
ਮਾਂ-ਬਾਪ ਨੇ PM ਮੋਦੀ ਨੂੰ ਲਗਾਈ ਧੀ ਦੀ ਜਾਨ ਬਚਾਉਣ ਦੀ ਗੁਹਾਰ
UP News : ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਦੀ ਇੱਕ ਲੜਕੀ ਨੂੰ 20 ਸਤੰਬਰ ਤੋਂ ਬਾਅਦ ਦੁਬਈ ਵਿੱਚ ਫਾਂਸੀ ਦਿੱਤੀ ਜਾਵੇਗੀ। ਇਸ ਬੱਚੀ ਦੇ ਮਾਪਿਆਂ ਨੇ ਪੀਐਮ ਮੋਦੀ ਅਤੇ ਸੀਐਮ ਯੋਗੀ ਨੂੰ ਦਖ਼ਲ ਦੇਣ ਅਤੇ ਉਨ੍ਹਾਂ ਦੀ ਧੀ ਦੀ ਜਾਨ ਬਚਾਉਣ ਦੀ ਗੁਹਾਰ ਲਗਾਈ ਹੈ। ਮਾਪਿਆਂ ਦਾ ਕਹਿਣਾ ਹੈ ਕਿ ਧੋਖੇਬਾਜ਼ਾਂ ਨੇ ਉਨ੍ਹਾਂ ਦੀ ਬੇਟੀ ਸ਼ਹਿਜ਼ਾਦੀ ਨੂੰ ਜ਼ਬਰਨ ਅਤੇ ਫਰਜ਼ੀ ਤਰੀਕੇ ਨਾਲ ਬੱਚੇ ਦੇ ਕਤਲ ਦੇ ਇਲਜ਼ਾਮ ਵਿੱਚ ਫਸਾ ਦਿੱਤਾ ਹੈ। ਦਰਅਸਲ ਉਹ ਚਿਹਰੇ ਦਾ ਇਲਾਜ ਕਰਵਾਉਣ ਲਈ ਵਿਦੇਸ਼ ਗਈ ਸੀ।
ਦੁਬਈ 'ਚ ਫਸੀ ਸ਼ਹਿਜ਼ਾਦੀ ਦੇ ਪਿਤਾ ਨੇ ਕੋਰਟ ਦੇ ਮਾਧਿਅਮ ਨਾਲ ਜਾਲਸਾਜ਼ੀ ਕਰਨ ਵਾਲੇ ਆਗਰਾ ਦੇ ਨੌਜਵਾਨ ਉਜ਼ੈਰ, ਉਸਦੀ ਭੂਆ -ਫੁੱਫੜ ਸਮੇਤ ਚਾਰ ਲੋਕਾਂ ਦੇ ਖਿਲਾਫ ਗੰਭੀਰ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਵਾਇਆ ਹੈ। ਸ਼ਹਿਜ਼ਾਦੀ ਦੇ ਪਿਤਾ ਦੀ ਮੰਗ ਹੈ ਕਿ ਬਾਂਦਾ ਪੁਲਸ ਇਨ੍ਹਾਂ ਦੋਸ਼ੀਆਂ ਤੋਂ ਪੁੱਛਗਿੱਛ ਕਰੇ ਤਾਂ ਜੋ ਸਾਰੀ ਸੱਚਾਈ ਸਾਹਮਣੇ ਆ ਸਕੇ।
ਦਰਅਸਲ, ਬਾਂਦਾ ਦੇ ਮਟੌਂਧ ਥਾਣਾ ਖੇਤਰ ਦੇ ਗੋਇਰਾ ਮੁਗਲੀ ਪਿੰਡ ਦੇ ਰਹਿਣ ਵਾਲੇ ਸਬਬੀਰ ਖਾਨ ਦੀਆਂ ਤਿੰਨ ਬੇਟੀਆਂ 'ਚੋਂ ਸਭ ਤੋਂ ਛੋਟੀ ਸ਼ਹਿਜ਼ਾਦੀ 8 ਸਾਲ ਦੀ ਉਮਰ 'ਚ ਚੁੱਲ੍ਹੇ 'ਤੇ ਖਾਣਾ ਬਣਾਉਂਦੇ ਸਮੇਂ ਝੁਲਸ ਗਈ ਸੀ। ਝੁਲਸਣ ਤੋਂ ਬਾਅਦ ਉਸ ਦਾ ਚਿਹਰਾ ਵਿਗੜ ਗਿਆ ਸੀ। ਸ਼ਹਿਜ਼ਾਦੀ ਸਮਾਜਿਕ ਕੰਮ ਕਰਨ ਵਾਲੀ ਸੰਸਥਾ ਨਾਲ ਜੁੜੀ ਹੋਈ ਸੀ। ਇਸ ਦੌਰਾਨ ਉਸ ਦੀ ਫੇਸਬੁੱਕ ਰਾਹੀਂ ਆਗਰਾ ਵਾਸੀ ਉਜ਼ੈਰ ਨਾਂ ਦੇ ਲੜਕੇ ਨਾਲ ਦੋਸਤੀ ਹੋ ਗਈ।
ਉਜ਼ੈਰ ਨੇ ਸ਼ਹਿਜ਼ਾਦੀ ਨੂੰ ਝਾਂਸੇ 'ਚ ਲੈ ਲਿਆ ਕਿ ਉਹ ਦੁਬਈ ਵਿੱਚ ਉਸਦੇ ਚਿਹਰੇ ਦਾ ਇਲਾਜ ਕਰਵਾਏਗਾ। ਉਜ਼ੈਰ ਨੇ ਕਿਹਾ ਕਿ ਉਸ ਦੀ ਭੂਆ -ਫੁੱਫੜ ਆਦਿ ਰਿਸ਼ਤੇਦਾਰ ਦੁਬਈ ਵਿੱਚ ਰਹਿੰਦੇ ਹਨ। ਸ਼ਹਿਜ਼ਾਦੀ ਦੇ ਪਿਤਾ ਸਬੀਰ ਖਾਨ ਦਾ ਆਰੋਪ ਹੈ ਕਿ ਉਜ਼ੈਰ ਨੇ ਉਨ੍ਹਾਂ ਦੀ ਬੇਟੀ ਨੂੰ 1.5 ਲੱਖ ਰੁਪਏ 'ਚ ਦੁਬਈ 'ਚ ਵੇਚ ਦਿੱਤਾ। ਜਿੱਥੇ ਉਸ ਨੂੰ 4 ਮਹੀਨੇ ਦੇ ਬੱਚੇ ਦੀ ਮੌਤ ਦੇ ਮਾਮਲੇ 'ਚ ਫਸਾਇਆ ਗਿਆ।
ਸਬੀਰ ਖਾਨ ਮੁਤਾਬਕ ਨਾ ਤਾਂ ਬੇਟੀ ਨੂੰ ਦੁਬਈ ਤੋਂ ਆਉਣ ਦੇ ਰਹੇ ਸੀ ਅਤੇ ਨਾ ਹੀ ਉਸ ਨੂੰ ਠੀਕ ਤਰ੍ਹਾਂ ਨਾਲ ਰਹਿਣ ਦੇ ਰਹੇ ਸੀ। ਉਸ 'ਤੇ ਜ਼ੁਲਮ ਕੀਤੇ ਜਾਂਦੇ ਸੀ। ਹੁਣ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਆਰੋਪ ਹੈ ਕਿ ਸ਼ਹਿਜ਼ਾਦੀ ਨੇ ਮਾਲਕ ਦੇ ਬੀਮਾਰ ਬੱਚੇ ਦੀ ਸਹੀ ਦੇਖਭਾਲ ਨਹੀਂ ਕੀਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਸ਼ਹਿਜ਼ਾਦੀ ਨੇ ਅਦਾਲਤ ਵਿੱਚ ਅਪੀਲ ਕੀਤੀ ਸੀ ਪਰ ਰਾਹਤ ਨਹੀਂ ਮਿਲੀ।
ਪੀੜਤਾ ਦੇ ਪਿਤਾ ਸਬੀਰ ਨੇ ਅਦਾਲਤ 'ਚ ਸ਼ਿਕਾਇਤ ਪੱਤਰ ਦੇ ਕੇ ਆਰੋਪੀ ਨੌਜਵਾਨ ਉਜ਼ੈਰ ਅਤੇ ਉਸ ਦੇ ਰਿਸ਼ਤੇਦਾਰ ਸਮੇਤ 4 ਲੋਕਾਂ ਖਿਲਾਫ ਮਤੌਂਧ ਥਾਣੇ 'ਚ ਮਾਮਲਾ ਦਰਜ ਕਰ ਲਿਆ ਹੈ। ਅਦਾਲਤ ਦੇ ਹੁਕਮਾਂ ’ਤੇ ਪੁਲੀਸ ਨੇ ਧਾਰਾ 370/370 ਅ/419/420/386/311/367 ਤਹਿਤ ਕੇਸ ਦਰਜ ਕਰ ਲਿਆ ਹੈ। ਪਿਤਾ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਦੋਸ਼ੀਆਂ ਨੂੰ ਫੜ ਕੇ ਪੁੱਛਗਿੱਛ ਕੀਤੀ ਜਾਵੇ, ਤਾਂ ਜੋ ਸਾਰਾ ਰਾਜ਼ ਸਾਹਮਣੇ ਆ ਸਕੇ |
ਸਬੀਰ ਨੇ ਕਿਹਾ ਕਿ ਮੇਰੀ ਬੇਟੀ ਨੂੰ ਫਾਂਸੀ ਹੋਣ ਵਾਲੀ ਹੈ। ਅਸੀਂ ਵਿਦੇਸ਼ ਮੰਤਰਾਲੇ ਕੋਲ (ਦਿੱਲੀ) ਗਏ ਸੀ। ਭਰੋਸਾ ਮਿਲਿਆ ਹੈ। ਹਾਲ ਹੀ ਵਿੱਚ ਮੈਨੂੰ ਆਪਣੀ ਧੀ ਦਾ ਫੋਨ ਆਇਆ ਸੀ। ਉਨ੍ਹਾਂ ਦੱਸਿਆ ਕਿ 20 ਸਤੰਬਰ ਤੋਂ ਬਾਅਦ ਕਿਸੇ ਵੀ ਸਮੇਂ ਫਾਂਸੀ ਦਿੱਤੀ ਜਾ ਸਕਦੀ ਹੈ। ਜੇਕਰ ਸਰਕਾਰ ਦੁਬਈ ਦੇ ਬਾਦਸ਼ਾਹ ਨਾਲ ਗੱਲ ਕਰੇ ਤਾਂ ਹੋ ਸਕਦਾ ਹੈ ਕਿ ਸਾਡੀ ਧੀ ਦੀ ਜਾਨ ਬਚ ਜਾਵੇ ਜਾਂ ਆਰੋਪ ਲਾਉਣ ਵਾਲਾ ਪਰਿਵਾਰ ਉਸ ਨੂੰ ਮੁਆਫ਼ ਕਰ ਦੇਵੇ। 2021 ਵਿੱਚ ਬੇਟੀ ਉੱਥੇ ਗਈ ਸੀ।
ਫਿਲਹਾਲ ਮਤੌਂਧ ਥਾਣੇ ਦੇ ਐੱਸਐੱਚਓ ਰਾਮਮੋਹਨ ਰਾਏ ਨੇ ਦੱਸਿਆ ਕਿ ਅਦਾਲਤ ਦੇ ਹੁਕਮਾਂ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੀੜਤਾ ਨੇ ਆਗਰਾ ਦੇ ਰਹਿਣ ਵਾਲੇ ਨੌਜਵਾਨ ਸਮੇਤ ਚਾਰ ਲੋਕਾਂ 'ਤੇ ਦੋਸ਼ ਲਗਾਏ ਹਨ। ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।