ਦੇਸ਼ ਭਰ ਦੇ ਰਾਜ ਭਵਨਾਂ ਦਾ ਨਾਂ ਹੋਵੇਗਾ ‘ਲੋਕ ਭਵਨ’
ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਦਫ਼ਤਰ ਦਾ ਨਾਂ ਬਦਲ ਕੇ ਸੇਵਾ ਤੀਰਥ ਕਰ ਦਿੱਤਾ ਹੈ। ਦੇਸ਼ ਭਰ ਦੇ ਰਾਜ ਭਵਨ ਦਾ ਨਾਂ ਹੁਣ ਲੋਕ ਭਵਨ ਹੋਵੇਗਾ। ਇਸ ਤੋਂ ਇਲਾਵਾ ਕੇਂਦਰੀ ਸਕੱਤਰੇਤ ਨੂੰ ਕਰਤੱਵ ਭਵਨ ਦੇ ਨਾਂ ਨਾਲ ਜਾਣਿਆ ਜਾਵੇਗਾ। ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ । ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨੇ ਕਿਹਾ ਕਿ ਸਾਰੇ ਜਨਤਕ ਸੰਸਥਾਵਾਂ ਵਿੱਚ ਵੱਡਾ ਬਦਲਾਅ ਆ ਰਿਹਾ ਹੈ। ਅਸੀਂ ਸੱਤਾ ਤੋਂ ਸੇਵਾ ਵੱਲ ਵਧ ਰਹੇ ਹਾਂ। ਇਹ ਬਦਲਾਅ ਪ੍ਰਸ਼ਾਸਨਿਕ ਨਹੀਂ, ਸਭਿਆਚਾਰਕ ਹੈ।
ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਰਾਜਪਥ ਦਾ ਨਾਂ ਬਦਲ ਕੇ ਕਰਤੱਵ ਪਥ ਕੀਤਾ ਸੀ। ਪੀਐੱਮ ਦਾ ਅਧਿਕਾਰਕ ਨਿਵਾਸ ਪਹਿਲਾਂ ਰੇਸ ਕੋਰਸ ਰੋਡ ਕਿਹਾ ਜਾਂਦਾ ਸੀ, ਜਿਸ ਨੂੰ 2016 ਵਿੱਚ ਬਦਲ ਕੇ ਲੋਕ ਕਲਿਆਣ ਮਾਰਗ ਕਰ ਦਿੱਤਾ ਗਿਆ ਸੀ। ਕੇਂਦਰੀ ਗ੍ਰਹਿ ਮੰਤਰਾਲੇ ਨੇ ਪਿਛਲੇ ਸਾਲ ਰਾਜਪਾਲਾਂ ਦੇ ਸੰਮੇਲਨ ਵਿੱਚ ਹੋਈ ਇੱਕ ਚਰਚਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਰਾਜ ਭਵਨ ਨਾਂ ਗ਼ੁਲਾਮੀ ਵਾਲੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਇਸ ਲਈ ਰਾਜਪਾਲਾਂ ਤੇ ਉਪ-ਰਾਜਪਾਲਾਂ ਦੇ ਦਫ਼ਤਰਾਂ ਨੂੰ ਹੁਣ ਲੋਕ ਭਵਨ ਤੇ ਲੋਕ ਨਿਵਾਸ ਦੇ ਨਾਂ ਨਾਲ ਜਾਣਿਆ ਜਾਵੇਗਾ।
