ਦਲਿਤ ਪ੍ਰੇਰਣਾ ਸਥਲ ਦੇ ਗੇਟ ਨੰਬਰ 2 ’ਤੇ ਬੈਠੇ ਕਿਸਾਨ
ਨੋਇਡਾ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਨੋਇਡਾ, ਗ੍ਰੇਟਰ ਨੋਇਡਾ ਅਤੇ ਯਮੁਨਾ ਅਥਾਰਟੀ ਦੇ ਕਿਸਾਨਾਂ ਨੇ ਸਾਲਾਂ ਤੋਂ ਲਟਕਦੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਸੋਮਵਾਰ ਨੂੰ ਦਿੱਲੀ ਤਕ ਰੋਸ ਮਾਰਚ ਕਢਿਆ। ਦਿੱਲੀ ਵਲ ਮਾਰਚ ਕਰਨ ਦੀ ਕੋਸ਼ਿਸ਼ ’ਚ ਉਨ੍ਹਾਂ ਦੀ ਪੁਲਿਸ ਨਾਲ ਝੜਪ ਹੋ ਗਈ ਅਤੇ ਦਿੱਲੀ ਨਾਲ ਲਗਦੀਆਂ ਸਰਹੱਦਾਂ ’ਤੇ ਭਾਰੀ ਜਾਮ ਲੱਗ ਗਿਆ।
ਟਰੈਕਟਰ ਟਰਾਲੀਆਂ ਅਤੇ ਹੋਰ ਗੱਡੀਆਂ ’ਤੇ ਸਵਾਰ ਹੋ ਕੇ ਦਿੱਲੀ ਵਲ ਮਾਰਚ ਕਰਨ ਆਏ ਕਿਸਾਨ ਅਪਣੇ-ਅਪਣੇ ਸੰਗਠਨਾਂ ਦੇ ਬੈਨਰ ਹੇਠ ਨੋਇਡਾ ਦੇ ਮਹਾਮਾਇਆ ਫਲਾਈਓਵਰ ਨੇੜੇ ਇਕੱਠੇ ਹੋਏ ਅਤੇ ਨਾਅਰੇਬਾਜ਼ੀ ਕੀਤੀ। ਜਦੋਂ ਪੁਲਿਸ ਨੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨਾਂ ’ਚ ਝੜਪ ਹੋ ਗਈ।
ਪੁਲਿਸ ਨੇ ਉਨ੍ਹਾਂ ਨੂੰ ਨੋਇਡਾ ਦੇ ਦਲਿਤ ਪ੍ਰੇਰਣਾ ਸਥਲ ਦੇ ਗੇਟ ਨੰਬਰ 2 ’ਤੇ ਰੋਕਿਆ ਅਤੇ ਕਿਸਾਨ ਉੱਥੇ ਬੈਠ ਗਏ ਅਤੇ ਅਪਣੀਆਂ ਮੰਗਾਂ ਦੇ ਸਮਰਥਨ ’ਚ ਨਾਅਰੇਬਾਜ਼ੀ ਕੀਤੀ। ਪੁਲਿਸ ਨੇ ਦਸਿਆ ਕਿ ਆਵਾਜਾਈ ਨੂੰ ਹੋਰ ਰਸਤਿਆਂ ਰਾਹੀਂ ਮੋੜ ਦਿਤਾ ਗਿਆ ਹੈ, ਜਿਸ ਕਾਰਨ ਨੋਇਡਾ ਤੋਂ ਦਿੱਲੀ ਵਲ ਚਿੱਲਾ ਕਾਲਿੰਦੀ ਕੁੰਜ ਡੀ.ਐਨ.ਡੀ. ਬਾਰਡਰ ’ਤੇ ਗੱਡੀਆਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ।
ਸੰਯੁਕਤ ਕਿਸਾਨ ਮੋਰਚਾ ਦੇ ਆਗੂ ਡਾ. ਰੂਪੇਸ਼ ਵਰਮਾ ਨੇ ਦਾਅਵਾ ਕੀਤਾ ਕਿ ਮੋਰਚਾ ਇਸ ਵਾਰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨ ਤੋਂ ਬਾਅਦ ਵਾਪਸ ਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਐਕੁਆਇਰ ਕੀਤੀ ਜ਼ਮੀਨ ਦੇ ਬਦਲੇ 7 ਫੀ ਸਦੀ ਜ਼ਮੀਨ ਅਤੇ 5 ਫੀ ਸਦੀ ਪਲਾਟ ਦੇ ਬਦਲੇ 10 ਫੀ ਸਦੀ ਪਲਾਟ ਅਲਾਟ ਕਰਨ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦੀਆਂ ਮੰਗਾਂ ’ਚ ਨਵੇਂ ਭੂਮੀ ਪ੍ਰਾਪਤੀ ਐਕਟ ਦੇ ਸਾਰੇ ਲਾਭਾਂ ਨੂੰ ਲਾਗੂ ਕਰਨਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ 10 ਫ਼ੀ ਸਦੀ ਪਲਾਟ ਦੀ ਅਲਾਟਮੈਂਟ ਦਾ ਮੁੱਦਾ ਸਾਲਾਂ ਤੋਂ ਲਟਕਿਆ ਹੋਇਆ ਹੈ।
