ਹੁਣ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਮੰਗਲਵਾਰ ਤੋਂ ਸੁਚਾਰੂ ਢੰਗ ਨਾਲ ਚੱਲਣ ਦੀ ਸੰਭਾਵਨਾ
ਨਵੀਂ ਦਿੱਲੀ : ਸਰਕਾਰ ਅਤੇ ਵਿਰੋਧੀ ਪਾਰਟੀਆਂ ਵਿਚਾਲੇ ਬਣੀ ਸਹਿਮਤੀ ਤੋਂ ਬਾਅਦ ਸੰਸਦ ’ਚ ਸੰਵਿਧਾਨ ’ਤੇ ਚਰਚਾ ਦੀਆਂ ਤਰੀਕਾਂ ਦਾ ਐਲਾਨ ਹੋਣ ਨਾਲ 25 ਨਵੰਬਰ ਨੂੰ ਸਰਦ ਰੁੱਤ ਇਜਲਾਸ ਸ਼ੁਰੂ ਹੋਣ ਤੋਂ ਬਾਅਦ ਜਾਰੀ ਰੇੜਕਾ ਸੋਮਵਾਰ ਨੂੰ ਖ਼ਤਮ ਹੋ ਗਿਆ ਅਤੇ ਹੁਣ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਮੰਗਲਵਾਰ ਤੋਂ ਸੁਚਾਰੂ ਢੰਗ ਨਾਲ ਚੱਲਣ ਦੀ ਸੰਭਾਵਨਾ ਹੈ।
ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸੋਮਵਾਰ ਨੂੰ ਵੱਖ-ਵੱਖ ਪਾਰਟੀਆਂ ਦੇ ਫਲੋਰ ਲੀਡਰਾਂ ਨਾਲ ਮੀਟਿੰਗ ਕੀਤੀ। ਵਿਰੋਧੀ ਧਿਰ ਦੀ ਮੰਗ ਨੂੰ ਮਨਜ਼ੂਰ ਕਰਦਿਆਂ ਸਰਕਾਰ ਨੇ ਐਲਾਨ ਕੀਤਾ ਕਿ ਸੰਵਿਧਾਨ ’ਤੇ ਚਰਚਾ 13 ਅਤੇ 14 ਦਸੰਬਰ ਨੂੰ ਲੋਕ ਸਭਾ ਅਤੇ 16 ਅਤੇ 17 ਦਸੰਬਰ ਨੂੰ ਰਾਜ ਸਭਾ ’ਚ ਹੋਵੇਗੀ।
ਬਿਰਲਾ ਨਾਲ ਸੱਤਾਧਾਰੀ ਅਤੇ ਵਿਰੋਧੀ ਧਿਰ ਦੇ ਆਗੂਆਂ ਨਾਲ ਬੈਠਕ ਤੋਂ ਬਾਅਦ ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਕਿ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਵਿਰੋਧੀ ਪਾਰਟੀਆਂ ਸੰਸਦ ’ਚ ਰੇੜਕੇ ਨੂੰ ਖਤਮ ਕਰਨ ਲਈ ਸਹਿਮਤ ਹੋ ਗਈਆਂ ਹਨ ਅਤੇ ਮੰਗਲਵਾਰ ਤੋਂ ਦੋਵੇਂ ਸਦਨਾਂ ਦੀ ਕਾਰਵਾਈ ਸੁਚਾਰੂ ਢੰਗ ਨਾਲ ਚੱਲੇਗੀ। ਵਿਰੋਧੀ ਪਾਰਟੀਆਂ ਨੇ ਸੰਵਿਧਾਨ ਸਭਾ ਵਲੋਂ ਸੰਵਿਧਾਨ ਨੂੰ ਅਪਣਾਉਣ ਦੀ 75ਵੀਂ ਵਰ੍ਹੇਗੰਢ ਦੇ ਮੌਕੇ ’ਤੇ ਸੰਸਦ ਦੇ ਦੋਹਾਂ ਸਦਨਾਂ ’ਚ ਚਰਚਾ ਦੀ ਮੰਗ ਕੀਤੀ ਸੀ। ਰਿਜਿਜੂ ਨੇ ਉਮੀਦ ਪ੍ਰਗਟਾਈ ਕਿ ਮੰਗਲਵਾਰ ਤੋਂ ਸੰਸਦ ਸੁਚਾਰੂ ਢੰਗ ਨਾਲ ਚੱਲੇਗੀ।
