
ਪੈਸੇ ਲੈ ਕੇ ਸਵਾਲ ਪੁੱਛਣ ਦੇ ਮਾਮਲੇ 'ਚ ਬੁਰੀ ਘਿਰੀ ਮਹੂਆ
ਨਵੀਂ ਦਿੱਲੀ - ਤ੍ਰਿਣਮੂਲ ਕਾਂਗਰਸ ਦੀ ਸਾਂਸਦ ਮਹੂਆ ਮੋਇਤਰਾ ਪੈਸੇ ਲੈ ਕੇ ਸੰਸਦ ਵਿਚ ਸਵਾਲ ਪੁੱਛਣ ਦੇ ਮਾਮਲੇ ਵਿਚ ਬੁਰੀ ਤਰ੍ਹਾਂ ਘਿਰਦੇ ਜਾ ਰਹੇ ਹਨ। ਵੀਰਵਾਰ ਨੂੰ ਲੋਕ ਸਭਾ ਐਥਿਕਸ ਕਮੇਟੀ ਵੱਲੋਂ ਮਹੂਆ ਮੋਇਤਰਾ ਕੋਲੋਂ ਪੁੱਛਗਿੱਛ ਕੀਤੀ ਗਈ ਪਰ ਉਹ ਪੁੱਛਗਿੱਛ ਦੇ ਵਿਚਕਾਰ ਹੀ ਭੜਕਦੀ ਹੋਈ ਐਥਿਕਸ ਕਮੇਟੀ ਦੇ ਦਫ਼ਤਰ ਤੋਂ ਬਾਹਰ ਨਿਕਲ ਗਏ। ਉਹਨਾਂ ਦਾ ਕਹਿਣਾ ਹੈ ਕਿ ਕਮੇਟੀ ਵੱਲੋਂ ਉਸ ਕੋਲੋਂ ਅਨੈਤਿਕ ਸਵਾਲ ਪੁੱਛੇ ਜਾ ਰਹੇ ਸੀ।
ਕੀ ਹੈ ਪੂਰਾ ਮਾਮਲਾ ਅਤੇ ਦੋਸ਼ੀ ਪਾਏ ਜਾਣ 'ਤੇ ਮਹੂਆ ਮੋਇਤਰਾ ਨੂੰ ਮਿਲ ਸਕਦੀ ਹੈ ਕਿਹੜੀ ਸਜ਼ਾ?
ਲੋਕ ਸਭਾ ਦੀ ਐਥਿਕਸ ਕਮੇਟੀ ਵੱਲੋਂ ਤ੍ਰਿਣਮੂਲ ਸਾਂਸਦ ਮਹੂਆ ਮੋਇਤਰਾ ਕੋਲੋਂ ਸੰਸਦ ਵਿਚ ਪੈਸੇ ਲੈ ਕੇ ਸਵਾਲ ਪੁੱਛਣ ਦੇ ਮਾਮਲੇ ਵਿਚ ਪੁੱਛਗਿੱਛ ਕੀਤੀ ਗਈ ਪਰ ਕੁੱਝ ਸਮੇਂ ਬਾਅਦ ਹੀ ਮਹੂਆ ਮੋਇਤਰਾ, ਦਾਨਿਸ਼ ਅਲੀ ਅਤੇ ਹਰ ਵਿਰੋਧੀ ਸਾਂਸਦ ਭੜਕਦੇ ਹੋਏ ਦਫ਼ਤਰ ਵਿਚੋਂ ਬਾਹਰ ਨਿਕਲੇ। ਉਨ੍ਹਾਂ ਆਖਿਆ ਕਿ ਕਮੇਟੀ ਵੱਲੋਂ ਪੁੱਛਿਆ ਗਿਆ ਕਿ ਉਹ ਰਾਤ ਨੂੰ ਕਿਸ ਨਾਲ ਗੱਲਾਂ ਕਰਦੀ ਹੈ ਅਤੇ ਕੀ ਗੱਲਾਂ ਕਰਦੀ ਹੈ।
