
1947 ਤੋਂ ਬਾਅਦ 2020 ਦਾ ਆਰਥਕ ਮੰਦਵਾੜਾ ਪਿਛਲੇ 74 ਸਾਲਾਂ ਦੇ ਸੱਭ ਤੋਂ ਹੇਠਲੇ ਸਤਰ 'ਤੇ ਪਹੁੰਚਿਆ
ਸੰਗਰੂਰ, 2 ਸਤੰਬਰ (ਬਲਵਿੰਦਰ ਸਿੰਘ ਭੁੱਲਰ) : ਕੋਵਿਡ-19 ਮਹਾਂਮਾਰੀ ਸਬੰਧੀ ਸੂਬਾ ਸਰਕਾਰ ਵਲੋਂ ਨਵੇਂ ਹੁਕਮ ਜਾਰੀ ਕਰਦਿਆਂ ਰਾਤਾਂ ਦਾ ਕਰਫ਼ਿਊ ਪਹਿਲਾਂ ਵਾਂਗ ਬਹਾਲ ਰੱਖਣ, ਸਨਿਚਰਵਾਰ ਅਤੇ ਐਤਵਾਰ ਦੇ ਸੰਪੂਰਨ ਲੌਕਡਾਊਨ ਸਮੇਤ ਸੂਬੇ ਅੰਦਰ ਦਫ਼ਾ 144 ਨੂੰ ਪਹਿਲਾਂ ਵਾਂਗ ਜਾਰੀ ਰੱਖਣ ਅਤੇ 30 ਸਤੰਬਰ ਤਕ ਇਕ ਮਹੀਨਾ ਹੋਰ ਵਧਾਉਣ ਨਾਲ ਸੂਬੇ ਅੰਦਰ ਵਸਦਾ ਦਰਮਿਆਨਾ ਅਤੇ ਨਿਮਨ ਮੱਧ ਵਰਗ ਤਬਕਾ ਪੂਰੀ ਤਰ੍ਹਾਂ ਨਿਰਉਤਸ਼ਾਹਤ ਅਤੇ ਰੋਜ਼ ਕਮਾ ਕੇ ਖਾਣ ਵਾਲਿਆਂ ਅੰਦਰ ਭਾਰੀ ਨਿਰਾਸ਼ਾ ਦਾ ਮਾਹੌਲ ਪੈਦਾ ਹੋ ਗਿਆ ਹੈ।
ਕੋਵਿਡ ਮਹਾਂਮਾਰੀ ਨੇ ਜਿਥੇ ਦੇਸ਼ ਅੰਦਰ ਤਕਰੀਬਨ 65000 ਮਨੁੱਖੀ ਜਾਨਾਂ ਲਈਆਂ ਹਨ ਉਥੇ ਸਮੁੱਚੀ ਅਰਥਵਿਵਸਥਾ ਦਾ ਵੀ ਕਚੂੰਮਰ ਕੱਢ ਕੇ ਰੱਖ ਦਿਤਾ ਹੈ। ਕੋਰੋਨਾ ਮਹਾਂਮਾਰੀ ਦੇ ਸਿਰਫ ਪਹਿਲੇ 21 ਦਿਨ 'ਚ ਦੇਸ਼ ਨੂੰ 32000 ਹਜ਼ਾਰ ਕਰੋੜ ਰੁਪਏ ਦਾ ਵਿੱਤੀ ਘਾਟਾ ਪਿਆ। ਵਰਲਡ ਬੈਂਕ ਦੀ ਇਕ ਤਾਜ਼ਾ ਰਿਪੋਰਟ ਅਨੁਸਾਰ ਭਾਰਤ ਵਿਚ ਕੋਰੋਨਾ ਮਹਾਂਮਾਰੀ ਆਰੰਭ ਹੋਣ ਤੋਂ ਪਹਿਲਾਂ ਵੀ ਨੋਟਬੰਦੀ ਅਤੇ ਜੀਐਸਟੀ ਲਾਗੂ ਕਰਨ ਕਰ ਕੇ ਮੰਦਵਾੜੇ ਦਾ ਦੌਰ ਚੱਲ ਰਿਹਾ ਸੀ ਪਰ ਕੋਰੋਨਾ ਮਹਾਂਮਾਰੀ ਨੇ ਬਲਦੀ 'ਤੇ ਤੇਲ ਪਾਇਆ ਅਤੇ ਦੇਸ਼ ਵਾਸੀਆਂ ਨੂੰ 1990 ਤੋਂ ਬਾਅਦ 2020 ਦੌਰਾਨ ਪਿਛਲੇ ਤਿੰਨ ਦਹਾਕਿਆਂ ਦੇ ਸੱਭ ਤੋਂ ਵੱਡੇ ਆਰਥਕ ਮੰਦਵਾੜੇ ਦਾ ਸਾਹਮਣਾ ਕਰਨਾ ਪਿਆ।