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ, ‘‘ਉਮੀਦ ਹੈ ਕਿ ਮੋਦੀ ਸਰਕਾਰ ਮੰਗਲਵਾਰ ਤੋਂ ਦੋਹਾਂ ਸਦਨਾਂ ਦੀ ਕਾਰਵਾਈ ਸ਼ੁਰੂ ਕਰੇਗੀ।’’ ਉਨ੍ਹਾਂ ਕਿਹਾ, ‘‘ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ 26 ਨਵੰਬਰ ਨੂੰ ਲੋਕ ਸਭਾ ਸਪੀਕਰ ਨੂੰ ਚਿੱਠੀ ਲਿਖ ਕੇ ਸੰਵਿਧਾਨ ’ਤੇ ਦੋ ਦਿਨਾਂ ਵਿਸ਼ੇਸ਼ ਚਰਚਾ ਦੀ ਬੇਨਤੀ ਕੀਤੀ ਸੀ। ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਵੀ ਉਸ ਦਿਨ ਚੇਅਰਮੈਨ ਨੂੰ ਅਜਿਹੀ ਹੀ ਚਿੱਠੀ ਲਿਖੀ ਸੀ। ਛੇ ਦਿਨ ਬਾਅਦ, ਮੋਦੀ ਸਰਕਾਰ ਨੇ ਬੇਨਤੀ ਨੂੰ ਮਨਜ਼ੂਰ ਕਰ ਲਿਆ ਅਤੇ ਕਾਂਗਰਸ ਅਤੇ ‘ਇੰਡੀਆ’ ਗਠਜੋੜ ਦੀਆਂ ਹੋਰ ਪਾਰਟੀਆਂ ਦੀ ਬੇਨਤੀ ਅਨੁਸਾਰ ਵਿਚਾਰ-ਵਟਾਂਦਰੇ ਦੀਆਂ ਤਰੀਕਾਂ ਦਾ ਐਲਾਨ ਕੀਤਾ ਗਿਆ।’’ ਉਨ੍ਹਾਂ ਕਿਹਾ, ‘‘ਉਮੀਦ ਹੈ ਕਿ ਮੋਦੀ ਸਰਕਾਰ ਕੱਲ੍ਹ ਤੋਂ ਦੋਹਾਂ ਸਦਨਾਂ ਦੀ ਕਾਰਵਾਈ ਸ਼ੁਰੂ ਕਰਨ ਦੇਵੇਗੀ।’’
25 ਨਵੰਬਰ ਤੋਂ ਸ਼ੁਰੂ ਹੋਇਆ ਸੰਸਦ ਦਾ ਸਰਦ ਰੁੱਤ ਇਜਲਾਸ ਹੁਣ ਤਕ ਰੁਕਿਆ ਹੋਇਆ ਹੈ। ਕਾਂਗਰਸ ਮੈਂਬਰ ਅਡਾਨੀ ਸਮੂਹ ਨਾਲ ਜੁੜੇ ਮੁੱਦੇ ਉਠਾ ਰਹੇ ਸਨ, ਜਦਕਿ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਸੰਭਲ ਹਿੰਸਾ ਮਾਮਲੇ ’ਤੇ ਚਰਚਾ ਦੀ ਮੰਗ ਕਰ ਰਹੇ ਸਨ।
ਹਾਲਾਂਕਿ ਕਾਂਗਰਸ ਸੰਸਦ ’ਚ ਅਡਾਨੀ ਸਮੂਹ ਦੇ ਮੁੱਦੇ ’ਤੇ ਚਰਚਾ ਦੀ ਮੰਗ ਕਰ ਰਹੀ ਸੀ ਪਰ ‘ਇੰਡੀਆ’ ਗਠਜੋੜ ’ਚ ਉਸ ਦੀ ਭਾਈਵਾਲ ਤ੍ਰਿਣਮੂਲ ਕਾਂਗਰਸ ਅਤੇ ਕੁੱਝ ਹੋਰ ਵਿਰੋਧੀ ਪਾਰਟੀਆਂ ਨੇ ਇਸ ਮਾਮਲੇ ’ਤੇ ਜ਼ਿਆਦਾ ਧਿਆਨ ਨਹੀਂ ਦਿਤਾ। ਤ੍ਰਿਣਮੂਲ ਕਾਂਗਰਸ ਵੀ ‘ਇੰਡੀਆ’ ਗਠਜੋੜ ਲਈ ਸਾਂਝੀ ਰਣਨੀਤੀ ਤਿਆਰ ਕਰਨ ਲਈ ਸੈਸ਼ਨ ਦੌਰਾਨ ਹੋਈਆਂ ਵਿਰੋਧੀ ਪਾਰਟੀਆਂ ਦੀਆਂ ਬੈਠਕਾਂ ਤੋਂ ਦੂਰ ਰਹੀ ਸੀ।
