
ਕਿਹਾ, ਪਾਕਿਸਤਾਨੀਆਂ ਨੇ ਸੰਭਾਵਤ ਤੌਰ ਉਤੇ ਅਣਜਾਣੇ ਵਿਚ 14 ਅਗੱਸਤ ਨੂੰ ਅਪਣੇ ਪੁਰਸਕਾਰਾਂ ਦੀ ਸੂਚੀ ਜਾਰੀ ਕੀਤੀ ਸੀ
ਨਵੀਂ ਦਿੱਲੀ : ਭਾਰਤੀ ਫੌਜ ਦੇ ਡਾਇਰੈਕਟਰ ਜਨਰਲ ਮਿਲਟਰੀ ਆਪਰੇਸ਼ਨਜ਼ ਲੈਫਟੀਨੈਂਟ ਜਨਰਲ ਰਾਜੀਵ ਘਈ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਨੇ ਆਪ੍ਰੇਸ਼ਨ ਸੰਧੂਰ ਦੌਰਾਨ ਕੰਟਰੋਲ ਰੇਖਾ ਉਤੇ ਪਾਕਿਸਤਾਨ ਦੇ 100 ਤੋਂ ਵੱਧ ਫੌਜੀ ਜਵਾਨ ਮਾਰੇ ਹਨ।
ਹਵਾਈ ਫ਼ੌਜ ਮੁਖੀ ਏਅਰ ਚੀਫ ਮਾਰਸ਼ਲ ਏ.ਪੀ. ਸਿੰਘ ਵਲੋਂ ਕੁੱਝ ਦਿਨ ਪਹਿਲਾਂ ਸਾਂਝੇ ਕੀਤੇ ਗਏ ਵੇਰਵਿਆਂ ਨੂੰ ਦੁਹਰਾਉਂਦੇ ਹੋਏ ਉੱਚ ਫੌਜੀ ਅਧਿਕਾਰੀ ਨੇ ਇਹ ਵੀ ਕਿਹਾ ਕਿ ਮਈ ’ਚ ਹੋਈ ਜੰਗ ਦੌਰਾਨ ਪਾਕਿਸਤਾਨ ਨੇ ਅਪਣੇ ਘੱਟੋ-ਘੱਟ 12 ਜਹਾਜ਼ ਗੁਆ ਦਿਤੇ ਸਨ।
ਲੈਫਟੀਨੈਂਟ ਜਨਰਲ ਘਈ ਨੇ ਇਹ ਵੀ ਕਿਹਾ ਕਿ ਭਾਰਤੀ ਸਮੁੰਦਰੀ ਫ਼ੌਜ ਅਪਣੀ ਭੂਮਿਕਾ ਨਿਭਾਉਣ ਲਈ ਪੂਰੀ ਤਰ੍ਹਾਂ ਤਿਆਰ ਸੀ ਅਤੇ ਜੇ ਪਾਕਿਸਤਾਨ ਨੇ ਦੁਸ਼ਮਣੀ ਨੂੰ ਹੋਰ ਜਾਰੀ ਰੱਖਣ ਦਾ ਫੈਸਲਾ ਕੀਤਾ ਹੁੰਦਾ ਤਾਂ ਇਹ ਨਾ ਸਿਰਫ ਸਮੁੰਦਰ ਤੋਂ ਬਲਕਿ ਹੋਰ ਪਹਿਲੂਆਂ ਤੋਂ ਵੀ ਗੁਆਂਢੀ ਦੇਸ਼ ਲਈ ਵਿਨਾਸ਼ਕਾਰੀ ਹੋ ਸਕਦਾ ਸੀ।
ਲੈਫਟੀਨੈਂਟ ਜਨਰਲ ਘਈ ਨੇ 7-10 ਮਈ ਨੂੰ ਹੋਏ ਹਮਲਿਆਂ ਦੇ ਕੁੱਝ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ ਭਾਰਤ ਨੇ 7 ਮਈ ਨੂੰ 9 ਅਤਿਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਤੋਂ ਤੁਰਤ ਬਾਅਦ ਪਾਕਿਸਤਾਨ ਨੇ ਸਰਹੱਦ ਪਾਰੋਂ ਗੋਲੀਬਾਰੀ ਕੀਤੀ ਸੀ।