ਵਰਲਡ ਬੈਂਕ ਦੀ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ 1947 ਤੋਂ ਬਾਅਦ ਮੌਜੂਦਾ 2020 ਦਾ ਆਰਥਕ ਮੰਦੜਾੜਾ ਪਿਛਲੇ 74 ਸਾਲਾਂ ਦੇ ਸੱਭ ਤੋਂ ਹੇਠਲੇ ਸਤਰ 'ਤੇ ਪਹੁੰਚ ਗਿਆ ਹੈ। ਕਰੋਨਾ ਮਹਾਂਮਾਰੀ ਦੇ ਇਸ ਸਮੇਂ ਦੌਰਾਨ ਬੇਰੁਜ਼ਗਾਰੀ ਦੀ ਦਰ 6 ਫ਼ੀ ਸਦੀ ਤੋਂ ਵਧ ਕੇ 26 ਫ਼ੀ ਸਦੀ ਹੋ ਗਈ। 140 ਮਿਲੀਅਨ (14 ਕਰੋੜ) ਲੋਕ ਇਸ ਸਮੇਂ ਦੌਰਾਨ ਬੇਰੁਜ਼ਗਾਰ ਹੋਏ ਜਦ ਕਿ ਫ਼ੈਕਟਰੀਆਂ ਅਤੇ ਦਫ਼ਤਰਾਂ ਵਿਚ ਕੰਮ ਕਰਦੇ ਲੱਖਾਂ ਕਾਮਿਆਂ ਦੀਆਂ ਤਨਖ਼ਾਹਾਂ 'ਤੇ ਕੱਟ ਲੱਗਣ ਨਾਲ ਦੇਸ਼ ਦੇ 45 ਫ਼ੀ ਸਦੀ ਮੱਧਵਰਗ ਪਰਵਾਰਾਂ ਦੀ ਮਾਲੀ ਹਾਲਤ ਬਦ ਤੋਂ ਬਦਤਰ ਹੋਈ।
ਕੋਰੋਨਾ ਮਹਾਂਮਾਰੀ ਦੌਰਾਨ 53 ਫ਼ੀ ਸਦੀ ਉਦਯੋਗਿਕ ਇਕਾਈਆਂ ਬੁਰੀ ਤਰ੍ਹਾਂ ਪ੍ਰਭਾਵਤ ਹੋਈਆਂ ਜਦ ਕਿ ਜ਼ਰੂਰੀ ਵਸਤਾਂ ਦੀ ਢੋਆ ਢੁਆਈ ਕਰਦੀ ਸਪਲਾਈ ਚੇਨ ਪ੍ਰਭਾਵਤ ਹੋਣ ਨਾਲ ਡੀਜ਼ਲ ਅਤੇ ਪਟਰੌਲ ਸਮੇਤ ਆਮ ਘਰਾਂ ਵਿਚ ਰੋਜ਼ਾਨਾ ਵਰਤੀਆਂ ਜਾਣ ਵਾਲੀਆਂ ਜ਼ਰੂਰੀ ਵਸਤਾਂ ਅਤੇ ਖਾਧ ਪਦਾਰਥਾਂ ਦੀਆਂ ਕੀਮਤਾਂ ਅਸਮਾਨੀ ਚੜ੍ਹੀਆਂ। ਕੋਰੋਨਾ ਵਾਇਰਸ ਨੇ ਦੇਸ਼ ਦੇ ਟੂਰਿਜ਼ਮ ਢਾਂਚੇ ਨੂੰ ਵੀ ਬੁਰੀ ਤਰ੍ਹਾਂ ਤਬਾਹ ਕੀਤਾ ਹੈ।
ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੋਰੋਨਾ ਮਹਾਂਮਾਰੀ ਦਿਨਾਂ, ਹਫ਼ਤਿਆਂ ਜਾਂ ਮਹੀਨਿਆਂ ਦੀ ਖੇਡ ਨਹੀਂ; ਸਾਨੂੰ ਹਰ ਤਰ੍ਹਾਂ ਦਾ ਡਰ ਤਿਆਗ਼ ਕੇ ਇਸ ਦੇ ਨਾਲ ਹੀ ਜਿਉਂਦਾ ਰਹਿਣ ਦੀ ਜਾਚ ਸਿਖਣੀ ਪਵੇਗੀ ਪਰ ਇਹ ਕੰਮ ਬਹੁਤ ਹੀ ਸੂਖਮ ਹੈ ਜਿਸ ਨੂੰ ਬਹੁਤ ਸੰਜੀਦਾ ਹੋ ਕੇ ਕਰਨਾ ਪਵੇਗਾ।