ਪਾਰਟੀ ਦੇ ਇਕ ਸੂਤਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸਿਰਫ ਕਾਂਗਰਸ ਦੇ ਏਜੰਡੇ ’ਤੇ ਅਪਣੀ ਮੋਹਰ ਲਗਾਉਣ ਲਈ ਉਥੇ ਨਹੀਂ ਹੈ। ਪਿਛਲੇ ਹਫਤੇ ਸੋਮਵਾਰ ਨੂੰ ਸ਼ੁਰੂ ਹੋਏ ਸੰਸਦ ਦੇ ਸਰਦ ਰੁੱਤ ਇਜਲਾਸ ’ਚ ਹੁਣ ਤਕ ਕੋਈ ਵੱਡਾ ਵਿਧਾਨਕ ਕੰਮ ਕਾਜ ਨਹੀਂ ਹੋਇਆ ਹੈ ਅਤੇ ਪਹਿਲੇ ਹਫਤੇ ’ਚ ਰੁਕਾਵਟਾਂ ਆਈਆਂ ਹਨ। ਦੂਜੇ ਹਫਤੇ ਦੇ ਪਹਿਲੇ ਦਿਨ ਸੋਮਵਾਰ ਨੂੰ ਕੋਈ ਖਾਸ ਕੰਮ ਨਹੀਂ ਹੋ ਸਕਿਆ।
ਲੋਕ ਸਭਾ ’ਚ ਹੰਗਾਮੇ ਵਿਚਕਾਰ ਪੇਸ਼ ਹੋਇਆ ‘ਕੋਸਟਲ ਸ਼ਿਪਿੰਗ ਬਿਲ 2024’
ਨਵੀਂ ਦਿੱਲੀ : ਸਮੁੰਦਰੀ ਕੰਢੇ ਵਪਾਰ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸੋਮਵਾਰ ਨੂੰ ਲੋਕ ਸਭਾ ’ਚ ਇਕ ਬਿਲ ਪੇਸ਼ ਕੀਤਾ ਗਿਆ। ਕੇਂਦਰੀ ਬੰਦਰਗਾਹਾਂ, ਸ਼ਿਪਿੰਗ ਅਤੇ ਜਲ ਮਾਰਗ ਮੰਤਰੀ ਸਰਬਾਨੰਦ ਸੋਨੋਵਾਲ ਨੇ ਵਿਰੋਧੀ ਪਾਰਟੀਆਂ ਦੇ ਹੰਗਾਮੇ ਦਰਮਿਆਨ ਸਦਨ ’ਚ ਬਿਲ ਪੇਸ਼ ਕੀਤਾ। ਕਾਂਗਰਸ ਅਤੇ ਸਮਾਜਵਾਦੀ ਪਾਰਟੀ ਸਮੇਤ ਵਿਰੋਧੀ ਪਾਰਟੀਆਂ ਦੇ ਮੈਂਬਰ ਅਡਾਨੀ ਸਮੂਹ ਅਤੇ ਸੰਭਲ ਹਿੰਸਾ ਨਾਲ ਜੁੜੇ ਮੁੱਦੇ ਨੂੰ ਉਠਾਉਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਨਾਅਰੇਬਾਜ਼ੀ ਕਰ ਰਹੇ ਸਨ।
ਇਹ ਬਿਲ ਉਨ੍ਹਾਂ ਪੰਜ ਨਵੇਂ ਬਿਲਾਂ ਵਿਚੋਂ ਇਕ ਹੈ ਜੋ ਸਰਕਾਰ ਸੰਸਦ ਦੇ ਸਰਦ ਰੁੱਤ ਸੈਸ਼ਨ ਵਿਚ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹ ਬਿਲ ਕੌਮੀ ਸੁਰੱਖਿਆ ਅਤੇ ਵਪਾਰਕ ਜ਼ਰੂਰਤਾਂ ਲਈ ਭਾਰਤੀ ਨਾਗਰਿਕਾਂ ਦੀ ਮਲਕੀਅਤ ਅਤੇ ਸੰਚਾਲਿਤ ਭਾਰਤੀ ਝੰਡੇ ਵਾਲੇ ਜਹਾਜ਼ਾਂ ਵਲੋਂ ਤੱਟੀ ਵਪਾਰ ’ਚ ਭਾਗੀਦਾਰੀ ਨੂੰ ਉਤਸ਼ਾਹਤ ਕਰੇਗਾ। ਇਸ ਬਿਲ ਨੂੰ ਕੇਂਦਰੀ ਕੈਬਨਿਟ ਨੇ ਅਕਤੂਬਰ ’ਚ ਮਨਜ਼ੂਰੀ ਦੇ ਦਿਤੀ ਸੀ।