
ਤੇਲੰਗਾਨਾ ’ਚ ਇਕ ਮਹਿਲਾ ਵਿਗਿਆਨੀ ਸਮੇਤ 16 ਲੋਕਾਂ ਦੀ ਮੌਤ
Andhra Pradesh , Telangana Rain : ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ’ਚ ਲਗਾਤਾਰ ਮੀਂਹ ਕਾਰਨ 31 ਲੋਕਾਂ ਦੀ ਮੌਤ ਹੋ ਗਈ ਅਤੇ ਸੜਕਾਂ ਅਤੇ ਰੇਲਵੇ ਟਰੈਕਾਂ ਨੂੰ ਨੁਕਸਾਨ ਪਹੁੰਚਿਆ। ਇਸ ਤੋਂ ਇਲਾਵਾ ਹਜ਼ਾਰਾਂ ਏਕੜ ਖੇਤੀਬਾੜੀ ਜ਼ਮੀਨ ਡੁੱਬ ਗਈ ਹੈ ਅਤੇ ਬਚਾਅ ਅਤੇ ਮੁੜ ਵਸੇਬੇ ਲਈ ਏਜੰਸੀਆਂ ਨੂੰ ਲਾਮਬੰਦ ਕੀਤਾ ਗਿਆ ਹੈ।
ਸੋਮਵਾਰ ਨੂੰ ਮੀਂਹ ਕਾਰਨ ਦੋਵੇਂ ਤੇਲਗੂ ਬੋਲਣ ਵਾਲੇ ਰਾਜ ਪ੍ਰਭਾਵਤ ਹੋਏ। ਤੇਲੰਗਾਨਾ ’ਚ 16 ਅਤੇ ਗੁਆਂਢੀ ਆਂਧਰਾ ਪ੍ਰਦੇਸ਼ ’ਚ 15 ਲੋਕਾਂ ਦੀ ਮੌਤ ਹੋ ਗਈ। ਤੇਲੰਗਾਨਾ ਦੇ ਕੇਸਮੁਦਰਮ ਨੇੜੇ ਰੇਲਵੇ ਟਰੈਕਾਂ ਦੇ ਹੇਠਾਂ ਬਜਰੀ ਦਾ ਇਕ ਹਿੱਸਾ ਹੜ੍ਹ ਦੇ ਪਾਣੀ ਕਾਰਨ ਵਹਿ ਗਿਆ।
ਆਂਧਰਾ ਪ੍ਰਦੇਸ਼ ’ਚ ਲਗਭਗ 4.5 ਲੱਖ ਲੋਕ ਪ੍ਰਭਾਵਤ ਹੋਏ ਹਨ, ਜਦਕਿ ਸੱਭ ਤੋਂ ਵੱਧ ਪ੍ਰਭਾਵਤ ਵਿਜੇਵਾੜਾ ਜ਼ਿਲ੍ਹੇ ’ਚ ਲੋਕਾਂ ਨੂੰ ਦੁੱਧ ਸਮੇਤ ਜ਼ਰੂਰੀ ਚੀਜ਼ਾਂ ਪ੍ਰਾਪਤ ਕਰਨ ਲਈ ਸੰਘਰਸ਼ ਕਰਨ ਦੇ ਦਿਲ ਦਹਿਲਾ ਦੇਣ ਵਾਲੇ ਦ੍ਰਿਸ਼ ਵੇਖਣ ਨੂੰ ਮਿਲੇ।
ਇਕ ਅਧਿਕਾਰਤ ਪ੍ਰੈਸ ਬਿਆਨ ਵਿਚ ਕਿਹਾ ਗਿਆ ਹੈ ਕਿ ਸੱਭ ਤੋਂ ਵੱਧ ਪ੍ਰਭਾਵਤ ਜ਼ਿਲ੍ਹੇ ਐਨਟੀਆਰ, ਗੁੰਟੂਰ, ਕ੍ਰਿਸ਼ਨਾ, ਏਲੁਰੂ, ਪਲਨਾਡੂ, ਬਾਪਟਲਾ ਅਤੇ ਪ੍ਰਕਾਸ਼ਮ ਹਨ।
ਰਾਜ ਆਫ਼ਤ ਪ੍ਰਤੀਕਿਰਿਆ ਬਲ (ਐਸ.ਡੀ.ਆਰ.ਐਫ.) ਦੀਆਂ 20 ਟੀਮਾਂ ਅਤੇ ਕੌਮੀ ਆਫ਼ਤ ਪ੍ਰਤੀਕਿਰਿਆ ਬਲ (ਐਨ.ਡੀ.ਆਰ.ਐਫ.) ਦੀਆਂ 19 ਟੀਮਾਂ ਰਾਹਤ ਅਤੇ ਬਚਾਅ ਕਾਰਜਾਂ ’ਚ ਲੱਗੀਆਂ ਹੋਈਆਂ ਹਨ।
ਵਿਜੇਵਾੜਾ ’ਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਅਤੇ 24 ਘੰਟਿਆਂ ਤੋਂ ਵੱਧ ਸਮੇਂ ਤੋਂ ਕਈ ਹਿੱਸਿਆਂ ’ਚ ਬਿਜਲੀ ਕੱਟ ਲੱਗ ਰਹੇ ਹਨ।
