
ਕੈਬਿਨ ਕਰੂ ਅਤੇ ਇਕ ਸਹਿ ਯਾਤਰੀ ਨੇ ਉਸ ਨੂੰ ਦੇਖਿਆ ਅਤੇ ਤੁਰੰਤ ਜਹਾਜ਼ ਦੇ ਪਾਇਲਟ ਨੂੰ ਸੂਚਿਤ ਕੀਤਾ।
ਕੋਲਕਾਤਾ - ਸ਼ਨੀਵਾਰ ਨੂੰ ਦੁਬਈ ਤੋਂ ਕੋਲਕਾਤਾ ਆ ਰਹੀ ਇੰਡੀਗੋ ਦੀ ਫਲਾਈਟ ਦੇ ਬਾਥਰੂਮ 'ਚ ਸਿਗਰਟ ਪੀਣ ਦੇ ਦੋਸ਼ 'ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਯਾਤਰੀ ਨੂੰ ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਏਅਰਪੋਰਟ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਸੁਵਮ ਸ਼ੁਕਲਾ ਬਾਥਰੂਮ ਵਿਚ ਦਾਖਲ ਹੋਇਆ ਅਤੇ ਉਥੇ ਸਿਗਰਟ ਪੀਣ ਲੱਗ ਪਿਆ। ਕੈਬਿਨ ਕਰੂ ਅਤੇ ਇਕ ਸਹਿ ਯਾਤਰੀ ਨੇ ਉਸ ਨੂੰ ਦੇਖਿਆ ਅਤੇ ਤੁਰੰਤ ਜਹਾਜ਼ ਦੇ ਪਾਇਲਟ ਨੂੰ ਸੂਚਿਤ ਕੀਤਾ।
ਫਲਾਈਟ ਦੇ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ, ਫਲਾਈਟ ਅਧਿਕਾਰੀ ਨੇ ਤੁਰੰਤ ਹਵਾਈ ਅੱਡੇ ਦੇ ਸੁਰੱਖਿਆ ਕਰਮਚਾਰੀਆਂ ਅਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ) ਦੇ ਕਰਮਚਾਰੀਆਂ ਨਾਲ ਸੰਪਰਕ ਕੀਤਾ। ਜਿਸ ਤੋਂ ਬਾਅਦ ਯਾਤਰੀ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਗਿਆ। ਸਭ ਤੋਂ ਪਹਿਲਾਂ ਸੀਆਈਐਸਐਫ ਅਧਿਕਾਰੀਆਂ ਵੱਲੋਂ ਸ਼ੁਕਲਾ ਤੋਂ ਪੁੱਛ-ਪੜਤਾਲ ਕੀਤੀ ਗਈ ਅਤੇ ਅੰਤ ਵਿਚ ਉਸ ਨੂੰ ਬਿਧਾਨਨਗਰ ਸਿਟੀ ਪੁਲਿਸ ਅਧੀਨ ਆਉਂਦੇ ਏਅਰਪੋਰਟ ਥਾਣੇ ਦੀ ਪੁਲਿਸ ਹਵਾਲੇ ਕਰ ਦਿੱਤਾ ਗਿਆ।
ਫਿਲਹਾਲ ਪੁਲਿਸ ਉਸ ਤੋਂ ਪੁੱਛਗਿਛ ਕਰ ਰਹੀ ਹੈ ਕਿ ਉਸ ਨੂੰ ਜਹਾਜ਼ 'ਚ ਰਹਿੰਦਿਆਂ ਅਜਿਹੀਆਂ ਗੈਰ-ਕਾਨੂੰਨੀ ਹਰਕਤਾਂ ਕਰਨ ਲਈ ਕਿਸ ਨੇ ਪ੍ਰੇਰਿਤ ਕੀਤਾ ਸੀ। ਸ਼ੁਕਲਾ 'ਤੇ ਏਅਰਕ੍ਰਾਫਟ ਰੂਲਜ਼, 1937 ਦੀ ਧਾਰਾ 25 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇੰਡੀਗੋ ਏਅਰਲਾਈਨਜ਼ ਦੇ ਅਧਿਕਾਰੀਆਂ ਨੇ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਲਈ ਫਲਾਈਟ 'ਚ ਸਿਗਰਟਨੋਸ਼ੀ ਦੀ ਸਖ਼ਤ ਮਨਾਹੀ ਹੈ। ਖੁਸ਼ਕਿਸਮਤੀ ਨਾਲ ਮੁਸਾਫਰ ਵੱਲੋਂ ਸਮੇਂ ਸਿਰ ਸਿਗਰਟ ਪੀਂਦੇ ਦੇਖਿਆ ਗਿਆ ਅਤੇ ਕਾਰਵਾਈ ਕੀਤੀ ਗਈ ਨਹੀਂ ਤਾਂ ਹਾਦਸਾ ਵਾਪਰ ਸਕਦਾ ਸੀ।