ਦਫ਼ਤਰ ਵਿਚੋਂ ਨਿਕਲਦੇ ਹੋਏ ਮਹੂਆ ਤੇ ਉਸ ਦੇ ਸਾਥੀਆਂ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿਚ ਉਹ ਐਥਿਕਸ ਕਮੇਟੀ ਤੇ ਭੜਕਦੇ ਹੋਏ ਦਿਖਾਏ ਦੇ ਰਹੇ ਹਨ। ਦਰਅਸਲ 15 ਅਕਤੂਬਰ ਨੂੰ ਭਾਜਪਾ ਸਾਂਸਦ ਨਿਸ਼ੀਕਾਂਤ ਦੂਬੇ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਚਿੱਠੀ ਲਿਖ ਕੇ ਮਹੂਆ ਮੋਇਤਰਾ 'ਤੇ ਦੋਸ਼ ਲਗਾਏ ਸੀ ਕਿ ਮਹੂਆ ਨੇ ਸੰਸਦ ਵਿਚ ਸਵਾਲ ਪੁੱਛਣ ਲਈ ਕਾਰੋਬਾਰੀ ਦਰਸ਼ਨ ਹੀਰਾਨੰਦਾਨੀ ਕੋਲੋਂ ਪੈਸੇ ਅਤੇ ਤੋਹਫ਼ੇ ਲਏ ਸੀ, ਜਿਸ ਤੋਂ ਬਾਅਦ ਸਪੀਕਰ ਨੇ ਇਸ ਮਾਮਲੇ ਨੂੰ ਐਥਿਕਸ ਕਮੇਟੀ ਕੋਲ ਭੇਜ ਦਿੱਤਾ।
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮਹੂਆ ਮੋਇਤਰਾ ਲਗਾਤਾਰ ਆਪਣੇ ਆਪ ਨੂੰ ਨਿਰਦੋਸ਼ ਆਖਦੀ ਰਹੀ ਪਰ ਇਸੇ ਦੌਰਾਨ 19 ਅਕਤੂਬਰ ਨੂੰ ਮਾਮਲੇ ਵਿਚ ਉਸ ਸਮੇਂ ਵੱਡਾ ਮੋੜ ਆ ਗਿਆ ਜਦੋਂ ਕਾਰੋਬਾਰੀ ਹੀਰਾਨੰਦਾਨੀ ਨੇ ਐਥਿਕਸ ਕਮੇਟੀ ਨੂੰ ਹਲਫ਼ਨਾਮਾ ਦੇ ਕੇ ਦੱਸਿਆ ਕਿ ਉਨ੍ਹਾਂ ਨੇ ਸੰਸਦ ਵਿਚ ਸਵਾਲ ਪੁੱਛਣ ਲਈ ਤ੍ਰਿਣਮੂਲ ਕਾਂਗਰਸ ਦੀ ਸਾਂਸਦ ਮਹੂਆ ਮੋਇਤਰਾ ਨੂੰ ਰਿਸ਼ਵਤ ਦਿੱਤੀ ਸੀ। ਇਸ ਮਗਰੋਂ ਮਹੂਆ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਨੇ ਆਪਣੇ ਮਿੱਤਰ ਅਤੇ ਕਾਰੋਬਾਰੀ ਦਰਸ਼ਨ ਹੀਰਾਨੰਦਾਨੀ ਨੂੰ ਸੰਸਦ ਦਾ ਆਪਣਾ ਲਾਗਿਨ ਪਾਸਵਰਡ ਦਿੱਤਾ ਸੀ, ਪਰ ਮਹੂਆ ਨੇ ਇਸ ਦੇ ਬਦਲੇ ਹੀਰਾਨੰਦਾਨੀ ਕੋਲੋਂ ਪੈਸੇ ਅਤੇ ਮਹਿੰਗੇ ਤੋਹਫ਼ੇ ਲੈਣ ਦੀ ਗੱਲ ਤੋਂ ਸਾਫ਼ ਇਨਕਾਰ ਕੀਤਾ।