ਕਿਸਾਨਾਂ ਦੇ ਮਾਰਚ ਤੋਂ ਪਹਿਲਾਂ ਹੀ ਦਿੱਲੀ-ਨੋਇਡਾ ਹੱਦ ’ਤੇ ਲੱਗੇ ਬੈਰੀਕੇਡ, ਭਾਰੀ ਟ੍ਰੈਫਿਕ ਜਾਮ ਲੱਗਣ ਕਾਰਨ ਲੋਕ ਹੋਏ ਖੱਜਲ-ਖੁਆਰ
ਨਵੀਂ ਦਿੱਲੀ : ਦਿੱਲੀ-ਨੋਇਡਾ ਹੱਦ ਪਾਰ ਕਰਨ ਵਾਲੇ ਮੁਸਾਫ਼ਰਾਂ ਨੂੰ ਸੋਮਵਾਰ ਨੂੰ ਭਾਰੀ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਪੁਲਿਸ ਨੇ ਕੌਮੀ ਰਾਜਧਾਨੀ ਵਲ ਕਿਸਾਨਾਂ ਦੇ ਵਿਰੋਧ ਮਾਰਚ ਦੇ ਮੱਦੇਨਜ਼ਰ ਅੱਜ ਕਈ ਬੈਰੀਕੇਡ ਲਗਾ ਦਿਤੇ ਸਨ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਸਰਹੱਦ ’ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਨਿਗਰਾਨੀ ਲਈ ਡਰੋਨ ਦੀ ਵਰਤੋਂ ਕੀਤੀ ਜਾ ਰਹੀ ਹੈ।
ਵਧੀਕ ਪੁਲਿਸ ਕਮਿਸ਼ਨਰ (ਪੂਰਬੀ) ਸਾਗਰ ਸਿੰਘ ਕਲਸੀ ਨੇ ਕਿਹਾ, ‘‘ਅਸੀਂ ਪੂਰਬੀ ਦਿੱਲੀ ਦੀਆਂ ਹੱਦਾਂ ’ਤੇ ਢੁਕਵੇਂ ਪ੍ਰਬੰਧ ਕੀਤੇ ਹਨ ਅਤੇ ਦੰਗਾ ਰੋਕੂ ਉਪਕਰਣਾਂ ਸਮੇਤ ਸਾਰੇ ਸਾਵਧਾਨੀ ਉਪਾਅ ਕੀਤੇ ਹਨ। ਅਸੀਂ ਨਿਗਰਾਨੀ ਲਈ ਡਰੋਨ ਦੀ ਵਰਤੋਂ ਕਰ ਰਹੇ ਹਾਂ ਅਤੇ ਖੇਤਰ ਵਿਚ ਗੱਡੀਆਂ ਦੀ ਨਿਰਵਿਘਨ ਆਵਾਜਾਈ ਲਈ ਟ੍ਰੈਫਿਕ ਪੁਲਿਸ ਨਾਲ ਤਾਲਮੇਲ ਵੀ ਕਰ ਰਹੇ ਹਾਂ।’’
ਗ੍ਰੇਟਰ ਨੋਇਡਾ ਦੀ ਵਸਨੀਕ ਅਪਰਾਜਿਤਾ ਸਿੰਘ ਨੇ ਕਿਹਾ ਕਿ ਚਿੱਲਾ ਬਾਰਡਰ ’ਤੇ ਲਗਾਏ ਗਏ ਬੈਰੀਕੇਡਾਂ ਕਾਰਨ ਮੁਸਾਫ਼ਰਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਉਨ੍ਹਾਂ ਕਿਹਾ, ‘‘ਮੈਨੂੰ ਉਸ ਹਿੱਸੇ ’ਚੋਂ ਲੰਘਣ ’ਚ ਲਗਭਗ ਇਕ ਘੰਟਾ ਲੱਗਿਆ। ਪੁਲਿਸ ਨੇ ਦਿੱਲੀ-ਨੋਇਡਾ ਸਰਹੱਦ ਦੇ ਦੋਵੇਂ ਪਾਸੇ ਬੈਰੀਕੇਡ ਵੀ ਲਗਾਏ ਹਨ, ਜਿਸ ਕਾਰਨ ਟ੍ਰੈਫਿਕ ਜਾਮ ਹੋ ਗਿਆ ਹੈ, ਖ਼ਾਸਕਰ ਕੌਮੀ ਰਾਜਧਾਨੀ ਵਲ ਜਾਣ ਵਾਲੀ ਸੜਕ ’ਤੇ।’’
ਨੋਇਡਾ ਦੇ ਇਕ ਹੋਰ ਮੁਸਾਫ਼ਰ ਅਮਿਤ ਠਾਕੁਰ ਨੇ ਕਿਹਾ ਕਿ ਉਸ ਨੇ ਕੰਮ ’ਤੇ ਜਾਣ ਲਈ ਅਪਣੀ ਕਾਰ ਦੀ ਬਜਾਏ ਮੈਟਰੋ ਦੀ ਵਰਤੋਂ ਕੀਤੀ। ਉਨ੍ਹਾਂ ਕਿਹਾ, ‘‘ਜਦੋਂ ਮੈਂ ਮੱਧ ਦਿੱਲੀ ’ਚ ਅਪਣੇ ਦਫਤਰ ਜਾਣ ਤੋਂ ਪਹਿਲਾਂ ਟ੍ਰੈਫਿਕ ਦੀ ਸਥਿਤੀ ਦੀ ਜਾਂਚ ਕੀਤੀ ਤਾਂ ਚਿੱਲਾ ਬਾਰਡਰ ਨੇੜੇ ਭਾਰੀ ਭੀੜ ਵੇਖੀ ਗਈ, ਜਿਸ ਕਾਰਨ ਯਾਤਰਾ ਦਾ ਸਮਾਂ ਇਕ ਘੰਟੇ ਵਧ ਗਿਆ। ਇਸ ਲਈ ਮੈਂ ਮੈਟਰੋ ’ਚ ਜਾਣ ਦਾ ਫੈਸਲਾ ਕੀਤਾ।’’