ਸਥਾਨਕ ਨਿਊਜ਼ ਚੈਨਲਾਂ ’ਤੇ ਪ੍ਰਸਾਰਿਤ ਦ੍ਰਿਸ਼ਾਂ ਵਿਚ ਇਕ ਔਰਤ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੂੰ ਸ਼ਿਕਾਇਤ ਕਰਦੀ ਵਿਖਾਈ ਦੇ ਰਹੀ ਹੈ। ਔਰਤ ਦਾ ਕਹਿਣਾ ਹੈ ਕਿ ਵਿਜੇਵਾੜਾ ਦੇ ਅਜੀਤ ਸਿੰਘ ਨਗਰ ’ਚ ਲੋਕ ਦੋ ਦਿਨਾਂ ਤੋਂ ਪੀਣ ਵਾਲੇ ਪਾਣੀ ਤੋਂ ਬਿਨਾਂ ਫਸੇ ਹੋਏ ਹਨ। ਉਸ ਨੇ ਸ਼ਿਕਾਇਤ ਕੀਤੀ ਕਿ ਕੋਈ ਕਿਸ਼ਤੀ ਉਸ ਨੂੰ ਬਚਾਉਣ ਲਈ ਨਹੀਂ ਆਈ ਜਦਕਿ ਕਮਰ ਤਕ ਪਾਣੀ ’ਚ ਖੜਾ ਇਕ ਹੋਰ ਵਿਅਕਤੀ ਨਾਇਡੂ ਨੂੰ ਬੇਨਤੀ ਕਰ ਰਿਹਾ ਸੀ।
ਮੁੱਖ ਮੰਤਰੀ ਤੀਜੀ ਵਾਰ ਕਿਸ਼ਤੀ ’ਤੇ ਸਵਾਰ ਹੋ ਕੇ ਹੜ੍ਹ ਪ੍ਰਭਾਵਤ ਇਲਾਕਿਆਂ ਦਾ ਦੌਰਾ ਕਰ ਰਹੇ ਹਨ।
ਲੋਕ ਅਪਣੇ ਬੱਚਿਆਂ ਨੂੰ ਅਪਣੇ ਮੋਢਿਆਂ ’ਤੇ ਚੁੱਕ ਕੇ ਸੁਰੱਖਿਅਤ ਬਾਹਰ ਕੱਢਦੇ ਵੇਖੇ ਗਏ, ਜਦਕਿ ਗੱਦੇ ’ਤੇ ਪਈ ਇਕ ਬਜ਼ੁਰਗ ਔਰਤ ਨੂੰ ਦੋ ਵਿਅਕਤੀ ਨੂੰ ਹੜ੍ਹ ਦੇ ਪਾਣੀ ’ਚੋਂ ਪਾਣੀ ਉਪਰੋਂ ਲਿਜਾਂਦੇ ਵੇਖੇ ਗਏ।
ਇਕ ਹੜ੍ਹ ਪੀੜਤ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਐਤਵਾਰ ਸਵੇਰ ਤੋਂ ਦੁੱਧ ਨਹੀਂ ਮਿਲਿਆ ਹੈ ਅਤੇ ਦੋਸ਼ ਲਾਇਆ ਕਿ ਸਰਕਾਰ ਤੋਂ ਕੋਈ ਮਦਦ ਨਹੀਂ ਮਿਲੀ।
ਇੰਟਰਨੈੱਟ ਅਤੇ ਮੋਬਾਈਲ ਟੈਲੀਫੋਨ ਕਨੈਕਟੀਵਿਟੀ ਪ੍ਰਭਾਵਤ ਹੋਈ। ਹੈਦਰਾਬਾਦ ਨਾਲ ਸੰਪਰਕ ਪ੍ਰਭਾਵਤ ਹੋਇਆ। ਵਿਜੇਵਾੜਾ ਸ਼ਹਿਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ’ਚ ਆਵਾਜਾਈ ਸੇਵਾਵਾਂ ਠੱਪ ਰਹੀਆਂ।
ਸੋਮਵਾਰ ਸਵੇਰੇ 8 ਵਜੇ ਤਕ ਪ੍ਰਕਾਸ਼ਮ ਬੈਰਾਜ ਤੋਂ 11.3 ਲੱਖ ਕਿਊਸਿਕ ਹੜ੍ਹ ਦਾ ਪਾਣੀ ਛਡਿਆ ਗਿਆ ਸੀ।
