
ਜੋਧਪੁਰ ’ਚ ਪਤਨੀ ਨੂੰ ਪੇਕੇ ਘਰ ਛੱਡ ਕੇ ਪਰਤ ਰਹੇ ਨੌਜਵਾਨ ਨਾਲ ਵਾਪਰਿਆ ਦਰਦਨਾਕ ਹਾਦਸਾ: ਗੱਡੀ ਨੂੰ ਲੱਗੀ ਅੱਗ, ਜ਼ਿੰਦਾ ਸੜਿਆ ਨੌਜਵਾਨ
ਜੋਧਪੁਰ: ਜੋਧਪੁਰ 'ਚ ਵਾਪਰਿਆ ਭਿਆਨਕ ਸੜਕ ਹਾਦਸਾ। ਇਸ ਹਾਦਸੇ ਦੌਰਾਨ ਨੌਜਵਾਨ ਕਾਰ ਵਿੱਚ ਫਸ ਗਿਆ ਅਤੇ ਜ਼ਿੰਦਾ ਸੜ ਗਿਆ। ਨੌਜਵਾਨ ਅੱਗ ਨਾਲ ਝੁਲਸ ਰਿਹਾ ਸੀ ਪਰ ਉਸ ਨੂੰ ਬਾਹਰ ਆਉਣ ਦਾ ਮੌਕਾ ਵੀ ਨਹੀਂ ਮਿਲਿਆ। ਕਰੀਬ 1 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਜਦੋਂ ਨੌਜਵਾਨ ਨੂੰ ਕਾਰ 'ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਦਾ ਸਿਰਫ ਪਿੰਜਰ ਹੀ ਨਿਕਲਿਆ।
ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਆਪਣੀ ਪਤਨੀ ਨੂੰ ਪੇਕੇ ਘਰ ਛੱਡ ਕੇ ਵਾਪਸ ਆਪਣੇ ਘਰ ਜਾ ਰਿਹਾ ਸੀ। ਇਹ ਘਟਨਾ ਵੀਰਵਾਰ ਰਾਤ 8 ਵਜੇ ਜੋਧਪੁਰ ਦੇ ਸ਼ੇਰਗੜ੍ਹ ਸਥਿਤ ਮੈਗਾ ਹਾਈਵੇ 'ਤੇ ਵਾਪਰੀ। ਤੇਲ ਨਾਲ ਭਰੇ ਟੈਂਕਰ ਨੇ ਉਸ ਦੀ ਇਨੋਵਾ ਗੱਡੀ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਨੌਜਵਾਨ ਦੀ ਕਾਰ ਬੇਕਾਬੂ ਹੋ ਕੇ ਸੜਕ ਦੇ ਕਿਨਾਰੇ ਜਾ ਪਲਟੀ। ਡਿੱਗਦੇ ਹੀ ਕਾਰ ਨੂੰ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਹਦਮਤ ਸਿੰਘ ਨੂੰ ਕਾਰ 'ਚੋਂ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ ਅਤੇ ਉਹ ਉਸ 'ਚ ਫਸ ਗਿਆ। ਇਸ ਹਾਦਸੇ ਵਿੱਚ ਬੁਰੀ ਤਰ੍ਹਾਂ ਝੁਲਸ ਜਾਣ ਕਾਰਨ ਉਸ ਦੀ ਮੌਤ ਹੋ ਗਈ।
ਇਸ ਦੌਰਾਨ ਉੱਥੇ ਮੌਜੂਦ ਲੋਕਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਅੱਗ ਦੀਆਂ ਲਪਟਾਂ ਦੇਖ ਕੇ ਕੋਈ ਵੀ ਨੇੜੇ ਜਾਣ ਦੀ ਹਿੰਮਤ ਨਹੀਂ ਕਰ ਸਕਿਆ। ਜਦੋਂ ਤੱਕ ਇੱਕ ਘੰਟੇ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ, ਉਦੋਂ ਤੱਕ ਹਦਮਤ ਸਿੰਘ ਪੂਰੀ ਤਰ੍ਹਾਂ ਸੜ ਚੁੱਕਾ ਸੀ। ਇਸ ਹਾਦਸੇ ਵਿੱਚ ਸਿਰਫ਼ ਉਸ ਦਾ ਪਿੰਜਰ ਹੀ ਬਚਿਆ।
ਹਾਦਸੇ ਤੋਂ ਬਾਅਦ ਟੈਂਕਰ ਚਾਲਕ ਫਰਾਰ ਹੋ ਗਿਆ। ਪੁਲੀਸ ਨੇ ਟੈਂਕਰ ਨੂੰ ਕਬਜ਼ੇ ਵਿੱਚ ਲੈ ਕੇ ਥਾਣੇ ਵਿੱਚ ਰੱਖ ਦਿੱਤਾ ਹੈ।
ਪੁਲਿਸ ਨੇ ਦੱਸਿਆ ਕਿ ਟੱਕਰ ਤੋਂ ਬਾਅਦ ਕਾਰ ਦੇ ਇੰਜਣ ਨੂੰ ਅੱਗ ਲੱਗ ਗਈ। ਹਾਦਸੇ ਤੋਂ ਬਾਅਦ ਪਿੰਡ ਸੁੰਤਾਰਾ ਦੇ ਸਰਪੰਚ ਗੋਵਿੰਦ ਸਿੰਘ ਨੇ ਪਾਣੀ ਦਾ ਟੈਂਕਰ ਭੇਜ ਕੇ ਸਥਾਨਕ ਪਿੰਡ ਵਾਸੀਆਂ ਦੀ ਮਦਦ ਨਾਲ ਰਾਤ ਕਰੀਬ 9 ਵਜੇ ਟੈਂਕਰ ਤੋਂ ਪਾਣੀ ਪਾ ਕੇ ਅੱਗ ’ਤੇ ਕਾਬੂ ਪਾਇਆ ਗਿਆ। ਹਾਦਸੇ ਤੋਂ ਬਾਅਦ ਮੈਗਾ ਹਾਈਵੇਅ ਦੇ ਦੋਵੇਂ ਪਾਸੇ ਜਾਮ ਲੱਗ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸੇ ਤਰ੍ਹਾਂ ਦੀ ਘਟਨਾ ਛੇ ਮਹੀਨੇ ਪਹਿਲਾਂ 4 ਜੁਲਾਈ ਨੂੰ ਇਸ ਹਾਈਵੇਅ 'ਤੇ ਵਾਪਰੀ ਸੀ। ਟੱਕਰ ਤੋਂ ਬਾਅਦ 2 ਟਰਾਲਿਆਂ ਨੂੰ ਅੱਗ ਲੱਗ ਗਈ ਅਤੇ 3 ਲੋਕ ਜ਼ਿੰਦਾ ਸੜ ਗਏ।