
ਨੀਲਾਮੀ ਰਾਹੀਂ ਪ੍ਰਾਪਤ ਹੋਈ ਰਕਮ ਨਮਾਮੀ ਗੰਗੇ ਪ੍ਰਾਜੈਕਟ ਨੂੰ ਦਿਤੀ ਜਾਵੇਗੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪਿਛਲੇ ਕੁਝ ਸਾਲਾਂ ਦੌਰਾਨ ਮਿਲੇ ਯਾਦਗਾਰੀ ਚਿੰਨ੍ਹ ਅਤੇ ਤੋਹਫ਼ਿਆਂ ਨੂੰ ਇੱਥੋਂ ਦੇ ਨੈਸ਼ਨਲ ਮਿਊਜ਼ੀਅਮ ਆਫ਼ ਮਾਡਰਨ ਆਰਟ (ਐਨ.ਜੀ.ਐਮ.ਏ.) ਵਿਚ ਪ੍ਰਦਰਸ਼ਨੀ ਵਿਚ ਲਗਾਇਆ ਗਿਆ ਹੈ। ਸੋਮਵਾਰ ਤੋਂ ਸ਼ੁਰੂ ਹੋਈ ਪ੍ਰਦਰਸ਼ਨੀ ’ਚ ਰੱਖੇ ਗਏ ਸਾਰੇ ਤੋਹਫ਼ਿਆਂ ਦੀ ਨਿਲਾਮੀ ਕੀਤੀ ਜਾਵੇਗੀ।
ਮੋਦੀ ਨੇ ‘ਐਕਸ’ ’ਤੇ ਪ੍ਰਦਰਸ਼ਨੀ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ, ‘‘ਐਨ.ਜੀ.ਐਮ.ਏ. ਦਿੱਲੀ ਵਿਖੇ ਅੱਜ ਤੋਂ ਇਕ ਪ੍ਰਦਰਸ਼ਨੀ ਸ਼ੁਰੂ ਹੋ ਰਹੀ ਹੈ ਜਿਸ ’ਚ ਮੈਨੂੰ ਸਾਲਾਂ ਦੌਰਾਨ ਦਿਤੇ ਤੋਹਫ਼ਿਆਂ ਅਤੇ ਯਾਦਗਾਰੀ ਚਿੰਨ੍ਹਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਭਾਰਤ ’ਚ ਕਈ ਸਮਾਗਮਾਂ ’ਚ ਮੈਨੂੰ ਦਿਤੇ ਗਏ ਇਹ ਤੋਹਫ਼ੇ ਭਾਰਤ ਦੇ ਅਮੀਰ ਸਭਿਆਚਾਰ, ਪਰੰਪਰਾ ਅਤੇ ਕਲਾਤਮਕ ਵਿਰਾਸਤ ਦਾ ਸਬੂਤ ਹਨ।’’
ਮੋਦੀ ਨੇ ਕਿਹਾ, ‘‘ਹਮੇਸ਼ਾ ਵਾਂਗ ਇਨ੍ਹਾਂ ਦੀ ਨਿਲਾਮੀ ਕੀਤੀ ਜਾਵੇਗੀ ਅਤੇ ਪ੍ਰਾਪਤ ਹੋਈ ਰਕਮ ਨਮਾਮੀ ਗੰਗੇ ਪ੍ਰਾਜੈਕਟ ਨੂੰ ਦਿਤੀ ਜਾਵੇਗੀ।’’ ਇਸ ਤੋਂ ਪਹਿਲਾਂ ਕੇਂਦਰੀ ਸਭਿਆਚਾਰਕ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਇਸ ਸਬੰਧੀ ਪੱਤਰਕਾਰਾਂ ਨੂੰ ਸੰਬੋਧਨ ਕੀਤਾ।
ਉਨ੍ਹਾਂ ਨੇ ‘ਐਕਸ’ ’ਤੇ ਲਿਖਿਆ, ‘‘ਪ੍ਰਧਾਨ ਮੰਤਰੀ ਨੂੰ ਵੱਖ-ਵੱਖ ਮੌਕਿਆਂ ’ਤੇ ਦਿਤੇ ਗਏ ਯਾਦਗਾਰੀ ਚਿੰਨ੍ਹਾਂ ਅਤੇ ਤੋਹਫ਼ਿਆਂ ਦੀ ਨਿਲਾਮੀ ਹੁਣ ਚੱਲ ਰਹੀ ਹੈ। ਸਾਰਿਆਂ ਨੂੰ ਈ-ਨਿਲਾਮੀ ’ਚ ਹਿੱਸਾ ਲੈਣ ਅਤੇ ਨਮਾਮੀ ਗੰਗੇ ਪ੍ਰਾਜੈਕਟ ’ਚ ਯੋਗਦਾਨ ਪਾਉਣ ਦੀ ਬੇਨਤੀ ਕੀਤੀ ਜਾਂਦੀ ਹੈ।’’