ਉਨ੍ਹਾਂ ਕਿਹਾ, ‘‘ਪਾਕਿਸਤਾਨੀਆਂ ਨੇ 14 ਅਗੱਸਤ ਨੂੰ ਅਣਜਾਣੇ ’ਚ ਅਪਣੇ ਪੁਰਸਕਾਰਾਂ ਦੀ ਸੂਚੀ ਜਾਰੀ ਕੀਤੀ ਸੀ ਅਤੇ ਉਨ੍ਹਾਂ ਨੂੰ ਦਿਤੇ ਗਏ ਮਰਨ ਉਪਰੰਤ ਪੁਰਸਕਾਰਾਂ ਦੀ ਗਿਣਤੀ ਤੋਂ ਪਤਾ ਲਗਦਾ ਹੈ ਕਿ ਕੰਟਰੋਲ ਰੇਖਾ ਉਤੇ ਉਨ੍ਹਾਂ ਦੇ ਮਾਰੇ ਗਏ ਲੋਕਾਂ ਦੀ ਗਿਣਤੀ ਵੀ 100 ਤੋਂ ਵੱਧ ਸੀ।’’
ਉਨ੍ਹਾਂ ਕਿਹਾ, ‘‘ਅਸੀਂ ਤਾਂ ਸਿਰਫ਼ ਅਤਿਵਾਦੀਆਂ ਨੂੰ ਨਿਸ਼ਾਨਾ ਬਣਾ ਰਹੇ ਸੀ, ਅਤੇ ਇਕ ਵਾਰ ਜਦੋਂ ਇਹ ਪ੍ਰਾਪਤ ਹੋ ਗਿਆ, ਤਾਂ ਸਾਡਾ ਇਰਾਦਾ ਇਸ ਨੂੰ ਵਧਾਉਣਾ ਨਹੀਂ ਸੀ ਜਦੋਂ ਤਕ ਅਜਿਹਾ ਕਰਨ ਲਈ ਮਜਬੂਰ ਨਹੀਂ ਕੀਤਾ ਜਾਂਦਾ। ਪਰ ਅਤਿਵਾਦੀ ਟਿਕਾਣਿਆਂ ਉਤੇ ਹਮਲੇ ਤੋਂ ਤੁਰਤ ਬਾਅਦ ਪਾਕਿਸਤਾਨ ਵਲੋਂ ਸਰਹੱਦ ਪਾਰੋਂ ਗੋਲੀਬਾਰੀ ਕੀਤੀ ਗਈ।’’
ਲੈਫਟੀਨੈਂਟ ਜਨਰਲ ਘਈ ਨੇ ਕਿਹਾ, ‘‘ਪਾਕਿਸਤਾਨੀਆਂ ਨੇ ਸੰਭਾਵਤ ਤੌਰ ਉਤੇ ਅਣਜਾਣੇ ਵਿਚ 14 ਅਗੱਸਤ ਨੂੰ ਅਪਣੇ ਪੁਰਸਕਾਰਾਂ ਦੀ ਸੂਚੀ ਜਾਰੀ ਕੀਤੀ ਸੀ, ਅਤੇ ਉਨ੍ਹਾਂ ਨੇ ਮਰਨ ਉਪਰੰਤ ਪੁਰਸਕਾਰਾਂ ਦੀ ਗਿਣਤੀ ਹੁਣ ਸਾਨੂੰ ਦੱਸਦੀ ਹੈ ਕਿ ਐਲ.ਓ.ਸੀ. ਉਤੇ ਉਨ੍ਹਾਂ ਦੇ ਮਾਰੇ ਗਏ ਲੋਕਾਂ ਦੀ ਗਿਣਤੀ ਵੀ 100 ਤੋਂ ਵੱਧ ਸੀ।’’
