‘ਬਾਹੂਬਲੀ’ ਰਾਕੇਟ ਨੇ ਪੁਲਾੜ ਵਿਚ ਪੰਧ ’ਤੇ ਪਾਇਆ ਸੱਭ ਤੋਂ ਭਾਰੀ ਉਪਗ੍ਰਹਿ
ਸ਼੍ਰੀਹਰੀਕੋਟਾ (ਆਂਧਰਾ ਪ੍ਰਦੇਸ਼): ਭਾਰਤੀ ਪੁਲਾੜ ਏਜੰਸੀ ਇਸਰੋ ਨੇ ਭਾਰਤ ਦੀ ਧਰਤੀ ਤੋਂ ਛੱਡੇ ਅਤੇ ਦੇਸ਼ ਅੰਦਰ ਬਣੇ ਨਵੀਂ ਪੀੜ੍ਹੀ ਦੇ ‘ਬਾਹੂਬਲੀ’ ਰਾਕੇਟ ਰਾਹੀਂ ਦਾਗੇ ਹੁਣ ਤਕ ਦੇ ਸਭ ਤੋਂ ਭਾਰੀ ਸੰਚਾਰ ਉਪਗ੍ਰਹਿ ਸੀ.ਐਮ.ਐਸ.-03 ਨੂੰ ਐਤਵਾਰ ਨੂੰ ਸਫਲਤਾਪੂਰਵਕ ਸੰਕਲਪਿਤ ਪੰਧ ’ਚ ਪਹੁੰਚਾ ਦਿਤਾ।
4,410 ਕਿਲੋਗ੍ਰਾਮ ਭਾਰ ਦੇ ਸੰਚਾਰ ਉਪਗ੍ਰਹਿ ਸੀ.ਐਮ.ਐਸ.-03 ਨੂੰ ਐਲ.ਵੀ.ਐਮ.3-ਐਮ5 ਰਾਕੇਟ ਉਤੇ ਪੁਲਾੜ ਵਿਚ ਭੇਜਿਆ ਗਿਆ, ਜਿਸ ਨਾਲ ਭਾਰਤੀ ਪੁਲਾੜ ਏਜੰਸੀ ਨੇ ਇਹ ਦੁਰਲੱਭ ਉਪਲਬਧੀ ਹਾਸਲ ਕੀਤੀ। ਇਸਰੋ ਅਨੁਸਾਰ, ਸੀ.ਐਮ.ਐਸ.-03 ਇਕ ਬਹੁ-ਬੈਂਡ ਸੰਚਾਰ ਉਪਗ੍ਰਹਿ ਹੈ ਅਤੇ ਭਾਰਤੀ ਜ਼ਮੀਨ ਸਮੇਤ ਇਕ ਵਿਸ਼ਾਲ ਸਮੁੰਦਰੀ ਖੇਤਰ ਵਿਚ ਸੇਵਾਵਾਂ ਪ੍ਰਦਾਨ ਕਰੇਗਾ।
ਸੈਟੇਲਾਈਟ ਨੂੰ ਲੋੜੀਂਦੇ ਜੀਓਸਿੰਕ੍ਰੋਨਸ ਟ੍ਰਾਂਸਫਰ ਔਰਬਿਟ (ਜੀ.ਟੀ.ਓ.) ਵਿਚ ਰੱਖਿਆ ਗਿਆ ਸੀ। ਇਹ 2013 ਵਿਚ ਲਾਂਚ ਕੀਤੀ ਗਈ ਜੀਸੈਟ-7 ਸੀਰੀਜ਼ ਦਾ ਬਦਲ ਵੀ ਹੈ।
ਇਸਰੋ ਦੇ ਚੇਅਰਮੈਨ ਵੀ. ਨਾਰਾਇਣਨ ਨੇ ਕਿਹਾ ਕਿ ਲਾਂਚ ਵਹੀਕਲ ਨੇ ਸੰਚਾਰ ਉਪਗ੍ਰਹਿ ਨੂੰ ਲੋੜੀਂਦੇ ਪੰਧ ਵਿਚ ਸਫਲਤਾਪੂਰਵਕ ਸਥਾਪਤ ਕਰ ਦਿਤਾ। ਉਨ੍ਹਾਂ ਕਿਹਾ ਕਿ 4410 ਕਿਲੋਗ੍ਰਾਮ ਵਜ਼ਨ ਦੇ ਸੈਟੇਲਾਈਟ ਨੂੰ ਸਹੀ ਢੰਗ ਨਾਲ ਲਾਂਚ ਕੀਤਾ ਗਿਆ। ਲਾਂਚ ਤੋਂ ਬਾਅਦ ਮਿਸ਼ਨ ਕੰਟਰੋਲ ਸੈਂਟਰ ਤੋਂ ਅਪਣੇ ਸੰਬੋਧਨ ’ਚ, ਉਨ੍ਹਾਂ ਨੇ ਐਲ.ਵੀ.ਐਮ.-3 ਸੈਟੇਲਾਈਟ ਨੂੰ ਇਸ ਦੀ ਬਹੁਤ ਜ਼ਿਆਦਾ ਭਾਰ ਚੁਕਣ ਦੀ ਸਮਰੱਥਾ ਦੇ ਸਪੱਸ਼ਟ ਸੰਦਰਭ ਵਿਚ ‘ਬਾਹੂਬਲੀ’ ਦਸਿਆ। ਉਨ੍ਹਾਂ ਨੇ ਯਾਦ ਕੀਤਾ ਕਿ ਰਾਕੇਟ ਦਾ ਪਿਛਲਾ ਲਾਂਚ ਸੱਭ ਤੋਂ ਵੱਕਾਰੀ ਚੰਦਰਯਾਨ-3 ਸੀ, ਜਿਸ ਨੇ ਦੇਸ਼ ਦਾ ਮਾਣ ਵਧਾਇਆ। ਇਸ ਨੇ ਐਤਵਾਰ ਨੂੰ ‘ਭਾਰੀ ਸੈਟੇਲਾਈਟ’ ਨਾਲ ਸਫਲ ਹੋਣ ਤੋਂ ਬਾਅਦ ‘ਇਕ ਹੋਰ ਮਾਣ’ ਪ੍ਰਾਪਤ ਕੀਤਾ।
ਸਾਰੇ ਅੱਠ ਐਲ.ਵੀ.ਐਮ. 3 ਲਾਂਚ, ਇਸ ਦੇ ਪ੍ਰਯੋਗਾਤਮਕ ਮਿਸ਼ਨ ਸਮੇਤ, ਸਫਲ ਰਹੇ ਹਨ, ਜੋ 100 ਫ਼ੀ ਸਦੀ ਸਫਲਤਾ ਦਰ ਦਰਸਾਉਂਦੇ ਹਨ। ਪੁਲਾੜ ਵਿਭਾਗ ਦੇ ਸਕੱਤਰ ਨਾਰਾਇਣਨ ਨੇ ਕਿਹਾ ਕਿ ਇਸ ਸੈਟੇਲਾਈਟ ਨੂੰ ਘੱਟੋ-ਘੱਟ 15 ਸਾਲਾਂ ਲਈ ਸੰਚਾਰ ਸੇਵਾਵਾਂ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਸੀ ਅਤੇ ਇਹ ਆਤਮਨਿਰਭਰ ਭਾਰਤ ਦੀ ਇਕ ਹੋਰ ਚਮਕਦੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਇਸਰੋ ਦੇ ਵਿਗਿਆਨੀਆਂ ਨੂੰ ਇਸ ਮਿਸ਼ਨ ਨਾਲ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਮੌਸਮ ਸਹਿਯੋਗੀ ਨਹੀਂ ਸੀ, ਪਰ ਉਨ੍ਹਾਂ ਨੇ ਸਖਤ ਮਿਹਨਤ ਕੀਤੀ ਅਤੇ ਸਫਲਤਾ ਨੂੰ ਯਕੀਨੀ ਬਣਾਇਆ।
