
ਨਰੇਸ਼ ਗੋਇਲ (74) ਨੂੰ ਸ਼ਨੀਵਾਰ ਨੂੰ ਮੁੰਬਈ ਦੀ ਵਿਸ਼ੇਸ਼ ਪੀਐਮਐਲਏ ਅਦਾਲਤ ਵਿਚ ਪੇਸ਼ ਕੀਤੇ ਜਾਣ ਦੀ ਉਮੀਦ ਹੈ ਜਿੱਥੋਂ ਈਡੀ ਉਸ ਦਾ ਰਿਮਾਂਡ ਮੰਗੇਗੀ।
ਮੁੰਬਈ - ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਨੂੰ ਈਡੀ ਨੇ ਗ੍ਰਿਫ਼ਤਾਰ ਕੀਤਾ ਹੈ। ਈਡੀ ਨੇ ਕੇਨਰਾ ਬੈਂਕ ਵਿਚ 538 ਕਰੋੜ ਰੁਪਏ ਦੀ ਕਥਿਤ ਬੈਂਕ ਧੋਖਾਧੜੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿਚ ਸ਼ੁੱਕਰਵਾਰ ਦੇਰ ਰਾਤ ਨਰੇਸ਼ ਗੋਇਲ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਈਡੀ ਦੇ ਸਥਾਨਕ ਦਫ਼ਤਰ 'ਚ ਲੰਬੀ ਪੁੱਛਗਿੱਛ ਤੋਂ ਬਾਅਦ ਉਸ ਨੂੰ ਮਨੀ ਲਾਂਡਰਿੰਗ ਐਕਟ ਤਹਿਤ ਹਿਰਾਸਤ 'ਚ ਲਿਆ ਗਿਆ। ਨਰੇਸ਼ ਗੋਇਲ (74) ਨੂੰ ਸ਼ਨੀਵਾਰ ਨੂੰ ਮੁੰਬਈ ਦੀ ਵਿਸ਼ੇਸ਼ ਪੀਐਮਐਲਏ ਅਦਾਲਤ ਵਿਚ ਪੇਸ਼ ਕੀਤੇ ਜਾਣ ਦੀ ਉਮੀਦ ਹੈ ਜਿੱਥੋਂ ਈਡੀ ਉਸ ਦਾ ਰਿਮਾਂਡ ਮੰਗੇਗੀ।
ਕੇਨਰਾ ਬੈਂਕ ਦੇ 538 ਕਰੋੜ ਰੁਪਏ ਦੇ ਕਥਿਤ ਧੋਖਾਧੜੀ ਦੇ ਸਬੰਧ ਵਿਚ ਜੈੱਟ ਏਅਰਵੇਜ਼, ਗੋਇਲ, ਉਸ ਦੀ ਪਤਨੀ ਅਨੀਤਾ ਅਤੇ ਕੰਪਨੀ ਦੇ ਕੁਝ ਸਾਬਕਾ ਅਧਿਕਾਰੀਆਂ ਵਿਰੁੱਧ ਸੀਬੀਆਈ ਨੇ ਐਫਆਈਆਰ ਤੋਂ ਬਾਅਦ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਗਿਆ ਸੀ। ਕੇਨਰਾ ਬੈਂਕ ਦੀ ਸ਼ਿਕਾਇਤ 'ਤੇ ਐਫਆਈਆਰ ਦਰਜ ਕੀਤੀ ਗਈ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਬੈਂਕ ਨੇ ਜੈੱਟ ਏਅਰਵੇਜ਼ ਇੰਡੀਆ ਲਿਮਟਿਡ (ਜੇਆਈਐਲ) ਨੂੰ 848.86 ਕਰੋੜ ਰੁਪਏ ਦੀ ਕ੍ਰੈਡਿਟ ਲਿਮਿਟ ਅਤੇ ਲੋਨ ਮਨਜ਼ੂਰ ਕੀਤਾ ਸੀ, ਜਿਸ ਵਿਚੋਂ 538.62 ਕਰੋੜ ਰੁਪਏ ਬਕਾਇਆ ਸਨ। ਸੀਬੀਆਈ ਨੇ ਦੱਸਿਆ ਕਿ ਖਾਤੇ ਨੂੰ 29 ਜੁਲਾਈ, 2021 ਨੂੰ "ਧੋਖਾਧੜੀ" ਕਰਾਰ ਦਿੱਤਾ ਗਿਆ ਸੀ।
ਬੈਂਕ ਨੇ ਦੋਸ਼ ਲਗਾਇਆ ਕਿ ਕੰਪਨੀ ਦੇ ਫੋਰੈਂਸਿਕ ਆਡਿਟ ਤੋਂ ਪਤਾ ਲੱਗਾ ਹੈ ਕਿ ਉਸ ਨੇ ਕੁੱਲ ਕਮਿਸ਼ਨ ਖਰਚਿਆਂ ਵਿਚੋਂ "ਸਬੰਧਤ ਕੰਪਨੀਆਂ" ਨੂੰ 1,410.41 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ। ਇਸ ਤਰ੍ਹਾਂ ਕੰਪਨੀ ਤੋਂ ਇਹ ਪੈਸਾ ਕਢਵਾ ਲਿਆ ਗਿਆ। ਇਸ ਵਿਚ ਕਿਹਾ ਗਿਆ ਹੈ ਕਿ ਗੋਇਲ ਪਰਿਵਾਰ ਦੇ ਕਰਮਚਾਰੀਆਂ ਦੇ ਨਿੱਜੀ ਖਰਚੇ, ਜਿਵੇਂ ਕਿ ਤਨਖਾਹ, ਫੋਨ ਬਿੱਲ ਅਤੇ ਵਾਹਨ ਦੇ ਖਰਚੇ, ਜੇਆਈਐਲ ਦੁਆਰਾ ਅਦਾ ਕੀਤੇ ਗਏ ਸਨ। ਇਹਨਾਂ ਦੋਸ਼ਾਂ ਤੋਂ ਇਲਾਵਾ, ਫੋਰੈਂਸਿਕ ਆਡਿਟ ਨੇ ਖੁਲਾਸਾ ਕੀਤਾ ਕਿ ਫੰਡਾਂ ਨੂੰ ਅਗਾਊਂ ਭੁਗਤਾਨਾਂ ਅਤੇ ਸਹਾਇਕ ਕੰਪਨੀ ਜੇਐਲਐਲ ਦੁਆਰਾ ਨਿਵੇਸ਼ਾਂ ਦੁਆਰਾ ਅਤੇ ਬਾਅਦ ਵਿਚ ਪ੍ਰੋਵਿਜ਼ਨਿੰਗ ਦੁਆਰਾ ਰਾਈਟ ਆਫ ਕੀਤਾ ਗਿਆ ਸੀ।