
ਰਾਫੇਲ ਨੂੰ ਲੈ ਕੇ ਕਾਂਗਰਸ ਅਤੇ ਭਾਜਪਾ ਵਿਚਕਾਰ ਛਿੜੀ ਸ਼ਬਦੀ ਜੰਗ ਹੁਣ ਲੋਕ ਸਭਾ ਤੋਂ ਬਾਅਦ ਟਵਿੱਟਰ 'ਤੇ ਵੀ ਪਹੁੰਚ ਗਈ ਹੈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ....
ਜਲੰਧਰ : ਰਾਫੇਲ ਨੂੰ ਲੈ ਕੇ ਕਾਂਗਰਸ ਅਤੇ ਭਾਜਪਾ ਵਿਚਕਾਰ ਛਿੜੀ ਸ਼ਬਦੀ ਜੰਗ ਹੁਣ ਲੋਕ ਸਭਾ ਤੋਂ ਬਾਅਦ ਟਵਿੱਟਰ 'ਤੇ ਵੀ ਪਹੁੰਚ ਗਈ ਹੈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵਿੱਟਰ 'ਤੇ ਕੁੱਝ ਸਵਾਲ ਕਰਦਿਆਂ ਪੰਜਾਬ ਵਿਚ ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਬੇਨਤੀ ਕੀਤੀ ਹੈ ਕਿ ਕ੍ਰਿਪਾ ਕਰਕੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਲਈ ਆਖਣ। ਰਾਹੁਲ ਨੇ ਅਪਣੇ ਵਲੋਂ ਜਿਹੜੇ ਚਾਰ ਸਵਾਲ ਟਵੀਟ ਕੀਤੇ ਹਨ, ਉਹ ਇਸ ਤਰ੍ਹਾਂ ਹਨ :-
ਪਹਿਲਾ ਸਵਾਲ: 126 ਜਹਾਜ਼ਾਂ ਬਦਲੇ ਹਵਾਈ ਫ਼ੌਜ ਨੂੰ 36 ਜਹਾਜ਼ ਕਿਉਂ ਚਾਹੀਦੇ ਹਨ?
ਦੂਜਾ ਸਵਾਲ : 560 ਕਰੋੜ ਰੁਪਏ ਪ੍ਰਤੀ ਜਹਾਜ਼ ਦੇ ਬਦਲੇ 1600 ਕਰੋੜ ਕਿਉਂ?
ਤੀਜਾ ਸਵਾਲ : ਮੋਦੀ ਜੀ, ਕ੍ਰਿਪਾ ਕਰਕੇ ਸਾਨੂੰ ਦੱਸੋ ਕਿ ਪਰਿਕਰ ਜੀ ਅਪਣੇ ਬੈੱਡਰੂਮ ਵਿਚ ਰਾਫੇਲ ਫਾਈਲ ਕਿਉਂ ਰੱਖਦੇ ਹਨ ਅਤੇ ਉਸ ਵਿਚ ਕੀ ਹੈ?
ਚੌਥਾ ਸਵਾਲ : ਐਚਏਐਲ ਦੀ ਬਜਾਏ ਏਏ ਕਿਉਂ?
Rafel
ਉਨ੍ਹਾਂ ਨੇ ਕਿਹਾ ਕਿ ਅਜਿਹਾ ਲਗਦਾ ਹੈ ਕਿ ਪ੍ਰਧਾਨ ਮੰਤਰੀ ਸੰਸਦ ਅਤੇ ਅਪਣੀ ਖ਼ੁਦ ਦੀ ਖੁੱਲ੍ਹੀ ਕਿਤਾਬ ਰਾਫੇਲ ਪ੍ਰੀਖਿਆ ਤੋਂ ਭੱਜ ਗਏ ਹਨ ਅਤੇ ਇਸ ਦੀ ਬਜਾਏ ਲਵਲੀ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਨੂੰ ਭਾਸ਼ਣ ਦੇ ਰਹੇ ਹਨ। ਦਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਦੇ ਦੌਰੇ 'ਤੇ ਹਨ, ਜਿਸ ਦੌਰਾਨ ਉਨ੍ਹਾਂ ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਵੀ ਸੰਬੋਧਨ ਕੀਤਾ। ਇਸੇ ਲਈ ਰਾਹੁਲ ਗਾਂਧੀ ਨੇ ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਬੇਨਤੀ ਕੀਤੀ ਕਿ ਉਹ ਪੀਐਮ ਮੋਦੀ ਕੋਲੋਂ ਮੇਰੇ ਵਲੋਂ ਦਰਸਾਏ ਗਏ ਚਾਰ ਸਵਾਲਾਂ ਦੇ ਉਤਰ ਦੇਣ ਲਈ ਆਖਣ। ਲੋਕ ਸਭਾ ਵਿਚ ਰਾਫੇਲ 'ਤੇ ਗਰਮਾ ਗਰਮੀ ਹੋਣ ਤੋਂ ਬਾਅਦ ਰਾਫੇਲ ਦਾ ਮੁੱਦਾ ਕਾਫ਼ੀ ਗਰਮਾ ਗਿਆ ਹੈ।