ਤੇਲੰਗਾਨਾ ’ਚ ਮੀਂਹ ਨਾਲ ਜੁੜੀਆਂ ਵੱਖ-ਵੱਖ ਘਟਨਾਵਾਂ ’ਚ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਅਤੇ ਸੂਬਾ ਸਰਕਾਰ ਨੇ ਸੋਮਵਾਰ ਨੂੰ ਸ਼ੁਰੂਆਤ ’ਚ 5,000 ਕਰੋੜ ਰੁਪਏ ਦੇ ਨੁਕਸਾਨ ਦਾ ਅਨੁਮਾਨ ਲਗਾਇਆ ਸੀ। ਇਸ ਨੇ ਤੁਰਤ 2,000 ਕਰੋੜ ਰੁਪਏ ਦੀ ਕੇਂਦਰੀ ਸਹਾਇਤਾ ਦੀ ਮੰਗ ਕੀਤੀ। ਮ੍ਰਿਤਕਾਂ ’ਚ ਪੇਸ਼ੇ ਤੋਂ ਵਿਗਿਆਨੀ ਐਨ. ਅਸ਼ਵਨੀ ਵੀ ਸ਼ਾਮਲ ਹੈ ਜੋ ਛੱਤੀਸਗੜ੍ਹ ਦੇ ਰਾਏਪੁਰ ਸਥਿਤ ਆਈ.ਸੀ.ਏ.ਆਰ.-ਨੈਸ਼ਨਲ ਇੰਸਟੀਚਿਊਟ ਆਫ਼ ਬਾਇਉਟਿਕ ਸਟਰੈੱਸ ਮੈਨੇਜਮੈਂਟ’ ਦੇ ‘ਸਕੂਲ ਆਫ਼ ਕ੍ਰਾਪ ਰੈਜੀਡੈਂਟਸ ਸਿਸਟਮ ਰੀਸਰਚ’ ’ਚ ਕੰਮ ਕਰਦੀ ਸੀ।
ਮੁੱਖ ਮੰਤਰੀ ਏ. ਰੇਵੰਤ ਰੈੱਡੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪ੍ਰਭਾਵਤ ਖੇਤਰਾਂ ਦਾ ਦੌਰਾ ਕਰਨ ਅਤੇ ਹੜ੍ਹ ਨੂੰ ਕੌਮੀ ਆਫ਼ਤ ਐਲਾਨਣ ਦੀ ਅਪੀਲ ਕੀਤੀ।
ਮੁੱਖ ਮੰਤਰੀ ਨੇ ਮੀਂਹ ਨਾਲ ਸਬੰਧਤ ਘਟਨਾਵਾਂ ’ਚ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ ਪੰਜ-ਪੰਜ ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ। ਮੁੱਖ ਮੰਤਰੀ ਨੇ ਮੀਂਹ ਪ੍ਰਭਾਵਤ ਇਲਾਕਿਆਂ ਦੇ ਦੌਰੇ ਦੇ ਹਿੱਸੇ ਵਜੋਂ ਸੂਰਿਆਪੇਟ ਵਿਖੇ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਰਾਜ ਦੇ ਆਈ.ਟੀ. ਅਤੇ ਉਦਯੋਗ ਮੰਤਰੀ ਡੀ ਸ਼੍ਰੀਧਰ ਬਾਬੂ ਨੇ ਪੱਤਰਕਾਰਾਂ ਨੂੰ ਦਸਿਆ ਕਿ ਨੁਕਸਾਨ ਦੀ ਰੀਪੋਰਟ ਮਿਲਣ ਤੋਂ ਬਾਅਦ ਹੀ ਵੇਰਵਿਆਂ ਦਾ ਪਤਾ ਲੱਗੇਗਾ।
ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਸਰਕਾਰ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਵਿਆਪਕ ਰੀਪੋਰਟ ਕੇਂਦਰ ਨੂੰ ਸੌਂਪੇਗੀ।
ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਦਸਿਆ ਕਿ ਮੁੱਢਲੇ ਅਨੁਮਾਨਾਂ ਅਨੁਸਾਰ ਡੇਢ ਲੱਖ ਏਕੜ ਤੋਂ ਵੱਧ ਜ਼ਮੀਨ ’ਤੇ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ। ਖੰਮਮ ਦੇ ਹੜ੍ਹ ਪ੍ਰਭਾਵਤ ਇਲਾਕਿਆਂ ’ਚ ਭਾਰੀ ਨੁਕਸਾਨ ਹੋਇਆ ਹੈ, ਜਿੱਥੇ ਘਰੇਲੂ ਸਾਮਾਨ ਵਹਿ ਗਿਆ ਹੈ।
ਹੜ੍ਹ ਪ੍ਰਭਾਵਤ ਇਲਾਕਿਆਂ ਦੇ ਵਸਨੀਕਾਂ ਨੇ ਰਾਜ ਦੇ ਮਾਲ ਮੰਤਰੀ ਪੀ ਸ਼੍ਰੀਨਿਵਾਸ ਰੈੱਡੀ ਅਤੇ ਖੇਤੀਬਾੜੀ ਮੰਤਰੀ ਟੀ ਨਾਗੇਸ਼ਵਰ ਰਾਓ ਨੂੰ ਅਪਣੀ ਘਟਨਾ ਬਾਰੇ ਦਸਿਆ । ਇਹ ਦੋਵੇਂ ਮੰਤਰੀ ਉਨ੍ਹਾਂ ਨੂੰ ਮਿਲਣ ਆਏ ਸਨ।
ਦਖਣੀ ਮੱਧ ਰੇਲਵੇ (ਐਸ.ਸੀ.ਆਰ.) ਦੇ ਇਕ ਅਧਿਕਾਰੀ ਨੇ ਦਸਿਆ ਕਿ ਭਾਰੀ ਮੀਂਹ ਅਤੇ ਕਈ ਥਾਵਾਂ ’ਤੇ ਪਟੜੀਆਂ ’ਤੇ ਪਾਣੀ ਭਰ ਜਾਣ ਕਾਰਨ 432 ਰੇਲ ਗੱਡੀਆਂ ਰੱਦ ਕਰ ਦਿਤੀਆਂ ਗਈਆਂ ਅਤੇ 13 ਨੂੰ ਅੰਸ਼ਕ ਤੌਰ ’ਤੇ ਰੱਦ ਕਰ ਦਿਤਾ ਗਿਆ। ਉਨ੍ਹਾਂ ਦਸਿਆ ਕਿ ਸੋਮਵਾਰ ਦੁਪਹਿਰ ਤਕ 139 ਰੇਲ ਗੱਡੀਆਂ ਦਾ ਮਾਰਗ ਬਦਲਿਆ ਗਿਆ।
ਉਨ੍ਹਾਂ ਕਿਹਾ ਕਿ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਦੋਹਾਂ ਸੂਬਿਆਂ ’ਚ ਲਗਾਤਾਰ ਮੀਂਹ ਕਾਰਨ ਕਾਜ਼ੀਪੇਟ-ਵਿਜੇਵਾੜਾ ਸੈਕਸ਼ਨ ’ਚ ਹੜ੍ਹ ਅਤੇ ਤਰੇੜਾਂ ਪੈਣ ਦੀ ਖਬਰ ਹੈ ਅਤੇ ਪੰਜ ਰੇਲ ਗੱਡੀਆਂ ਫਸ ਗਈਆਂ ਹਨ।
ਹੈਦਰਾਬਾਦ ਸਥਿਤ ਮੌਸਮ ਕੇਂਦਰ ਨੇ ਕਿਹਾ ਕਿ ਆਦਿਲਾਬਾਦ, ਕੋਮਾਰਾਮ ਭੀਮ ਆਸਿਫਾਬਾਦ, ਨਿਰਮਲ, ਨਿਜ਼ਾਮਾਬਾਦ, ਜਗਤਿਆਲ, ਸੰਗਾਰੈਡੀ, ਮੇਡਕ, ਕਾਮਾਰੈਡੀ ਜ਼ਿਲ੍ਹਿਆਂ ’ਚ 3 ਸਤੰਬਰ ਨੂੰ ਸਵੇਰੇ 8.30 ਵਜੇ ਤਕ ਵੱਖ-ਵੱਖ ਥਾਵਾਂ ’ਤੇ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ।