ ਦੀ ਜ਼ਮੀਨ ਜ਼ਬਤ ਕਰ ਲਈ ਗਈ ਹੈ। ਨਾਜਾਇਜ਼ ਉਸਾਰੀ ਨੂੰ ਢਾਹੁਣ ਲਈ ਈਡੀ ਦੀ ਟੀਮ ਬੁਲਡੋਜ਼ਰ ਲੈ ਕੇ ਇੱਥੇ ਪਹੁੰਚ ਗਈ ਹੈ।
ਦੱਸ ਦੇਈਏ ਕਿ ਸਪਾ ਦੇ ਸੰਸਦ ਮੈਂਬਰ ਰਾਸ਼ਟਰੀ ਗ੍ਰਾਮੀਣ ਸਿਹਤ ਮਿਸ਼ਨ (ਐੱਨ.ਐੱਚ.ਆਰ.ਐੱਮ.) ਘੁਟਾਲੇ 'ਚ ਆਰੋਪੀ ਰਹੇ ਹਨ। ਯੂਪੀ ਦੇ ਸਾਬਕਾ ਮੰਤਰੀ ਬਾਬੂ ਸਿੰਘ ਕੁਸ਼ਵਾਹਾ ਘੁਟਾਲੇ ਦੇ ਸਮੇਂ ਯੂਪੀ ਦੇ ਪਰਿਵਾਰ ਭਲਾਈ ਮੰਤਰੀ ਸਨ। ਇਸ ਮਾਮਲੇ ਵਿੱਚ ਉਹ 4 ਸਾਲ ਜੇਲ੍ਹ ਵਿੱਚ ਵੀ ਰਹੇ ਹਨ।
ਜਾਣਕਾਰੀ ਮੁਤਾਬਕ ਜੌਨਪੁਰ ਤੋਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਅਤੇ ਬਸਪਾ ਸਰਕਾਰ 'ਚ ਮੰਤਰੀ ਰਹੇ ਬਾਬੂ ਸਿੰਘ ਕੁਸ਼ਵਾਹਾ ਦੀ ਜ਼ਮੀਨ 'ਤੇ ਈਡੀ ਨੇ ਇਹ ਕਾਰਵਾਈ ਕੀਤੀ ਹੈ। ਬਾਬੂ ਸਿੰਘ ਕੁਸ਼ਵਾਹਾ ਦੀ ਕਰੋੜਾਂ ਦੀ ਜ਼ਮੀਨ ਲਖਨਊ ਦੇ ਸਰੋਜਨੀ ਨਗਰ ਥਾਣਾ ਖੇਤਰ ਵਿੱਚ ਸਥਿਤ ਸਕੂਟਰ ਇੰਡੀਆ ਦੇ ਕੋਲ ਹੈ, ਜੋ ਕਿ ਬਹੁਤ ਕੀਮਤੀ ਹੈ।
ਬਾਬੂ ਸਿੰਘ ਕੁਸ਼ਵਾਹਾ ਨੈਸ਼ਨਲ ਰੂਰਲ ਹੈਲਥ ਮਿਸ਼ਨ ਯਾਨੀ NRHM ਘੁਟਾਲੇ ਦੇ ਆਰੋਪੀ ਹਨ। ਈਡੀ ਦੀ ਟੀਮ ਬਾਬੂ ਸਿੰਘ ਖ਼ਿਲਾਫ਼ ਚੱਲ ਰਹੇ ਪੀਐਮਐਲਏ ਕੇਸ ਦੀ ਜਾਂਚ ਕਰ ਰਹੀ ਸੀ। ਜਾਂਚ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਲਖਨਊ ਸਥਿਤ ਕਰੋੜਾਂ ਦੀ ਜ਼ਮੀਨ ਜ਼ਬਤ ਕਰ ਲਈ ਹੈ।
ਸੀਬੀਆਈ ਨੇ ਮਾਇਆਵਤੀ ਸਰਕਾਰ ਵਿੱਚ ਮੰਤਰੀ ਰਹੇ ਬਾਬੂ ਸਿੰਘ ਕੁਸ਼ਵਾਹਾ ਨੂੰ ਬਹੁ-ਕਰੋੜੀ ‘ਰਾਸ਼ਟਰੀ ਗ੍ਰਾਮੀਣ ਸਿਹਤ ਮਿਸ਼ਨ’ ਘੁਟਾਲੇ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਸੀ। ਇਹ ਘੋਟਾਲਾ 10,000 ਕਰੋੜ ਰੁਪਏ ਤੋਂ ਵੱਧ ਦਾ ਦੱਸਿਆ ਜਾ ਰਿਹਾ ਸੀ। NHRM ਦੇ ਤਹਿਤ ਇਹ ਫੰਡ ਕੇਂਦਰ ਦੁਆਰਾ ਅਲਾਟ ਕੀਤੇ ਗਏ ਸੀ। ਸੀਬੀਆਈ ਸੂਤਰਾਂ ਨੇ ਦੱਸਿਆ ਸੀ ਕਿ ਕੁਸ਼ਵਾਹਾ ਨੂੰ ਗਾਜ਼ੀਆਬਾਦ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਸੀਬੀਆਈ ਰਿਮਾਂਡ ’ਤੇ ਭੇਜ ਦਿੱਤਾ ਗਿਆ ਸੀ।