ਡਾਇਰੈਕਟਰ ਜਨਰਲ ਮਿਲਟਰੀ ਆਪਰੇਸ਼ਨਜ਼ (ਡੀ.ਜੀ.ਐਮ.ਓ.) ਨੇ ਇੱਥੋਂ ਤਕ ਕਿਹਾ ਕਿ ਭਾਰਤ ਵਿਰੁਧ ਪਾਕਿਸਤਾਨ ਦੇ ਡਰੋਨ ਹਮਲੇ ‘ਨਿਰਾਸ਼ਾਜਨਕ ਨਾਕਾਮੀ’ ਸਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਦੋਹਾਂ ਡੀ.ਜੀ.ਐਮ.ਓਜ਼. ਦੇ ਗੱਲਬਾਤ ਤੋਂ ਬਾਅਦ ਵੀ ਡਰੋਨ ਭੇਜੇ ਸਨ। ਉਨ੍ਹਾਂ ਕਿਹਾ ਕਿ ਸਾਡੇ, ਲੋਕਾਂ ਅਤੇ ਸਾਮਾਨ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ’ਚ ਕਈ ਤਰ੍ਹਾਂ ਦੇ ਡਰੋਨਾਂ ਦੀ ਵਰਤੋਂ ਕੀਤੀ ਗਈ। ਪਰ ਸੱਭ ਕੁੱਝ ਨਿਰਾਸ਼ਾਜਨਕ ਅਸਫਲਤਾ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਹਮਲਿਆਂ ਕਾਰਨ ਭਾਰਤੀ ਹਵਾਈ ਫੌਜ ਨੇ 9 ਅਤੇ 10 ਮਈ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨੀ ਟਿਕਾਣਿਆਂ ਉਤੇ ਸਟੀਕ ਹਮਲੇ ਕੀਤੇ।
ਲੈਫਟੀਨੈਂਟ ਜਨਰਲ ਘਈ ਨੇ ਕਿਹਾ ਕਿ ਅਤਿਵਾਦ ਵਿਰੁਧ ਸਾਡੀ ਰਣਨੀਤੀ ਵਿਚ ਸਿਧਾਂਤਕ ਤਬਦੀਲੀ ਆਈ ਹੈ। ਉਨ੍ਹਾਂ ਕਿਹਾ, ‘‘ਸਾਡੇ ਪ੍ਰਧਾਨ ਮੰਤਰੀ ਨੇ ਇਸ ਬਾਰੇ ਗੱਲ ਕੀਤੀ ਹੈ। ਅਤੇ ਇਹ ਉਹ ਤਿੰਨ ਗੱਲਾਂ ਹਨ ਜੋ ਉਸ ਨੇ ਕਹੀਆਂ ਸਨ। ਅਤਿਵਾਦੀ ਹਮਲੇ ਜੰਗੀ ਕਾਰਵਾਈ ਹਨ। ਇਸ ਲਈ ਫੈਸਲਾਕੁੰਨ ਜਵਾਬੀ ਕਾਰਵਾਈ ਕੀਤੀ ਜਾਵੇਗੀ। ਅਸੀਂ ਪ੍ਰਮਾਣੂ ਬਲੈਕਮੇਲ ਦਾ ਸ਼ਿਕਾਰ ਨਹੀਂ ਹੋਵਾਂਗੇ। ਅਤੇ ਅਤਿਵਾਦੀਆਂ ਅਤੇ ਅਤਿਵਾਦ ਦੇ ਸਪਾਂਸਰਾਂ ਵਿਚ ਕੋਈ ਫ਼ਰਕ ਨਹੀਂ ਹੈ।’’