ਇਸ ਪੂਰੇ ਮਾਮਲੇ ਵਿਚ ਦੂਜਾ ਅਹਿਮ ਕਿਰਦਾਰ ਭਾਜਪਾ ਸਾਂਸਦ ਨਿਸ਼ੀਕਾਂਤ ਦੂਬੇ ਦਾ ਹੈ, ਜਿਸ ਨੇ 21 ਅਕਤੂਬਰ ਨੂੰ ਮਹੂਆ 'ਤੇ ਇਕ ਹੋਰ ਗੰਭੀਰ ਇਲਜ਼ਾਮ ਲਗਾਇਆ। ਦੂਬੇ ਨੇ ਸੋਸ਼ਲ ਮੀਡੀਆ 'ਤੇ ਆਪਣੀ ਪੋਸਟ ਵਿਚ ਲਿਖਿਆ ਕਿ ਕੁੱਝ ਪੈਸਿਆਂ ਦੇ ਲਈ ਇਕ ਸਾਂਸਦ ਨੇ ਦੇਸ਼ ਦੀ ਸੁਰੱਖਿਆ ਨੂੰ ਗਿਰਵੀ ਰੱਖ ਦਿੱਤਾ। ਦੂਬੇ ਨੇ ਆਖਿਆ ਕਿ ਦੁਬਈ ਤੋਂ ਸਾਂਸਦ ਦੀ ਆਈਡੀ ਖੋਲ੍ਹੀ ਗਈ ਜਦਕਿ ਉਸ ਸਮੇਂ ਉਹ ਕਥਿਤ ਸਾਂਸਦ ਭਾਰਤ ਵਿਚ ਹੀ ਸੀ।
ਇਸ ਨੈਸ਼ਨਲ ਇਨਫਾਰਮੈਟਿਕਸ ਸੈਂਟਰ ਤੇ ਪ੍ਰਧਾਨ ਮੰਤਰੀ, ਵਿੱਤ ਵਿਭਾਗ, ਕੇਂਦਰੀ ਏਜੰਸੀਆਂ ਸਮੇਤ ਪੂਰੀ ਭਾਰਤ ਸਰਕਾਰ ਹੈ। ਦੂਬੇ ਨੇ ਆਖਿਆ ਕਿ ਕੀ ਹੁਣ ਵੀ ਟੀਐਮਸੀ ਅਤੇ ਵਿਰੋਧੀ ਪਾਰਟੀਆਂ ਇਸ ਤੇ ਰਾਜਨੀਤੀ ਕਰਨਗੀਆਂ? ਨੈਸ਼ਨਲ ਇਨਫਾਰਮੈਟਿਕਸ ਸੈਂਟਰ ਯਾਨੀ ਐਨਆਈਸੀ ਵੱਲੋਂ ਇਹ ਸਾਰੀ ਜਾਣਕਾਰੀ ਜਾਂਚ ਏਜੰਸੀ ਨੂੰ ਵੀ ਦਿੱਤੀ ਗਈ।
ਇਸ ਮਗਰੋਂ ਐਥਿਕਸ ਕਮੇਟੀ ਨੇ 27 ਅਕਤੂਬਰ ਨੂੰ ਮਹੂਆ ਨੂੰ ਸੰਮਨ ਭੇਜਿਆ ਅਤੇ 31 ਅਕਤੂਬਰ ਨੂੰ ਸਵੇਰੇ 11 ਵਜੇ ਕਮੇਟੀ ਸਾਹਮਣੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਪਰ ਮਹੂਆ ਨੇ ਜਵਾਬ ਵਿਚ ਲਿਖਿਆ ਕਿ ਉਹ 5 ਨਵੰਬਰ ਤੋਂ ਬਾਅਦ ਹੀ ਪੇਸ਼ ਹੋ ਸਕੇਗੀ। ਇਸ ਮਗਰੋਂ ਕਮੇਟੀ ਨੇ ਮਹੂਆ ਨੂੰ ਦੋ ਨਵੰਬਰ ਨੂੰ ਹਰ ਹਾਲਤ ਵਿਚ ਪੇਸ਼ ਹੋਣ ਲਈ ਆਖਿਆ ਪਰ ਹੁਣ ਜਦੋਂ ਦੋ ਨਵੰਬਰ ਨੂੰ ਮਹੂਆ ਆਪਣੇ ਸਾਥੀਆਂ ਸਮੇਤ ਐਥਿਕਸ ਕਮੇਟੀ ਅੱਗੇ ਪੇਸ਼ ਹੋਈ ਤਾਂ ਉਹ ਕਮੇਟੀ ਦੇ ਸਵਾਲਾਂ ਤੋਂ ਭੜਕ ਕੇ ਪੁੱਛਗਿੱਛ ਵਿਚਾਲੇ ਹੀ ਦਫ਼ਤਰ ਤੋਂ ਬਾਹਰ ਨਿਕਲ ਗਈ।
ਉਸ ਨੇ ਆਖਿਆ ਕਿ ਕਮੇਟੀ ਵੱਲੋਂ ਉਸ ਕੋਲੋਂ ਅਨੈਤਿਕ ਸਵਾਲ ਪੁੱਛੇ ਜਾ ਰਹੇ ਸੀ। ਮਹੂਆ ਨੇ ਇਹ ਵੀ ਆਖਿਆ ਕਿ 2021 ਤੋਂ ਬਾਅਦ ਐਥਿਕਸ ਕਮੇਟੀ ਦੀ ਕੋਈ ਮੀਟਿੰਗ ਨਹੀਂ ਹੋਈ, ਹੋਰ ਤਾਂ ਹੋਰ ਕਮੇਟੀ ਨੇ ਅਜੇ ਤੱਕ ਆਪਣਾ ਮਾਡਲ ਕੋਡ ਆਫ਼ ਕੰਡਕਟ ਵੀ ਤਿਆਰ ਨਹੀਂ ਕੀਤਾ। ਉਸ ਨੇ ਆਖਿਆ ਕਿ ਜੇਕਰ ਉਸ ਤੇ ਕੋਈ ਅਪਰਾਧਿਕ ਦੋਸ਼ ਹੈ ਤਾਂ ਇਸ ਦੀ ਜਾਂਚ ਏਜੰਸੀਆਂ ਨੂੰ ਕਰਨੀ ਚਾਹੀਦੀ ਹੈ। ਐਥਿਕਸ ਕਮੇਟੀ ਕਿਸੇ ਦੇ ਪ੍ਰਾਈਵੇਟ ਮੈਟਰ ਦੀ ਜਾਂਚ ਲਈ ਸਹੀ ਜਗ੍ਹਾ ਨਹੀਂ ਹੈ।
ਜਿਸ ਸਾਂਸਦ 'ਤੇ ਵੀ ਅਜਿਹੇ ਦੋਸ਼ ਲਗਦੇ ਹਨ, ਉਨ੍ਹਾਂ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਜਾਂਦਾ ਹੈ।
ਕਮੇਟੀ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਸਵਾਲ ਕਿਸੇ ਖ਼ਾਸ ਦੇ ਹਿੱਤ ਵਿਚ ਜਾਂ ਉਨ੍ਹਾਂ ਦੇ ਕਾਰੋਬਾਰ ਨੂੰ ਲਾਭ ਪਹੁੰਚਾਉਣ ਲਈ ਤਾਂ ਨਹੀਂ ਪੁੱਛੇ ਗਏ? ਪੂਰੀ ਜਾਂਚ ਕਰਕੇ ਐਥਿਕਸ ਕਮੇਟੀ ਆਪਣੀ ਰਿਪੋਰਟ ਲੋਕ ਸਭਾ ਸਪੀਕਰ ਨੂੰ ਸੌਂਪੇਗੀ। ਜੇਕਰ ਇਸ ਮਾਮਲੇ ਵਿਚ ਕਿਸੇ ਤਰ੍ਹਾਂ ਦੀ ਸਜ਼ਾ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ ਤਾਂ ਸੰਸਦ ਵਿਚ ਰਿਪੋਰਟ ਰੱਖੇ ਜਾਣ ਤੋਂ ਬਾਅਦ ਸਹਿਮਤੀ ਦੇ ਆਧਾਰ ਤੇ ਉਸ ਸਾਂਸਦ ਦੇ ਵਿਰੁੱਧ ਐਕਸ਼ਨ ਲਿਆ ਜਾ ਸਕਦਾ ਹੈ। ਲੋਕ ਸਭਾ ਸਪੀਕਰ ਨੂੰ ਵੀ ਇਹ ਅਧਿਕਾਰ ਹੈ ਕਿ ਉਹ ਵੀ ਇਸ ਮਾਮਲੇ ਵਿਚ ਕੋਈ ਫ਼ੈਸਲਾ ਲੈ ਸਕਦੇ ਹਨ।
ਦੱਸ ਦਈਏ ਕਿ ਟੀਐਮਸੀ ਸਾਂਸਦ ਮਹੂਆ ਮੋਇਤਰਾ ਮੂਲ ਰੂਪ ਵਿਚ ਬੈਂਕਰ ਹੈ। ਬੇਸਿਕ ਸਿੱਖਿਆ ਤੋਂ ਬਾਅਦ ਮੋਇਤਰਾ ਹਾਇਰ ਐਜੂਕੇਸ਼ਨ ਲਈ ਅਮਰੀਕਾ ਚਲੇ ਗਈ ਸੀ। ਬਾਅਦ ਵਿਚ ਉਸ ਨੂੰ ਲੰਡਨ ਦੇ ਇਕ ਮਸ਼ਹੂਰ ਬੈਂਕ ਵਿਚ ਨੌਕਰੀ ਮਿਲ ਗਈ ਪਰ ਕੁੱਝ ਸਾਲਾਂ ਵਿਚ ਹੀ ਉਹਨਾਂ ਦਾ ਨੌਕਰੀ ਤੋਂ ਮੋਹ ਭੰਗ ਹੋ ਗਿਆ ਅਤੇ ਉਹ ਸਿਆਸਤ ਵਿਚ ਆ ਗਏ। ਸਾਲ 2016 ਵਿਚ ਉਸ ਨੇ ਪੱਛਮ ਬੰਗਾਲ ਦੇ ਕਰੀਮ ਨਗਰ ਤੋਂ ਵਿਧਾਨ ਸਭਾ ਦੀ ਚੋਣ ਜਿੱਤੀ ਸੀ ਅਤੇ ਸਾਲ 2019 ਵਿਚ ਉਹ ਟੀਐਮਸੀ ਦੀ ਟਿਕਟ ਤੇ ਕ੍ਰਿਸ਼ਨਾਨਗਰ ਤੋਂ ਲੋਕ ਸਭਾ ਚੋਣ ਜਿੱਤੀ। ਮੌਜੂਦਾ ਸਮੇਂ ਤ੍ਰਿਣਮੂਲ ਕਾਂਗਰਸ ਦੀ ਤੇਜ਼ ਤਰਾਰ ਸਾਂਸਦ ਮਹੂਆ ਮੋਇਤਰਾ ਇਸ ਸਮੇਂ ਬੁਰੀ ਤਰ੍ਹਾਂ ਘਿਰੀ ਹੋਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੀਐਮ ਮੋਦੀ 'ਤੇ ਜੰਮ ਕੇ ਨਿਸ਼ਾਨੇ ਸਾਧਣ ਵਾਲੀ ਇਹ ਸਾਂਸਦ ਇਸ ਕੇਸ ਵਿਚੋਂ ਨਿਕਲ ਪਾਉਂਦੀ ਹੈ ਜਾਂ ਨਹੀਂ।